ਹੁੰਮਸ-ਭਰੀ, ਦਮ-ਘੋਟੂ ਦੁਪਹਿਰ….। ਆਸਮਾਨ ਤੇ ਇੱਕ ਬੱਦਲੀ ਤੱਕ ਨਹੀਂ … । ਧੁੱਪੇ ਭੁੱਜੀ ਹੋਈ ਘਾਹ ਨਿਰਾਸ, ਮਾਯੂਸ ਵਿਖਾਈ ਦੇ ਰਹੀ ਹੈ, ਜਿਵੇਂ ਜੇ ਕਰ ਮੀਂਹ ਵੀ ਪੈ ਜਾਵੇ ਤੱਦ ਵੀ ਇਹ ਹਰੀ ਭਰੀ ਨਹੀਂ ਹੋ ਸਕੇਗੀ। ਜੰਗਲ ਖ਼ਾਮੋਸ਼, ਅਹਿੱਲ ਖੜਾ ਹੈ, ਜਿਵੇਂ ਰੁੱਖਾਂ ਦੀਆਂ ਟੀਸੀਆਂ ਰਾਹੀਂ ਕਿਸੇ ਦੀ ਰਾਹ ਤੱਕ ਰਿਹਾ ਹੋਵੇ, ਜਾਂ ਉਸ ਨੂੰ ਕਿਸੇ ਗੱਲ ਦੀ ਉਮੀਦ ਹੋਵੇ।

ਮੈਦਾਨ ਦੇ ਕਿਨਾਰੇ ਉੱਤੇ ਇੱਕ ਲੰਮਾ, ਤੰਗ ਮੋਢਿਆਂ ਵਾਲਾ ਮਰਦ, ਜਿਸਦੀ ਉਮਰ ਚਾਲੀਆਂ ਦੇ ਨੇੜ ਹੋਵੇਗੀ, ਜਿਸਨੇ ਲਾਲ ਕਮੀਜ਼ ਅਤੇ ਟਾਕੀਆਂ ਲੱਗੀ ਪਤਲੂਨ ਪਹਿਨ ਰੱਖੀ ਸੀ ਜੋ ਕਿਸੇ ਜ਼ਮਾਨੇ ਵਿੱਚ ਕਿਸੇ ਜ਼ਿੰਮੀਦਾਰ ਦੀ ਹੋਵੇਗੀ। ਉਸ ਦੇ ਪੈਰਾਂ ਵਿੱਚ ਲੰਬੇ ਬੂਟ ਸਨ ਅਤੇ ਉਹ ਸੁਸਤ ਚਾਲ ਲੜਖੜਾਉਂਦਾ ਹੋਇਆ ਚਲਿਆ ਜਾ ਰਿਹਾ ਸੀ। ਸੱਜੇ ਤਰਫ਼ ਹਰਿਆਲੀ ਸੀ, ਖੱਬੇ ਪੱਕੀ ਹੋਈ ਰਾਈ ਦਾ ਸੋਨੇ-ਰੰਗਾ ਸਾਗਰ ਜੋ ਦਿਸਹੱਦੇ ਤੱਕ ਫੈਲਿਆ ਸੀ। ਉਸ ਦਾ ਚਿਹਰਾ ਲਾਲ ਸੀ ਜਿਸ ਤੇ ਮੁੜ੍ਹਕਾ ਵਗ ਰਿਹਾ ਸੀ, ਉਸ ਦੇ ਖ਼ੂਬਸੂਰਤ ਭੂਰੇ ਸਿਰ ਉੱਤੇ ਚਿੱਟੀ ਟੋਪੀ ਟੌਅਰ ਨਾਲ ਲਹਿਰਾ ਰਹੀ ਸੀ, ਜਿਸ ਉੱਤੇ ਘੁੜਸਵਾਰਾਂ ਵਰਗੀ ਖੜੀ ਕਲਗੀ ਸੀ ਅਤੇ ਜੋ ਸਪਸ਼ਟ ਤੌਰ ਤੇ ਕਿਸੇ ਫ਼ਰਾਖ ਦਿਲ ਨੌਜਵਾਨ ਰਈਸ ਦਾ ਦਿੱਤਾ ਤੋਹਫ਼ਾ ਲੱਗਦੀ ਸੀ।

ਉਸ ਦੇ ਮੋਢਿਆਂ ਤੇ ਇੱਕ ਸ਼ਿਕਾਰੀਆਂ ਵਾਲਾ ਥੈਲਾ ਲਟਕ ਰਿਹਾ ਸੀ ਜਿਸ ਵਿੱਚ ਇੱਕ ਕਾਲਾ ਜੰਗਲੀ ਮੁਰਗ ਸੀ। ਆਦਮੀ ਨੇ ਹੱਥਾਂ ਵਿੱਚ ਦੋਨਾਲੀ ਬੰਦੂਕ ਫੜ ਰੱਖੀ ਸੀ। ਉਸਨੇ ਆਪਣੇ ਕੁੱਤੇ ਦੀ ਤਰਫ਼ ਅੱਖਾਂ ਸੁੰਗੇੜੀਆਂ ਜੋ ਇਸ ਵਲੋਂ ਅੱਗੇ ਅੱਗੇ ਝਾੜੀਆਂ ਸੁੰਘਦਾ ਚਲਾ ਜਾ ਰਿਹਾ ਸੀ। ਹਰ ਤਰਫ਼ ਚੁੱਪ ਚਾਂ ਸੀ, ਕਿਤੇ ਕੋਈ ਆਵਾਜ਼ ਨਹੀਂ… ਹਰ ਜ਼ਿੰਦਾ ਚੀਜ਼ ਗਰਮੀ ਤੋਂ ਡਰਦੀ ਲੁਕੀ ਹੋਈ ਸੀ।

“ਯੇਗੋਰ ਵਲਾਸਿਚ!” ਸ਼ਿਕਾਰੀ ਨੇ ਅਚਾਨਕ ਇੱਕ ਧੀਮੀ ਜਿਹੀ ਆਵਾਜ਼ ਸੁਣੀ। ਉਹ ਚੌਂਕ ਗਿਆ। ਘੁੰਮ ਕੇ ਵੇਖਿਆ ਤਾਂ ਉਸ ਦੀਆਂ ਤਿਉੜੀਆਂ ਚੜ੍ਹ ਗਈਆਂ। ਉਸ ਦੇ ਨੇੜ ਹੀ ਇੱਕ ਤੀਹ ਸਾਲਾ ਗੋਰੀ ਨਿਛੋਹ ਔਰਤ ਹੱਥ ਵਿੱਚ ਦਾਤਰੀ ਫੜੀਂ ਖੜੀ ਸੀ ਜਿਵੇਂ ਅਚਾਨਕ ਜ਼ਮੀਨ ਵਿੱਚੋਂ ਉਗ ਆਈ ਹੋਵੇ। ਉਹ ਉਸ ਦੇ ਚਿਹਰੇ ਦੀ ਤਰਫ਼ ਵੇਖਕੇ ਸ਼ਰਮਾਉਂਦੇ ਹੋਏ ਮੁਸਕਰਾ ਰਹੀ ਸੀ।

“ਓਹ, ਇਹ ਤੂੰ ਹੈਂ ਪੇਲਾਗੀਆ!” ਸ਼ਿਕਾਰੀ ਨੇ ਰੁਕਦੇ ਹੋਏ ਅਤੇ ਜਾਣ ਬੁੱਝ ਕੇ ਬੰਦੂਕ ਦਾ ਘੋੜਾ ਚੜਾਉਂਦੇ ਹੋਏ ਕਿਹਾ। ਹੂੰ … ਤੂੰ ਇੱਥੇ ਕਿਵੇਂ ਆਈ?”

“ਸਾਡੇ ਪਿੰਡ ਦੀਆਂ ਔਰਤਾਂ ਇੱਥੇ ਕੰਮ ਕਰ ਰਹੀਆਂ ਹਨ, ਮੈਂ ਉਨ੍ਹਾਂ ਦੇ ਨਾਲ ਆਈ ਹਾਂ …ਮਜ਼ਦੂਰੀ ਕਰਨ, ਯੇਗੋਰ ਵਲਾਸਿਚ।”

“ਓ…” ਯੇਗੋਰ ਵਲਾਸਿਚ ਨੇ ਕਿਹਾ ਅਤੇ ਆਹਿਸਤਾ ਚੱਲਣਾ ਸ਼ੁਰੂ ਕਰ ਦਿੱਤਾ।

ਪੇਲਾਗੀਆ ਉਸ ਦੇ ਪਿੱਛੇ ਪਿੱਛੇ ਚੱਲ ਪਈ। ਉਹ ਵੀਹ ਕ਼ਦਮ ਖ਼ਾਮੋਸ਼ੀ ਨਾਲ ਚਲਦੇ ਗਏ।

“ਤੁਹਾਨੂੰ ਵੇਖੇ ਅਰਸਾ ਹੋ ਗਿਆ, ਯੇਗੋਰ ਵਲਾਸਿਚ…,” ਪੇਲਾਗੀਆ ਨੇ ਸ਼ਿਕਾਰੀ ਦੇ ਹਿਲਦੇ ਹੋਏ ਮੋਢਿਆਂ ਦੀ ਤਰਫ਼ ਵੇਖਦੇ ਹੋਏ ਕਿਹਾ। “ਮੈਂ ਤੁਹਾਨੂੰ ਉਸ ਵਕਤ ਤੋਂ ਨਹੀਂ ਵੇਖਿਆ ਜਦੋਂ ਤੁਸੀਂ ਈਸਟਰ ਦੇ ਦਿਨ ਸਾਡੀ ਝੁੱਗੀ ਵਿੱਚ ਪਾਣੀ ਪੀਣ ਆਏ ਸੀ… ਤੁਸੀਂ ਈਸਟਰ ਦੇ ਦਿਨ ਇੱਕ ਪਲ ਲਈ ਆਏ ਅਤੇ ਫਿਰ ਖ਼ੁਦਾ ਜਾਣਦਾ ਹੈ ਕਿਵੇਂ … ਨਸ਼ੇ ਵਿੱਚ … ਤੁਸੀਂ ਮੈਨੂੰ ਡਾਂਟਿਆ ਅਤੇ ਮਾਰਿਆ ਪਿੱਟਿਆ, ਅਤੇ ਫਿਰ ਚੱਲਦੇ ਬਣੇ … ਮੈਂ ਇੰਤਜ਼ਾਰ ਕਰਦੀ ਰਹੀ, ਇੰਤਜ਼ਾਰ ਕਰਦੀ ਰਹੀ … ਤੁਹਾਡੀ ਰਾਹ ਤਕਦੇ ਤਕਦੇ ਮੇਰੀਆਂ ਅੱਖਾਂ ਥੱਕ ਗਈਆਂ। ਆਹ, ਯੇਗੋਰ ਵਲਾਸਿਚ ਤੁਸੀਂ ਇੱਕ – ਵਾਰ ਤਾਂ ਆਕੇ ਵੇਖ ਲੈਂਦੇ!”

“ਮੇਰੇ ਲਈ ਉੱਥੇ ਕੀ ਧਰਿਆ ਪਿਆ ਹੈ?”

“ਤੁਹਾਡੇ ਲਈ ਉੱਥੇ ਬਿਲਕੁਲ ਕੁੱਝ ਨਹੀਂ ਧਰਿਆ … ਲੇਕਿਨ ਫਿਰ ਵੀ … ਉੱਥੇ ਇੱਕ ਜਗ੍ਹਾ ਹੈ ਜਿਸਦੀ ਦੇਖਭਾਲ ਕਰਨੀ ਹੈ … ਇਹ ਵੇਖਣਾ ਹੈ ਕਿ ਕੀ ਹਾਲਾਤ ਹਨ … ਤੁਸੀਂ ਮਾਲਿਕ ਹੋ… ਮੈਂ ਕਹਿੰਦੀ ਹਾਂ, ਤੁਸੀਂ ਇੱਕ ਕਾਲ਼ਾ ਮੁਰਗ ਮਾਰਿਆ ਹੈ, ਯੇਗੋਰ ਵਲਾਸਿਚ। ਤੁਸੀਂ ਬੈਠ ਕੇ ਥੋੜ੍ਹਾ ਆਰਾਮ ਹੀ ਕਰ ਲਵੋ।“

ਇਹ ਕਹਿੰਦੇ ਹੋਏ ਪੇਲਾਗੀਆ ਕਿਸੇ ਅੱਲੜ੍ਹ ਕੁੜੀ ਦੀ ਤਰ੍ਹਾਂ ਹਸ ਪਈ। ਉਸ ਦਾ ਚਿਹਰਾ ਖੁਸ਼ੀ ਨਾਲ ਤਮਤਮਾ ਰਿਹਾ ਸੀ। ਉਸਨੇ ਯੇਗੋਰ ਦੀ ਤਰਫ਼ ਵੇਖਿਆ।

“ਬੈਠ ਜਾਂਵਾਂ? ਚੱਲ, ਜੇਕਰ ਤੂੰ ਚਾਹੇਂ …” ਯੇਗੋਰ ਨੇ ਲਾਪਰਵਾਹ ਜਿਹੇ ਅੰਦਾਜ਼ ਨਾਲ ਕਿਹਾ, ਅਤੇ ਫ਼ੱਰ ਦੇ ਦੋ ਦਰਖਤਾਂ ਦੇ ਹੇਠਾਂ ਇੱਕ ਜਗ੍ਹਾ ਚੁਣ ਕੇ ਬੈਠ ਗਿਆ। “ਤੂੰ ਕਿਉਂ ਖੜੀ ਹੈਂ? ਤੂੰ ਵੀ ਬੈਠ ਜਾ।”

ਪੇਲਾਗੀਆ ਥੋੜ੍ਹਾ ਜਿਹਾ ਹੱਟ ਕੇ ਧੁੱਪੇ ਬੈਠ ਗਈ। ਆਪਣੀ ਖੁਸ਼ੀ ਨਾਲ ਸ਼ਰਮਸਾਰ, ਉਸਨੇ ਆਪਣੀਆਂ ਮੁਸਕਰਾਂਦੀਆਂ ਹੋਈਆਂ ਬੁੱਲ੍ਹੀਆਂ ਉੱਤੇ ਹੱਥ ਰੱਖ ਲਿਆ। ਦੋ ਮਿੰਟ ਖ਼ਾਮੋਸ਼ੀ ਨਾਲ ਲੰਘ ਗਏ।

“ਤੁਸੀਂ ਇੱਕ ਵਾਰ ਤਾਂ ਆ ਸਕਦੇ ਹੋ,” ਪੇਲਾਗੀਆ ਨੇ ਕਿਹਾ।

“ਕਿਸ ਲਈ?” ਯੇਗੋਰ ਨੇ ਗਹਿਰੀ ਸਾਹ ਲੈਂਦੇ ਹੋਏ ਕਿਹਾ। ਟੋਪੀ ਉਤਾਰ ਕੇ ਉਸਨੇ ਹੱਥ ਨਾਲ ਆਪਣਾ ਲਾਲ ਮੱਥਾ ਪੂੰਝਿਆ। ਮੇਰੇ ਆਉਣ ਦਾ ਕੋਈ ਫਾਇਦਾ ਨਹੀਂ ਹੈ। ਇੱਕ ਦੋ ਘੰਟਿਆਂ ਲਈ ਆਉਣ ਨਾਲ ਵਕਤ ਹੀ ਬਰਬਾਦ ਹੋਵੇਗਾ। ਇਸ ਨਾਲ ਤੂੰ ਖ਼ੁਦ ਵੀ ਦੁਖੀ ਹੋਵੇਂਗੀ, ਅਤੇ ਪਿੰਡ ਵਿੱਚ ਸਦਾ ਵਾਸਤੇ ਰਹਿਣਾ ਮੇਰੀ ਰੂਹ ਨੂੰ ਸਹਿਣ ਨਹੀਂ ਕਰ ਸਕੇਗੀ… ਤੂੰ ਖ਼ੁਦ ਜਾਣਦੀ ਹੋ ਕਿ ਮੈਂ ਲਾਡਲਾ ਹਾਂ… ਮੈਨੂੰ ਸੌਣ ਲਈ ਬਿਸਤਰਾ ਚਾਹੀਦਾ ਹੈ, ਪੀਣ ਲਈ ਵਧੀਆ ਚਾਹ, ਬੋਲਣ ਲਈ ਚੰਗੀ ਗੱਲਬਾਤ ਕਰਨ ਵਾਲੇ… ਮੈਨੂੰ ਇਹ ਸਾਰੀਆਂ ਵਧੀਆ ਚੀਜ਼ਾਂ ਚਾਹੀਦੀਆਂ, ਜਦੋਂ ਕਿ ਤੂੰ ਪਿੰਡ ਵਿੱਚ ਗ਼ੁਰਬਤ ਅਤੇ ਗੰਦ ਵਿੱਚ ਰਹਿੰਦੀ ਹੈਂ… ਮੈਂ ਇਹ ਕੁਝ ਇੱਕ ਦਿਨ ਲਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਫ਼ਰਜ਼ ਕਰੋ ਅਜਿਹਾ ਕੋਈ ਹੁਕਮਨਾਮਾ ਜਾਰੀ ਹੋ ਜਾਵੇ ਕਿ ਮੈਨੂੰ ਹਰ ਹਾਲ ਤੇਰੇ ਨਾਲ ਹੀ ਰਹਿਣਾ ਪਏ, ਤਾਂ ਮੈਂ ਜਾਂ ਤਾਂ ਝੁੱਗੀ ਨੂੰ ਅੱਗ ਲਗਾ ਦੇਵਾਂਗਾ, ਜਾਂ ਖ਼ੁਦ ਨੂੰ ਕੁੱਝ ਕਰ ਬੈਠਾਂਗਾ। ਬਚਪਨ ਤੋਂ ਹੀ ਮੈਨੂੰ ਅਜਿਹੀਆਂ ਸਹੂਲਤਾਂ ਨਾਲ ਪਿਆਰ ਸੀ, ਹੁਣ ਇਸ ਦਾ ਕੁੱਝ ਨਹੀਂ ਹੋ ਸਕਦਾ।”

“ਤੁਸੀਂ ਕਿੱਥੇ ਰਹਿ ਰਹੇ ਹੋ?”

“ਇੱਥੇ ਦੇ ਜ਼ਿਮੀਦਾਰ ਦਮਿਤਰੀ ਇਵਾਨਿਚ ਦੇ ਨਾਲ, ਸ਼ਿਕਾਰੀ ਦੇ ਤੌਰ ਤੇ। ਮੈਂ ਉਸ ਦੇ ਖਾਣੇ ਦੀ ਮੇਜ਼ ਲਈ ਸ਼ਿਕਾਰ ਮਾਰ ਕੇ ਲਿਆਂਦਾ ਹਾਂ, ਲੇਕਿਨ ਉਸਨੇ ਮੈਨੂੰ… ਕਿਸੇ ਹੋਰ ਚੀਜ਼ ਨਾਲੋਂ ਜ਼ਿਆਦਾ ਮੈਨੂੰ ਆਪਣੀ ਤਫ਼ਰੀਹ ਲਈ ਰੱਖਿਆ ਹੋਇਆ ਹੈ।”

“ਤੁਸੀਂ ਕੋਈ ਅੱਛਾ ਕੰਮ ਨਹੀਂ ਕਰ ਰਹੇ, ਯੇਗੋਰ ਵਲਾਸਿਚ… ਦੂਜੇ ਲੋਕਾਂ ਲਈ ਸ਼ਿਕਾਰ ਸ਼ੌਕ ਹੋਵੇਂਗਾ, ਲੇਕਿਨ ਤੁਹਾਡੇ ਲਈ ਕੰਮ ਹੈ… ਜਿਵੇਂ ਮਜ਼ਦੂਰੀ।”

“ਤੂੰ ਨਹੀਂ ਸਮਝਦੀ, ਬੇਵਕੂਫ,” ਯੇਗੋਰ ਨੇ ਅਸਮਾਨ ਦੀ ਤਰਫ਼ ਨਿਰਾਸ਼ਾ ਨਾਲ ਵੇਖਦੇ ਹੋਏ ਕਿਹਾ। “ਤੂੰ ਕਦੇ ਵੀ ਨਹੀਂ ਸਮਝਿਆ, ਅਤੇ ਜਦੋਂ ਤੱਕ ਤੂੰ ਜ਼ਿੰਦਾ ਹੈਂ, ਕਦੇ ਸਮਝ ਨਹੀਂ ਸਕੇਂਗੀ ਕਿ ਮੈਂ ਕਿਸ ਕਿਸਮ ਦਾ ਇਨਸਾਨ ਹਾਂ… ਤੂੰ ਮੈਨੂੰ ਬੁੱਧੂ ਸਮਝਦੀ ਹੈਂ, ਜੋ ਗ਼ਲਤ ਰਾਹ ਪੈ ਗਿਆ ਹੈ, ਲੇਕਿਨ ਜੋ ਕੋਈ ਵੀ ਮੈਨੂੰ ਸਮਝਦਾ ਹੈ, ਉਹ ਮੈਨੂੰ ਪੂਰੇ ਜ਼ਿਲੇ ਵਿੱਚ ਸਭ ਤੋਂ ਅੱਛਾ ਇਨਸਾਨ ਮੰਨਦਾ ਹੈ। ਜ਼ਿਮੀਦਾਰ ਵੀ ਇਹੀ ਮੰਨਦੇ ਹਨ, ਅਤੇ ਇਨ੍ਹਾਂ ਨੇ ਮੇਰੇ ਸੰਬੰਧ ਵਿੱਚ ਇੱਕ ਰਿਸਾਲੇ ਵਿੱਚ ਵੀ ਅਜਿਹਾ ਕੁਝ ਛਾਪ ਰੱਖ਼ਿਆ ਹੈ। ਕੋਈ ਸ਼ਿਕਾਰੀ ਕੋਈ ਮੇਰੀ ਟੱਕਰ ਦਾ ਨਹੀਂ… ਅਤੇ ਇਸ ਦੀ ਵਜ੍ਹਾ ਇਹ ਨਹੀਂ ਕਿ ਮੈਂ ਲਾਡਲਾ ਜਾਂ ਮਗ਼ਰੂਰ ਹਾਂ ਜਾਂ ਮੈਂ ਤੁਹਾਡੇ ਪਿੰਡ ਦੀ ਜਿੰਦਗੀ ਨੂੰ ਹਿਕਾਰਤ ਨਾਲ ਵੇਖਦਾ ਹਾਂ… ਤੂੰ ਜਾਣਦੀ ਹੈਂ ਕਿ ਬਚਪਨ ਤੋਂ ਹੀ ਮੈਨੂੰ ਬੰਦੂਕਾਂ ਅਤੇ ਕੁੱਤਿਆਂ ਦੇ ਇਲਾਵਾ ਕਿਸੇ ਹੋਰ ਚੀਜ਼ ਦਾ ਸ਼ੌਕ ਨਹੀਂ ਸੀ। ਜੇਕਰ ਕੋਈ ਮੇਰੀ ਬੰਦੂਕ ਮੇਰੇ ਤੋਂ ਲੈ ਲੈਂਦਾ ਤਾਂ ਮੈਂ ਮੱਛੀ ਫੜਨ ਕੁੰਡੀ ਲੈ ਕੇ ਨਿਕਲ ਜਾਂਦਾ, ਜੇਕਰ ਉਹ ਕੁੰਡੀ ਲੈ ਲੈਂਦੇ ਤਾਂ ਮੈਂ ਆਪਣੇ ਹੱਥਾਂ ਨਾਲ ਚੀਜ਼ਾਂ ਫੜਨ ਲੱਗਦਾ। ਅਤੇ ਮੈਂ ਘੋੜਿਆਂ ਦਾ ਵਪਾਰ ਕਰਦਾ ਰਿਹਾ, ਮੇਰੇ ਕੋਲ ਜਦੋਂ ਵੀ ਪੈਸੇ ਹੁੰਦੇ, ਮੈਂ ਮੇਲਿਆਂ ਤੇ ਚਲਾ ਜਾਂਦਾ, ਅਤੇ ਤੂੰ ਜਾਣਦੀ ਹੈਂ ਕਿ ਜੇਕਰ ਕੋਈ ਕਿਸਾਨ ਸ਼ਿਕਾਰੀ ਜਾਂ ਘੋੜਿਆਂ ਦਾ ਵਪਾਰੀ ਬਣ ਜਾਵੇ ਤਾਂ ਫਿਰ ਹੱਲ ਨੂੰ ਅਲਵਿਦਾ। ਜਦੋਂ ਕਿਸੇ ਆਦਮੀ ਵਿੱਚ ਅਜ਼ਾਦੀ ਦੀ ਹੋਇਆ ਸਮਾ ਜਾਵੇ ਤਾਂ ਤੂੰ ਉਸਨੂੰ ਉਸ ਦੇ ਅੰਦਰ ਤੋਂ ਕਦੇ ਵੀ ਨਹੀਂ ਕੱਢ ਸਕਦੀ। ਇਸੇ ਤਰ੍ਹਾਂ ਜੇਕਰ ਕੋਈ ਰਈਸ ਅਦਾਕਾਰੀ ਜਾਂ ਇਸੇ ਤਰ੍ਹਾਂ ਦੀ ਕੋਈ ਚੀਜ਼ ਸ਼ੁਰੂ ਕਰ ਦੇ ਤਾਂ ਫਿਰ ਉਹ ਕਦੇ ਵੀ ਕੋਈ ਅਫ਼ਸਰ ਜਾਂ ਜ਼ਿਮੀਦਾਰ ਨਹੀਂ ਰਹਿ ਸਕਦਾ। ਤੂੰ ਔਰਤ ਹੈਂ, ਤੂੰ ਨਹੀਂ ਸਮਝ ਸਕਦੀ, ਲੇਕਿਨ ਤੈਨੂੰ ਸਮਝਣਾ ਪਵੇਗਾ।”

“ਮੈਂ ਸਮਝਦੀ ਹਾਂ, ਯੇਗੋਰ ਵਲਾਸਿਚ।”

“ਜੇਕਰ ਤੂੰ ਰੋਣਾ ਸ਼ੁਰੂ ਕਰ ਦਿੱਤਾ ਹੈ ਤਾਂ ਤੂੰ ਨਹੀਂ ਸਮਝੀ…”

“ਮੈਂ ਰੋ ਨਹੀਂ ਰਹੀ…,” ਪੇਲਾਗੀਆ ਨੇ ਮੂੰਹ ਦੂਜੀ ਤਰਫ਼ ਮੋੜਦੇ ਹੋਏ ਕਿਹਾ। “ਇਹ ਗੁਨਾਹ ਹੈ, ਯੇਗੋਰ ਵਲਾਸਿਚ! ਤੁਸੀਂ ਮੇਰੇ ਨਸੀਬਾਂ ਮਾਰੀ ਦੇ ਨਾਲ ਸਿਰਫ ਇੱਕ ਦਿਨ ਤਾਂ ਗੁਜ਼ਾਰ ਸਕਦੇ ਹੋ। ਮੇਰੀ ਤੁਹਾਡੇ ਨਾਲ ਸ਼ਾਦੀ ਹੋਇਆਂ ਬਾਰਾਂ ਸਾਲ ਹੋ ਗਏ ਹਨ, ਤੇ… ਤੇ… ਸਾਡੇ ਦਰਮਿਆਨ ਕਦੇ ਵੀ ਮੁਹੱਬਤ ਨਹੀਂ ਰਹੀ! … ਮੈਂ… ਮੈਂ ਰੋ ਨਹੀਂ ਰਹੀ।“

“ਮੁਹੱਬਤ… ਯੇਗੋਰ ਆਪਣੇ ਹੱਥ ਤੇ ਖਾਜ ਕਰਦੇ ਹੋਏ ਬੜਬੜਾਇਆ। “ਮੁਹੱਬਤ ਹੋ ਹੀ ਨਹੀਂ ਸਕਦੀ। ਅਸੀਂ ਸਿਰਫ ਨਾਮ ਦੇ ਪਤੀ ਪਤਨੀ ਹਾਂ, ਹਕੀਕਤ ਵਿੱਚ ਨਹੀਂ। ਮੈਂ ਤੁਹਾਡੀ ਨਜ਼ਰ ਵਿੱਚ ਇੱਕ ਵਹਿਸ਼ੀ ਇਨਸਾਨ ਹਾਂ, ਅਤੇ ਮੇਰੇ ਨਜ਼ਦੀਕ ਤੂੰ ਇੱਕ ਸਰਲ ਸਿੱਧੀ ਪੇਂਡੂ ਔਰਤ ਹੈਂ, ਜਿਸਨੂੰ ਕਿਸੇ ਚੀਜ਼ ਦੀ ਸਮਝ ਨਹੀਂ। ਕੀ ਸਾਡਾ ਕੋਈ ਮੇਲ ਹੈ? ਮੈਂ ਇੱਕ ਆਜ਼ਾਦ, ਲਾਡਾਂ ਨਾਲ ਪਲਿਆ, ਐਸ਼ੀ ਆਦਮੀ ਹਾਂ। ਤੂੰ ਮਜ਼ਦੂਰ ਔਰਤ ਹੈਂ, ਜੋ ਛਾਲ ਦੇ ਜੁੱਤੇ ਪਹਿਨਣ ਵਾਲੀ ਅਤੇ ਜਿਸਦਾ ਲੱਕ ਹਮੇਸ਼ਾ ਦੂਹਰਾ ਰਹਿੰਦਾ ਹੈ। ਮੇਰਾ ਆਪਣੇ ਬਾਰੇ ਵਿੱਚ ਖਿਆਲ ਇਹ ਹੈ ਕਿ ਮੈਂ ਹਰ ਕਿਸਮ ਦੇ ਖੇਲ ਵਿੱਚ ਅੱਵਲ ਨੰਬਰ ਹਾਂ, ਅਤੇ ਤੂੰ ਮੈਨੂੰ ਰਹਿਮ ਦੀਆਂ ਨਜ਼ਰਾਂ ਨਾਲ ਵੇਖਦੀ ਹੈਂ… ਕੀ ਇਹ ਕੋਈ ਜੋੜ ਹੈ?”

“ਲੇਕਿਨ ਅਸੀਂ ਸ਼ਾਦੀਸ਼ੁਦਾ ਹਾਂ, ਯੇਗੋਰ ਵਲਾਸਿਚ,” ਪੇਲਾਗੀਆ ਨੇ ਹਿਚਕੀਆਂ ਲੈਂਦੇ ਹੋਏ ਕਿਹਾ।

“ਆਪਣੀ ਮਰਜ਼ੀ ਨਾਲ ਸ਼ਾਦੀਸ਼ੁਦਾ ਨਹੀਂ… ਤੂੰ ਭੁੱਲ ਗਈ ਹੈਂ? ਕਾਊਂਟ ਸਰਗਈ ਪਾਵਲੋਵਿਚ ਅਤੇ ਤੂੰ ਖ਼ੁਦ ਇਸ ਦੇ ਜ਼ਿੰਮੇਦਾਰ ਹੋ। ਸਿਰਫ ਇਸ ਵਜ੍ਹਾ ਨਾਲ ਕਿ ਮੇਰਾ ਨਿਸ਼ਾਨਾ ਉਸ ਨਾਲੋਂ ਬਿਹਤਰ ਸੀ, ਉਹ ਈਰਖਾ ਦੇ ਮਾਰੇ ਮੈਨੂੰ ਇੱਕ ਮਹੀਨੇ ਤੱਕ ਸ਼ਰਾਬ ਪਿਲਾਂਦਾ ਰਿਹਾ, ਅਤੇ ਜਦੋਂ ਕੋਈ ਸ਼ਖਸ ਨਸ਼ੇ ਵਿੱਚ ਧੁਤ ਹੋਵੇ ਤਾਂ ਤੁਸੀਂ ਉਸ ਦਾ ਧਰਮ ਤੱਕ ਤਬਦੀਲ ਕਰਵਾ ਸਕਦੇ ਹੋ, ਸ਼ਾਦੀ ਤਾਂ ਮਾਮੂਲੀ ਚੀਜ਼ ਹੈ। ਮੇਰੇ ਕੋਲੋਂ ਬਦਲਾ ਲੈਣ ਲਈ ਉਸਨੇ ਨਸ਼ੇ ਦੀ ਹਾਲਤ ਵਿੱਚ ਮੇਰੀ ਤੇਰੇ ਨਾਲ ਸ਼ਾਦੀ ਕਰਵਾ ਦਿੱਤੀ… ਸ਼ਿਕਾਰੀ ਨੂੰ ਚਰਵਾਹੀ ਨਾਲ ਮਿਲਾ ਦਿੱਤਾ। ਤੂੰ ਵੇਖ ਲਿਆ ਸੀ ਕਿ ਮੈਂ ਨਸ਼ੇ ਵਿੱਚ ਹਾਂ, ਫਿਰ ਤੂੰ ਮੇਰੇ ਤੋਂ ਸ਼ਾਦੀ ਕਿਉਂ ਕੀਤੀ? ਤੂੰ ਤਾਂ ਉਸ ਦੀ ਮੁਜ਼ਾਰਾ ਨਹੀਂ ਸੀ, ਤੂੰਇਨਕਾਰ ਕਰ ਸਕਦੀ ਸੀ, ਤੂੰ ਨਾਂਹ ਕਰ ਸਕਦੀ ਸੀ। ਲੇਕਿਨ ਸਾਫ਼ ਹੈ ਕਿ ਕਿਸੇ ਚਰਵਾਹੀ ਦੀ ਸ਼ਿਕਾਰੀ ਨਾਲ ਸ਼ਾਦੀ ਉਸ ਦੀ ਖੁਸ਼ਕਿਸਮਤੀ ਹੈ, ਲੇਕਿਨ ਤੈਨੂੰ ਇਸ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ ਸੀ। ਠੀਕ ਹੈ, ਹੁਣ ਗ਼ਮਾਂ ਦੀ ਮਾਰੀ ਬਣ ਜਾ, ਰੋ। ਇਹ ਕਾਊਂਟ ਲਈ ਮਜ਼ਾਕ ਸੀ ਲੇਕਿਨ ਤੇਰੇ ਲਈ ਰੋਣ ਦੀ ਗੱਲ ਹੈ… ਹੁਣ ਕੰਧਾਂ ਨਾਲ ਟੱਕਰਾਂ ਮਾਰ।”

ਖ਼ਾਮੋਸ਼ੀ ਛਾ ਗਈ। ਤਿੰਨ ਜੰਗਲੀ ਮੁਰਗ਼ਾਬੀਆਂ ਮੈਦਾਨ ਦੇ ਉੱਤੋਂ ਦੀ ਲੰਘੀਆਂ। ਯੇਗੋਰ ਨੇ ਨਿਗਾਹਾਂ ਨਾਲ ਉਨ੍ਹਾਂ ਦਾ ਪਿੱਛਾ ਕੀਤਾ, ਫਿਰ ਉਹ ਤਿੰਨ ਮਸੀਂ ਨਜ਼ਰ ਆਉਣ ਵਾਲੇ ਨੁਕਤੇ ਬਣ ਕੇ ਜੰਗਲ ਦੇ ਪਿੱਛੇ ਗਾਇਬ ਹੋ ਗਈਆਂ।

“ਤੇਰੀ ਰੋਟੀ ਰੋਜ਼ੀ ਕਿਵੇਂ ਚਲਦੀ ਹੈ?” ਉਸਨੇ ਮੁਰਗਾਬੀਆਂ ਤੋਂ ਨਜ਼ਰਾਂ ਹਟਾ ਕੇ ਪੇਲਾਗੀਆ ਦੀ ਤਰਫ਼ ਵੇਖਦੇ ਹੋਏ ਕਿਹਾ।

“ਮੈਂ ਕੰਮ ਕਰਦੀ ਹਾਂ। ਸਰਦੀਆਂ ਵਿੱਚ ਮੈਂ ਫਾਉਂਡਲਿੰਗ ਹਸਪਤਾਲ ਤੋਂ ਇੱਕ ਬੱਚਾ ਲੈ ਆਉਂਦੀ ਹਾਂ ਅਤੇ ਉਸਨੂੰ ਬੋਤਲ ਨਾਲ ਦੁੱਧ ਪਿਲਾਂਦੀ ਹਾਂ। ਮੈਨੂੰ ਉਸ ਦਾ ਮਹੀਨੇ ਦਾ ਡੇਢ ਰੂਬਲ ਮਿਲ ਜਾਂਦਾ ਹੈ।“

“ਓਹ…”

ਦੁਬਾਰਾ ਖ਼ਾਮੋਸ਼ੀ। ਕੱਟੇ ਘਾਹ ਦੇ ਇੱਕ ਧੱਬੇ ਕੋਲੋਂ ਇੱਕ ਸੁਰੀਲੇ ਗੀਤ ਦੀ ਆਵਾਜ਼ ਬੁਲੰਦ ਹੋਈ, ਫਿਰ ਛੇਤੀ ਹੀ ਦਮ ਤੋੜ ਗਈ। ਐਨੀ ਗਰਮੀ ਵਿੱਚ ਗਾ ਨਹੀਂ ਹੁੰਦਾ ਸੀ।

“ਸੁਣਿਆ ਹੈ ਤੂੰ ਅਕੋਲੀਨਾ ਲਈ ਨਵੀਂ ਝੁੱਗੀ ਪੁਆ ਦਿੱਤੀ ਹੈ,” ਪੇਲਾਗੀਆ ਨੇ ਕਿਹਾ।

ਯੇਗੋਰ ਕੁੱਝ ਨਹੀਂ ਬੋਲਿਆ।

“ਤਾਂ ਉਹ ਤੈਨੂੰ ਜ਼ਿਆਦਾ ਪਿਆਰੀ ਹੈ…”

“ਇਹ ਤੇਰੀ ਕਿਸਮਤ ਹੈ, ਇਹੀ ਨਸੀਬ ਹੈ!” ਸ਼ਿਕਾਰੀ ਨੇ ਅੰਗੜਾਈ ਲੈਂਦੇ ਹੋਏ ਕਿਹਾ। ਤੈਨੂੰ ਗੁਜ਼ਾਰਾ ਕਰਨਾ ਪਵੇਗਾ। ਲੇਕਿਨ ਹੁਣ ਅਲਵਿਦਾ, ਗੱਪਸ਼ੱਪ ਵਿੱਚ ਪਹਿਲਾਂ ਹੀ ਦੇਰ ਹੋ ਗਈ ਹੈ… ਮੈਂ ਸ਼ਾਮ ਤੱਕ ਬੋਲਤੋਵ ਜਾਣਾ ਹੈ।”

ਯੇਗੋਰ ਉੱਠਿਆ, ਅੰਗੜਾਈ ਲਈ ਅਤੇ ਬੰਦੂਕ ਮੋਢੇ ਉੱਤੇ ਪਾ ਲਈ। ਪੇਲਾਗੀਆ ਵੀ ਉਠ ਖੜੀ ਹੋਈ

“ਤੁਸੀਂ ਪਿੰਡ ਕਦੋਂ ਆਓਗੇ,” ਉਸਨੇ ਹਲੀਮੀ ਨਾਲ ਕਿਹਾ।

“ਓਥੇ ਆਉਣ ਦੀ ਕੋਈ ਵਜ੍ਹਾ ਨਹੀਂ ਹੈ, ਮੈਂ ਉੱਥੇ ਹੋਸ਼ ਦੀ ਹਾਲਤ ਵਿੱਚ ਨਹੀਂ ਆਵਾਂਗਾ, ਅਤੇ ਨਸ਼ੇ ਵਿੱਚ ਤੈਨੂੰ ਮੇਰੇ ਤੋਂ ਕੁੱਝ ਨਹੀਂ ਮਿਲੇਗਾ, ਮੈਂ ਨਸ਼ੇ ਵਿੱਚ ਬਹੁਤ ਕਮੀਨਾ ਬਣ ਜਾਂਦਾ ਹਾਂ। ਅਲਵਿਦਾ !”

“ਅਲਵਿਦਾ, ਯੇਗੋਰ ਵਲਾਸਿਚ।“

ਯੇਗੋਰ ਨੇ ਸਿਰ ਉੱਤੇ ਟੋਪੀ ਸਿੱਧੀ ਕੀਤੀ ਅਤੇ ਕੁੱਤੇ ਨੂੰ ਸੱਦ ਕੇ ਆਪਣੇ ਰਾਹ ਚੱਲ ਪਿਆ। ਪੇਲਾਗੀਆ ਖੜੀ ਉਸਨੂੰ ਵੇਖਦੀ ਰਹੀ… ਉਸਨੇ ਉਸ ਦੇ ਹਿਲਦੇ ਹੋਏ ਮੋਢੇ ਵੇਖੇ, ਉਸ ਦੀ ਟੌਹਰੀ ਟੋਪੀ, ਉਸ ਦੀ ਲਾਪਰਵਾਹ, ਸੁੱਸਤ ਚਾਲ, ਅਤੇ ਉਸ ਦੀਆਂ ਅੱਖਾਂ ਗ਼ਮ ਅਤੇ ਹਲੀਮੀ ਨਾਲ ਭਰ ਗਈਆਂ… ਉਸ ਦੀਆਂ ਨਜ਼ਰਾਂ ਆਪਣੇ ਪਤੀ ਦੇ ਲੰਬੇ ਅਤੇ ਪਤਲੇ ਜਿਸਮ ਉੱਤੇ ਜਮੀਆਂ ਰਹੀਂ, ਉਸਨੂੰ ਸਹਿਲਾਉਂਦੀਆਂ, ਥਪਕਾਉਂਦੀਆਂ ਰਹੀਆਂ… ਉਸਨੇ ਜਿਵੇਂ ਉਸ ਦੀਆਂ ਨਜ਼ਰਾਂ ਮਹਿਸੂਸ ਕਰ ਲਈਆਂ, ਉਹ ਰੁਕਿਆ, ਮੁੜ ਕੇ ਵੇਖਿਆ… ਮੂੰਹੋਂ ਕੁੱਝ ਨਹੀਂ ਬੋਲਿਆ, ਲੇਕਿਨ ਉਸ ਦੇ ਚਿਹਰੇ, ਉਸ ਦੇ ਉਚਕਾਏ ਹੋਏ ਮੋਢਿਆਂ ਤੋਂ ਪੇਲਾਗੀਆ ਨੂੰ ਅਹਿਸਾਸ ਹੋਇਆ ਕਿ ਉਹ ਉਸਨੂੰ ਕੁੱਝ ਕਹਿਣਾ ਚਾਹੁੰਦਾ ਹੈ। ਉਹ ਸਹਿਮੀ ਜਿਹੀ ਉਸ ਦੀ ਤਰਫ਼ ਵਧੀ ਅਤੇ ਸਹਿਕਦੀਆਂ ਨਜ਼ਰਾਂ ਨਾਲ ਵੇਖਿਆ।

“ਇਹ ਲੈ ਲੈ”, ਉਹ ਮੁੜਿਆ

ਉਸਨੇ ਇੱਕ ਰੂਬਲ ਦਾ ਮੁੜਿਆ ਤੁੜਿਆ ਨੋਟ ਉਸਨੂੰ ਥਮਾ ਦਿੱਤਾ ਅਤੇ ਤੇਜ਼ੀ ਨਾਲ ਚੱਲ ਪਿਆ।

“ਅਲਵਿਦਾ, ਯੇਗੋਰ ਵਲਾਸਿਚ,” ਉਸਨੇ ਮਕਾਨਕੀ ਅੰਦਾਜ਼ ਵਿੱਚ ਨੋਟ ਫੜਦੇ ਹੋਏ ਕਿਹਾ।

ਉਹ ਚਮੜੇ ਦੀ ਤਾਂਤ ਦੀ ਤਰ੍ਹਾਂ ਤਣਿਆ ਹੋਇਆ ਲੰਮੀ ਸੜਕ ਤੇ ਚੱਲਦਾ ਰਿਹਾ। ਉਹ ਬੁੱਤ ਦੀ ਤਰ੍ਹਾਂ ਜ਼ਰਦ ਅਤੇ ਅਹਿੱਲ ਖੜੀ ਰਹੀ, ਉਸ ਦੀਆਂ ਨਜ਼ਰਾਂ ਉਸ ਦੇ ਹਰ ਕ਼ਦਮ ਦਾ ਹਿਸਾਬ ਲੈਂਦੀਆਂ ਰਹੀਆਂ। ਫਿਰ ਉਸ ਦੀ ਲਾਲ ਕਮੀਜ਼ ਡੂੰਘੇ ਰੰਗ ਦੀ ਪਤਲੂਨ ਵਿੱਚ ਲੀਨ ਹੋ ਗਈ, ਕ਼ਦਮ ਨਜ਼ਰ ਆਉਣ ਤੋਂ ਬੰਦ ਹੋ ਗਏ, ਫਿਰ ਕੁੱਤਾ ਵੀ ਉਸ ਦੇ ਜੁੱਤਿਆਂ ਦੇ ਨਾਲ ਮਿਲ ਗਿਆ। ਹੁਣ ਟੋਪੀ ਦੇ ਇਲਾਵਾ ਕੁੱਝ ਨਜ਼ਰ ਨਹੀਂ ਆ ਰਿਹਾ ਸੀ, ਅਤੇ… ਅਚਾਨਕ ਯੇਗੋਰ ਤੇਜ਼ੀ ਨਾਲ ਮੈਦਾਨ ਦੀ ਤਰਫ਼ ਮੁੜਿਆ ਅਤੇ ਉਸ ਦੀ ਟੋਪੀ ਹਰਿਆਲੀ ਵਿੱਚ ਗਾਇਬ ਹੋ ਗਈ।

“ਅਲਵਿਦਾ ਯੇਗੋਰ ਵਲਾਸਿਚ,” ਪੇਲਾਗੀਆ ਨੇ ਸਰਗੋਸ਼ੀ ਕੀਤੀ, ਅਤੇ ਉਸ ਦੀ ਸਫੈਦ ਟੋਪੀ ਦੀ ਇੱਕ ਅਤੇ ਝਲਕ ਦੇਖਣ ਲਈ ਪੱਬਾਂ ਭਾਰ ਖੜੀ ਹੋ ਗਈ।

ਅਨੁਵਾਦ. ਚਰਨ ਗਿੱਲ