ਨਵੰਬਰ ਚੁਰਾਸੀ ਵਿਚ ਸਿੱਖ ਨਸਲਕੁਸ਼ੀ ਹੋਈ । ਬਹਾਨਾ ਇੰਦਰਾ ਗਾਂਧੀ ਬਣੀ । ਜਦ ਕਿ ਸੋਚੀ ਤਾਂ ਅਗਲੇ ਕਾਫੀ ਸਮੇਂ ਤੋਂ ਬੈਠੇ ਸੀ । ਜਦ ਵੀ ਕਿਸੇ ਦੇਸ਼ ਚ ਬਹੁਗਿਣਤੀ ਕੌਮ ਵੱਲੋਂ ਘੱਟ ਗਿਣਤੀਆਂ ਦੀ ਨਸਲਕੁਸ਼ੀ ਕੀਤੀ ਗਈ ਤਾਂ ਮੌਕੇ ਤੇ ਸਿਰਫ ਬਹਾਨੇ ਬਣਾਏ ਗਏ । ਸ਼ਾਜਿਸ਼ਾਂ ਤਾਂ ਬਹੁਤ ਪਹਿਲਾਂ ਦੀਆਂ ਘੜੀਆਂ ਹੁੰਦੀਆਂ ਸਨ । ਜਿੱਥੇ ਜਿੱਥੇ ਵੀ ਘੱਟ ਗਿਣਤੀ ਦੀ ਨਸਲਕੁਸ਼ੀ ਹੋਈ, ਵੱਡੇ ਵੱਡੇ ਦੇਸ਼ਾਂ ਵੱਲੋਂ ਹਮਦਰਦੀ ਦੇ ਦੋ ਬੋਲ ਵੀ ਨੀ ਸਰੇ, ਮੱਦਦ ਲਈ ਤਾਂ ਆਉਣਾ ਹੀ ਕੀ ਸੀ । ਹਰਪਾਲ ਸਿੰਘ ਪੰਨੂ ਜੀ ਦੀ ਲਿਖਤ “ਆਰਮੀਨੀ ਨਸਲਕੁਸ਼ੀ” ਅੱਜ ਤੋਂ ਲੜੀਵਾਰ ਸ਼ੁਰੂ ਕਰ ਰਿਹਾ ਹਾਂ ..! ਬੇਨਤੀ ਹੈ ਸਾਰੇ ਭਾਗ ਪੜਿਉ ..! ਇਸ ਲੇਖ ਜਰੀਏ ਵੀ ਬਹੁਤ ਕੁਝ ਸਾਫ ਹੋਵੇਗਾ..! ਸਮਝ ਜਾਇਉ ਕਿ ਘੱਟ ਗਿਣਤੀ ਲਈ ਇਨਸਾਫ ਦੀ ਜਗਾ ਕਿਤੇ ਵੀ ਨਹੀ ਹੈ, ਦੋਸਤ ਵੀ ਮੱਦਦ ਲਈ ਨਹੀਂ ਬਹੁੜਦਾ ..! ਇਹ ਆਸ ਨਾ ਰੱਖਿਉ ਕਿ ਤੁਹਾਡੀ ਕੋਈ ਮੱਦਦ ਕਰੇਗਾ । ਆਪਣੇ ਹੱਥੀਂ ਕਰਨਾ ਪੈਂਦਾ ਸਭ ..!

#ਆਰਮੀਨੀ_ਨਸਲਕੁਸ਼ੀ

#ਭਾਗ_ਪਹਿਲਾ

#ਲੇਖਕ_ਹਰਪਾਲ_ਸਿੰਘ_ਪੰਨੂ

ਸੀਰੀਆ ਦੇ ਪੂਰਬੀ ਰੇਗਿਸਤਾਨ ਵਾਲੇ ਪਾਸੇ ਉੱਚੀ ਤਿੱਖੀ ਪਹਾੜੀ ਮਰਗਦ ਹੈ । ਜਵਾਲਾਮੁਖੀ ਦੇ ਲਾਵੇ ਨਾਲ ਪਹਾੜੀ ਬਣੀ, ਸੋ ਧੁਆਂਖੇ ਪੱਥਰ ਹਨ । ਹਬੂਰ ਨਦੀ ਵਗਦੀ ਹੈ । ਅਖਬਾਰ ਦੀ ਫੋਟੋਗ੍ਰਾਫਰ ਈਸਾਬਿਲ ਐਲਸਨ ਨੂੰ ਪੇਪਰ ਵਾਸਤੇ ਫੋਟੋਆਂ ਖਿੱਚਦਿਆਂ ਇੱਥੋਂ ਕੁਝ ਖ਼ੌਫਨਾਕ ਸਬੂਤ ਮਿਲੇ । ਪਹਾੜੀ ਦੇ ਹੇਠਲੇ ਹਿੱਸਿਆਂ ਵਿਚ ਬਾਰਸ਼ ਦੇ ਪਾਣੀ ਨੇ ਮਿੱਟੀ ਵਿਚ ਦਰਾੜਾਂ ਪਾ ਦਿੱਤੀਆਂ ਸਨ । ਇਕ ਦਰਾੜ ਦੇ ਨਾਲ ਨਾਲ ਈਸਾਬਲਿ ਹੇਠਾਂ ਵੱਲ ਉਤਰੀ ਤਾਂ ਉਸਨੇ ਇਕ ਮਨੁੱਖੀ ਖੋਪੜੀ ਦੇਖੀ । ਹੱਥ ਨਾਲ ਗਾਰਾ ਪਰ੍ਹੇ ਕੀਤਾ, ਦੰਦ ਲਿਸ਼ਕ ਰਹੇ ਸਨ । ਖੋਪੜੀ ਨਾਲ ਹੇਠਾਂ ਵੱਲ ਨੂੰ ਰੀੜ੍ਹ ਦੀ ਹੱਡੀ ਜਾ ਰਹੀ ਸੀ, ਪੂਰਾ ਪਿੰਜਰ ਮਿਲ ਗਿਆ, ਹੋਰ ਖੁਦਾਈ ਕੀਤੀ, ਦੂਜਾ, ਤੀਜਾ ਚੌਥਾ ਪੰਜਵਾਂ ਪਿੰਜਰ ਮਿਲਿਆ, ਸਾਰੇ ਕੱਸ ਕੇ ਨੂੜੇ ਹੋਏ, ਬੰਨ੍ਹੇ ਹੋਣ ਕਾਰਨ ਪਿੰਜਰਾਂ ਦੀਆਂ ਲੱਤਾਂ ਬਾਹਾਂ ਇਕ ਦੂਜੀ ਵਿਚ ਉਲਝੀਆਂ ਪਈਆਂ ਸਨ । ਤੁਰਕੀ ਵਿਚ 1915 ਦੇ ਸਾਲ ਆਰਮੀਨੀ ਲੋਕਾਂ ਦਾ ਨਰ ਸੰਘਾਰ ਹੋਇਆ ਸੀ । ਇਸ ਥਾਂ 50 ਹਜ਼ਾਰ ਮਾਸੂਮਾ ਨੂੰ ਪੰਜ ਪੰਜ ਸੱਤ ਸੱਤ ਦੀ ਗਿਣਤੀ ਵਿਚ ਇਕੱਠੇ ਨੂੜ ਕੇ ਦਰਿਆ ਵਿਚ ਧੱਕਾ ਦੇ ਦਿੰਦੇ । ਏਨੀਆਂ ਗੋਲੀਆਂ ਕਾਹਨੂੰ ਖ਼ਰਾਬ ਕਰਨੀਆਂ ? ਆਪਣੀ ਕਿਸਮ ਦਾ ਇਹ ਪਹਿਲਾ ਅਨੋਖਾ ਕਤਲੇਆਮ ਹੈ ।

ਆਰਮੀਨੀਆਂ ਉਪਰ ਤੁਰਕੀ ਦਾ ਕਬਜ਼ਾ ਸੀ । ਤੁਰਕੀ ਸਰਕਾਰ ਨੂੰ ਆਰਮੀਨੀ ਨਸਲ ਠੀਕ ਨਹੀ ਲੱਗੀ, ਇਸਦਾ ਬੀਜ ਨਾਸ ਕਰਨ ਲਈ ਕੁੱਲ ਸਾਢੇ ਪੰਜ ਲੱਖ ਕਤਲ ਕੀਤੇ । ਸਰਕਾਰ ਨੇ ਪਰਚਾਰ ਇਹ ਕੀਤਾਕਿ ਤੁਰਕਾਂ ਅਤੇ ਆਰਮੀਨੀ ਲੋਕਾਂ ਵਿਚ ਅਕਸਰ ਟਕਰਾਉ ਰਹਿੰਦਾ ਹੈ ਕਿਉਂਕਿ ਇਕੱਠੇ ਵਸਦੇ ਹਨ । ਕਿਉਂ ਨਾ ਆਰਮੀਨੀ ਲੋਕਾਂ ਦੀਆਂ ਬਸਤੀਆਂ ਵੱਖ ਹੋਣ ? ਮੁੜ ਵਸਾਊ ਮਹਿਕਮੇ ਦੇ ਨਾਮ ‘ਤੇ ਪਿੰਡਾਂ ਸ਼ਹਿਰਾਂ ਵਿੱਚੋਂ ਗੱਡੀਆਂ ਭਰ ਭਰ ਲਿਆਈ ਜਾਂਦੇ ਤੇ ਮਾਰੀ ਜਾਂਦੇ । ਹਿਟਲਰ ਨੇ ਵੀ ਯਹੂਦੀਆਂ ਨੂੰ ਇਸੇ ਤਰਾਂ ਮੁੜ ਵਸਾਇਆ ਸੀ ।

ਮਰਗਦ ਪਹਾੜੀ ਦੇ ਬੰਨ੍ਹੇ ਹੋਏ ਪਿੰਜਰਾਂ ਨੇ ਖੋਜੀਆਂ ਦਾ ਧਿਆਨ ਖਿੱਚਿਆ । ਪਹਾੜੀ ਦੀਆਂ ਜੜ੍ਹਾਂ ਵਿਚ ਏਨਾ ਵੱਡਾ ਕਬਰਿਸਤਾਨ ਹੈ, ਪਤਾ ਨਹੀ ਸੀ । ਹੁਣ ਇਕ ਟੈਲੀਗ੍ਰਾਮ ਦੀ ਕਾਰਬਨ ਕਾਪੀ ਮਿਲੀ ਹੈ । ਤੁਰਕੀ ਦੇ ਗ੍ਰਹਿ ਮੰਤਰੀ ਤਲਾਤ ਪਾਸ਼ਾ ਨੇ 15 ਸਤੰਬਰ 1915 ਨੂੰ ਆਪਣੇ ਪੁਲਸ ਚੀਫ਼ ਨੂੰ ਤਾਰ ਭੇਜੀ, ‘ਤੁਹਾਨੂੰ ਦੱਸਿਆ ਹੋਇਆ ਹੈ ਸਰਕਾਰ ਨੇ ਆਪਣੇ ਮੁਲਕ ਤੁਰਕੀ ਵਿੱਚੋਂ ਕਿੰਨ੍ਹਾਂ ਲੋਕਾਂ ਦਾ ਮੁਕੰਮਲ ਸਫ਼ਾਇਆ ਕਰਨਾ ਹੈ, ਭਾਵੇਂ ਕਿੰਨੇ ਵੀ ਜਾਲਮ ਤਰੀਕੇ ਵਰਤਣੇ ਪੈਣ, ਪੂਰਾ ਖ਼ਾਤਮਾ ਹੋਵੇ । ਉਮਰ, ਲਿੰਗ ਜਾਂ ਜ਼ਮੀਰ ਦੀ ਅਵਾਜ਼ ਆਦਿਕ ਰੁਕਾਵਟਾਂ ਸਾਹਮਣੇ ਨਾ ਆਉਣ ।’

( ਚਲਦਾ )