ਜੂੜੇ ਸੂਈਆਂ ਮੱਥੇ ਟਿੱਕਾ

ਕੋਕਰੂਆਂ ਦੀ ਜੋੜੀ ਦਾ

ਕੰਗਣ ਬਿਛੂਏ ਵੇਚਣ ਵਾਲਾ

ਦਰ ਤੋਂ ਨਹੀੳਂ ਮੋੜੀਦਾ

ਸੂਹੀ ਬਿੰਦੀ ਲੌਂਗ ਪਿਆਰਾ

ਚਾਵਾਂ ਦਾ ਸੰਧੂਰ ਬੜਾ

ਵੀਣੀ ਵੰਗਾਂ ਵਾਲਾ ਸੁਪਨਾ

ਜਲਦੀ ਨਹੀੳਂ ਤੋੜੀਦਾ

ਸੱਗੀ ਫੁੱਲਾਂ ਵਾਲੀ ਉਮਰਾ

ਸੋਹਣੀ ਵਾਂਗ ਪਰਾਂਦੀ ਦੇ

ਗਿੱਲੇ ਕੇਸੋਂ ਚੁੰਨੀ ਪਾ ਕੇ

ਪਾਣੀ ਕਿਵੇਂ ਨਚੋੜੀਦਾ

ਹੱਸਦਾ ਏ ਦੰਦਾਸਾ ਤੇਰਾ

ਪਿੱਛੇ ਮੁੜਕੇ ਤੱਕੇਂ ਤੂੰ

ਧੌਣ ਸੁਰਾਹੀ ਨੂੰ ਵੀ ਐਵੇਂ

ਬਹੁਤਾ ਨਹੀਂ ਮਰੋੜੀਦਾ

ਕੱਲੀ ਕੱਲੀ ਸੇਹਲੀ ਮਟਕੇ

ਪੰਜ ਤਾਰਾ ਵੀ ਖੁਣਿਆਂ ਤੂੰ

ਪੂੰਛਾਂ ਵਾਲਾ ਸੁਰਮਾ ਐਵੇਂ

ਰੋ ਕੇ ਨਹੀੳਂ ਰੋੜ੍ਹੀਦਾ

ਚੀਚੀ ਛੱਲਾ ਨਾਲੇ ਮੁੰਦਰੀ

ਸੁੱਚੇ ਮੋਤੀ ਗਾਨੀ ਦੇ

ਲਾਰੇ ਵਾਲੇ ਮਹਿਰਮ ਕੋਲੋਂ

ਬਹੁਤਾ ਕੁਝ ਨੀ ਲੋੜੀਦਾ

ਵਲ਼ਾਂ ਭਰੀਣਾ ਘੱਗਰਾ ਤੇਰਾ

ਬੋਰ ਪੰਜੇਬੋਂ ਛਣਕ ਰਹੇ

ਮਾਰੇਂ ਅੱਡੀ ਧਰਤੀ ਉੱਤੇ

ਅੰਬਰ ਨਹੀਂ ਝੰਜੋੜੀਦਾ

ਕਹਿਕਸ਼ਾਂ ਦੇ ਰੰਗੋਂ ਰੰਗੀ

ਸਿਰ ਤੇਰੇ ਫ਼ੁਲਕਾਰੀ ਜੋ

ਇਸ਼ਕੋਂ ਮਹਿੰਦੀ ਗਿੱਲੀ ਹੋਵੇ

ਤਲੀਆਂ ਨੂੰ ਨਹੀਂ ਜੋੜੀਦਾ

ਰੇਸ਼ਮ ਪੱਟ ਸਵਾਇਆ ਮਹਿੰਗਾ

ਜੁੱਤੀ ਤਿੱਲਾ ਘੁੰਗਰੂ ਨੇ

ਸ਼ੌਂਕਣ ਸਗਲੀ ਚਾਂਦੀ ਵਾਲੀ

ਨਖ਼ਰਾ ਲੱਖ ਕਰੋੜੀ ਦਾ

ਜ਼ੁਲਫਾਂ ਕੁੰਡਲ ਨਾਗਾਂ ਬੱਚੇ

ਨੈਣ ਨਸ਼ੀਲੇ ਡੱਸੇ ਕਿਉਂ

ਰੂਪ ਕੁਆਰਾ ਸੱਜਿਆ ਹੋਵੇ

ਸੰਗੋਂ ਸ਼ਰਮੋਂ ੳੜੀਦਾ

ਸ਼ਿਵ ਰਾਜ ਲੁਧਿਆਣਵੀ