ਅੱਗ ਦੀ ਉੰਗਲ ਨਾਲ ਲਿਖੇ ਅੱਖਰ

ਪਹਿਲੀ ਕਵਿਤਾ ਮੈਂ ਧਰਤੀ ਦੇ ਕਾਗਦ ਉੱਤੇ ਲਿਖੀ। ਪਹਿਲੀ ਕਵਿਤਾ ਮੇਰੀ ਮਾਂ ਨੇ ਪੜ੍ਹੀ ਭਾਵੇਂ ਉਹ ਅਨਪੜ੍ਹ ਸੀ। ਸਿਆਲਾਂ ਵਿਚ ਤਿਰਕਾਲਾਂ ਵੇਲੇ, ਚੁੱਲ੍ਹੇ ਦੁਆਲੇ ਟੱਬਰ ਬੈਠਦਾ; ਤਵੇ ਉੱਤੇ ਮੱਕੀ ਦੀ ਰੋਟੀ ਪਕਦੀ, ਚੁੱਲ੍ਹੇ ਮੂਹਰੇ ਧੁਖਦੇ ਗੋਹਿਆਂ ਉੱਤੇ ਸਾਗ ਦੀ ਤੌੜੀ ਰਿਝਦੀ ਤੇ ਮੈਂ ਕੋਸੀ ਕੋਸੀ ਸੁਆਹ ਵਿਛਾ ਕੇ ਅੱਖਰ ਪਾਉਣ ਲੱਗ ਜਾਂਦਾ। ਕਦੇ ਕਦੇ ਕੋਈ ਅੱਗ ਦਾ ਫਲੂਹਾ ਵੀ ਮੇਰੇ ਅੱਖਰਾਂ ਵਿਚ ਰਲ ਜਾਂਦਾ ਤੇ ਬਲਦੀਆਂ ਛਿਟੀਆ ਦੀ ਤਿੜਤਿੜ, ਸਾਗ-ਤੌੜੀ ਦੀ ਗੜਬੜ ਗੜਬੜ ਤੇ ਰੋਟੀਆਂ ਥਪਦੀ ਮਾਂ ਦੀ ਥਪਥਪ ਵੀ ਮੇਰੀ ਉਂਗਲ ਨੂੰ ਤਾਲ ਦਿੰਦੀ।

ਮੈਂ ਕੀ ਲਿਖਦਾ ਸੀ, ਓਦੋਂ ਪਤਾ ਨਹੀਂ ਸੀ ਹੁਣ ਯਾਦ ਨਹੀਂ ਹੈ: ਪੈਂਤੀ ਸੀ, ਮੁਹਾਰਨੀ ਸੀ ਜਾਂ ਸਿਰਫ ਘੀਚਮਚੋਲੀਆਂ। ਪਰ ਇੰਨ ਬਿੰਨ ਯਾਦ ਹੈ ਮੈਨੂੰ ਮਾਂ ਦਾ ਚਿਹਰਾ: ਸ਼ਾਂਤ, ਸੰਤੋਖ ਤੇ ਸਬਰ ਨਾਲ ਭਰਪੂਰ।

ਮਾਂ ਅਨਪੜ ਸੀ, ਪਰ ਓਦੋਂ ਮੈਨੂੰ ਯਕੀਨ ਸੀ ਕਿ ਉਹ ਕੋਸੀ ਸੁਆਹ ਉੱਤੇ ਮੇਰਾ ਵਾਹਿਆ ਅੱਖਰ ਅੱਖਰ ਉਠਾ ਲੈਂਦੀ ਸੀ। ਕਦੇ ਕਦੇ ਉਹ ਪੜ੍ਹਦੀ ਪੜ੍ਹਦੀ ਸਹਿਜ ਭਾਅ ਆਪਣੀ ਚੀਚੀ ਨਾਲ ਮੇਰੇ ਮੱਥੇ ਉੱਤੇ ਸੁਆਹ ਦਾ ਟਿੱਕਾ ਲਾ ਦਿੰਦੀ ਤੇ ਕਹਿੰਦੀ: ਵਾਹਗੁਰੂ ਸੁੱਖ ਰੱਖੀਂ।

ਕਦੇ ਕਦੇ ਅੱਖਰਾਂ ਵਿਚ ਗੁਆਚੀ ਉਹ ਰੋਟੀ ਥੱਲਣੀ ਭੁੱਲ ਜਾਂਦੀ। ਤੇ ਲਿਖਦੇ ਲਿਖਦੇ ਜਦੋਂ ਮੇਰੀ ਉਂਗਲ ਵਿਚੋਂ ਲਹੂ ਸਿੰਮਣ ਲੱਗ ਜਾਂਦਾ ਮਾਂ ਉਸ ਉੱਤੇ ਪਾਣੀ ਵੱਤੀ ਤਾਂ ਬੰਨ੍ਹ ਦਿੰਦੀ ਪਰ ਮੈਨੂੰ ਲਿਖਣੋਂ ਨਾ ਹਟਾਉਂਦੀ।

ਮਾਂ ਉਹਨਾਂ ਅੱਖਰਾਂ ਵਿਚੋਂ ਕੀ ਪੜ੍ਹਦੀ ਸੀ? ਪਾਠਕ ਕਿਸੇ ਕਵਿਤਾ ਵਿਚੋਂ ਕੀ ਪੜ੍ਹਦਾ ਹੈ? ਇਸ ਰਹੱਸ ਨੂੰ ਕੋਈ ਵੀ ਸੰਚਾਰ ਸ਼ਾਸਤਰ ਨਹੀਂ ਖੋਲ੍ਹ ਸਕਦਾ; ਅਸੀਂ ਤਾਂ ਸ਼ਾਇਦ ਏਨਾ ਕੁ ਵੇਖ ਸਕਦੇ ਹਾਂ ਕਿ ਕਵਿਤਾ ਪੜ੍ਹ ਕੇ ਕੋਈ ਚਿਹਰਾ ਜਗਿਆ ਹੈ ਜਾ ਸੰਗ ਨਾਲ ਸੂਹਾ ਹੋਇਆ ਹੈ ਜਾਂ ਕ੍ਰੋਧ ਨਾਲ ਲਾਲ ਜਾਂ ਉਦਾਸੀ ਨਾਲ ਸਾਂਵਲਾ।

ਹੁਣ ਮੈਂ ਪੜ੍ਹ ਲਿਖ ਗਿਆ ਹਾਂ ਤੇ ਪੜਿਆਂ ਲਿਖਿਆਂ ਲਈ ਲਿਖਦਾ ਹਾਂæ ਪੜ੍ਹੇ ਲਿਖੇ ਕਵਿਤਾ ਦੇ ਅਰਥ ਕਰਦੇ ਹਨ ਉਸਦੇ ਅਹਿਸਾਸ ਵਿਚ ਪੰਘਰਦੇ ਨਹੀਂ।

ਓਹੋ ਜਿਹੀ ਕਵਿਤਾ ਮੈਂ ਫੇਰ ਨਹੀਂ ਲਿਖ ਸਕਿਆ ਜਿਸਨੂੰ ਮੇਰੀ ਮਾ ਵਰਗੇ ਅਨਪੜ੍ਹ ਪੜ੍ਹ ਸਕਣ। ਫੇਰ ਵੀ ਕਦੇ ਕਦੇ ਕੋਈ ਪੰਕਤੀ ਲਿਖਣ ਵੇਲੇ ਮੇਰੇ ਮੱਥੇ ਵਿਚ ਮਾਂ ਦਾ ਲਾਇਆ ਸੁਆਹ ਦਾ ਟਿੱਕਾ ਸੁਲਘਣ ਲੱਗ ਜਾਂਦਾ ਹੈ। ਉਹ ਪੰਕਤੀ ਸ਼ਾਇਦ ਅੱਗ ਆਪਣੀ ਉੰਗਲ ਲਿਖਦੀ ਹੈ।

ਲੀਲਾ ਵਿੱਚੋਂ

ਨਵਤੇਜ ਭਾਰਤੀ