ਨੋਬਲ ਜੇਤੂ ਲੇਖਕ ਹੋਰਹੇ ਲੂਈਸ ਬੋਰਹੇਸ ਦੀ ਲਿਖਤ “ਬਾਬਲ ਦੀ ਲਾਇਬਰੇਰੀ” ਵਿੱਚੋਂ ਇੱਕ ਟੋਟਾ।

————————————————————————

ਇਸ ਆਰਟ ਦੇ ਜ਼ਰੀਏ ਤੁਸੀਂ ਤੇਈ ਅੱਖਰਾਂ ਦੇ ਵੇਰੀਏਸ਼ਨ ਉੱਤੇ ਗ਼ੌਰ ਕਰ ਸਕਦੇ ਹੋ …। ਐਨਾਟੋਮੀ ਆਫ਼ ਮੇਲਾਂਕਲੀ, ਪਾਰਟੀਸ਼ਨ 2, ਮਸੈਕਸ਼ਨ II, ਮੈਂਬਰ IV ਰਾਬਰਟ ਬਰਟਨ

ਕਾਇਨਾਤ (ਜਿਸਨੂੰ ਦੂਜੇ ਲੋਕ ਲਾਇਬਰੇਰੀ ਕਹਿੰਦੇ ਹਨ) ਅਨਿਸ਼ਚਿਤ ਸਗੋਂ ਸ਼ਾਇਦ ਅਨੰਤ ਛੇਭੁਜਾਵੀ ਗੈਲਰੀਆਂ ਉੱਤੇ ਅਧਾਰਿਤ ਹੈ। ਹਰ ਗੈਲਰੀ ਦੇ ਕੇਂਦਰ ਵਿੱਚ ਇੱਕ ਹਵਾਦਾਨ ਲੱਠ ਹੈ, ਜਿਸਦੇ ਆਲੇ ਦੁਆਲੇ ਰੇਲਿੰਗ ਹੈ। ਕਿਸੇ ਵੀ ਛੇਭੁਜਾ ਤੋਂ ਉੱਤੇ ਅਤੇ ਹੇਠਾਂ ਜਾਂਦੀ ਇੱਕ ਦੇ ਬਾਅਦ ਦੂਜੀ ਬੇਅੰਤ ਮੰਜ਼ਿਲਾਂ ਵੇਖੀਆਂ ਜਾ ਸਕਦੀਆਂ ਹਨ। ਗੈਲਰੀਆਂ ਦੀ ਤਰਤੀਬ ਹਮੇਸ਼ਾ ਤੋਂ ਇੱਕੋ ਹੀ ਹੈ ਕਿਤਾਬਾਂ ਦੀ ਵੀਹ ਸੈਲਫਾਂ, ਛੇਭੁਜਾ ਦੀਆਂ ਛੇ ਬਾਹੀਆਂ ਵਿੱਚੋਂ ਚਾਰ ਦੇ ਹਰ ਤਰਫ਼ ਪੰਜ ਕਤਾਰਾਂ; ਸੈਲਫਾਂ ਦੀ ਉਚਾਈ ਜ਼ਮੀਨ ਤੋਂ ਛੱਤ ਤੱਕ ਇੱਕ ਆਮ ਲਾਇਬਰੇਰੀਅਨ ਦੇ ਕੱਦ ਤੋਂ ਸ਼ਾਇਦ ਹੀ ਕੁੱਝ ਹੀ ਜ਼ਿਆਦਾ। ਛੇਭੁਜਾ ਦੀਆਂ ਵਿਹਲੀਆਂ ਬਾਹੀਆਂ ਵਿੱਚੋਂ ਇੱਕ ਤੰਗ ਜਿਹੀ ਡਿਓੜੀ ਵਿੱਚ ਖੁਲ੍ਹਦੀ ਹੈ, ਜੋ ਇੱਕ ਹੋਰ ਗੈਲਰੀ ਵਿੱਚ ਖੁਲ੍ਹਦੀ ਹੈ ਜੋ ਪਹਿਲੀ ਵਾਲੀ ਵਰਗੀ, ਸਗੋਂ ਹਰ ਇੱਕ ਵਰਗੀ ਹੈ। ਡਿਓੜੀ ਦੇ ਸੱਜੇ ਅਤੇ ਖੱਬੇ ਦੋ ਛੋਟੀਆਂ ਜਿਹੀਆਂ ਕੋਠੜੀਆਂ ਹਨ। ਇੱਕ ਸੌਣ ਦੇ ਲਈ, ਬਿਲਕੁਲ ਸਿੱਧੇ ਅਤੇ ਦੂਜੀ ਰਫ਼ਾ ਹਾਜਤ ਦੇ ਲਈ। ਇਥੋਂ ਵੀ ਇੱਕ ਵਲ਼ ਖਾਂਦੀ ਪੌੜੀ ਜਾਂਦੀ ਹੈ ਜੋ ਉੱਪਰ ਹੇਠਾਂ ਦੂਰ ਤੱਕ ਚੱਕਰ ਖਾਂਦੀ ਚਲੀ ਜਾਂਦੀ ਹੈ। ਡਿਓੜੀ ਵਿੱਚ ਇੱਕ ਸ਼ੀਸ਼ਾ ਵਫਾਦਾਰੀ ਨਾਲ ਸਾਰੇ ਦ੍ਰਿਸ਼ ਦੀ ਅੱਕਾਸੀ ਕਰਦਾ ਹੈ। ਇਨਸਾਨ ਅਕਸਰ ਇਸ ਸ਼ੀਸ਼ੇ ਤੋਂ ਇਹ ਨਤੀਜਾ ਕੱਢਦੇ ਹਨ ਕਿ ਲਾਇਬਰੇਰੀ ਅਨੰਤ ਨਹੀਂ ਕਿਉਂਕਿ ਜੇਕਰ ਉਹ ਅਜਿਹੀ ਹੁੰਦੀ ਤਾਂ ਇਸ ਦੀ ਰੀਪਲੀਕੇਸ਼ਨ ਦੀ ਕੀ ਜ਼ਰੂਰਤ? ਮੈਂ ਇਸ ਖ਼ਿਆਲ ਨੂੰ ਤਰਜੀਹ ਦਿੰਦਾ ਹਾਂ ਕਿ ਪਾਲਿਸ਼ ਕੀਤੇ ਧਰਾਤਲ ਅਨੰਤ ਦਾ ਖ਼ਾਕਾ ਅਤੇ ਉਮੀਦ ਹਨ… ਰੋਸ਼ਨੀ ਕੁੱਝ ਅਜਿਹੇ ਆਂਡਿਆਂ ਵਰਗੇ ਫਲਾਂ ਤੋਂ ਮਿਲਦੀ ਹੈ ਜਿਨ੍ਹਾਂ ਨੂੰ ਬੱਲਬ ਕਹਿੰਦੇ ਹਨ। ਹਰ ਛੇਭੁਜਾ ਵਿੱਚ ਅਜਿਹੇ ਦੋ ਬੱਲਬ ਆਰਪਾਰ ਆੜੇ ਰੁੱਖ ਹਨ। ਉਨ੍ਹਾਂ ਤੋਂ ਮਿਲਦੀ ਰੋਸ਼ਨੀ ਨਾਕਾਫ਼ੀ ਅਤੇ ਨਿਰੰਤਰ ਹੈ।

ਲਾਇਬਰੇਰੀ ਦੇ ਤਮਾਮ ਬਾਸ਼ਿੰਦਿਆਂ ਦੀ ਤਰ੍ਹਾਂ ਮੈਂ ਵੀ ਆਪਣੀ ਜਵਾਨੀ ਵਿੱਚ ਸਫ਼ਰ ਕੀਤਾ। ਮੈਂ ਕਿਤਾਬ, ਸ਼ਾਇਦ ਕੈਟਾਲਾਗਾਂ ਦੀ ਕੈਟਾਲਾਗ ਦੀ ਤਲਾਸ਼ ਵਿੱਚ ਮੰਜ਼ਿਲਾਂ ਦਰ ਮੰਜ਼ਿਲਾਂ ਪੰਧ ਮਾਰਿਆ। ਹੁਣ ਜਦੋਂ ਕਿ ਮੇਰੀਆਂ ਅੱਖਾਂ ਮੇਰੀ ਆਪਣੀ ਤਹਰੀਰ ਵੀ ਮੁਸ਼ਕਿਲ ਨਾਲ ਪੜ੍ਹ ਸਕਦੀਆਂ ਹਨ, ਮੈਂ ਇਸ ਛੇਭੁਜਾ ਤੋਂ, ਜਿਥੇ ਮੇਰਾ ਜਨਮ ਹੋਇਆ ਸੀ, ਕੁੱਝ ਹੀ ਲੀਗ (ਦੂਰੀ ਮਾਪ ਦਾ ਇੱਕ ਪੈਮਾਨਾ) ਦੂਰ ਮਰਨ ਦੀ ਤਿਆਰੀ ਕਰ ਰਿਹਾ ਹਾਂ। ਮੇਰੀ ਮੌਤ ਹੋਣ ਉੱਤੇ ਹਮਦਰਦ ਹੱਥ ਮੈਨੂੰ ਰੇਲੇ ਤੋਂ ਬਾਹਰ ਸੁੱਟ ਦੇਣਗੇ, ਅਥਾਹ ਹਵਾ ਮੇਰਾ ਮਕਬਰਾ ਹੋਵੇਗੀ, ਮੇਰਾ ਜਿਸਮ ਜੁੱਗੋ ਜੁੱਗ ਡੁੱਬਦਾ ਰਹੇਗਾ ਅਤੇ ਆਖ਼ਿਰਕਾਰ ਮੇਰੇ ਡਿੱਗਣ ਨਾਲ ਵਜੂਦ ਵਿੱਚ ਆਈ ਅਨੰਤ ਹਵਾ ਵਿੱਚ ਗਲ਼ ਸੜ ਕੇ ਘੁਲ ਜਾਵੇਗਾ। ਮੈਂ ਐਲਾਨ ਕਰਦਾ ਹਾਂ ਕਿ ਲਾਇਬਰੇਰੀ ਬੇਅੰਤ ਹੈ। ਆਦਰਸ਼ਵਾਦੀਆਂ ਦਾ ਦਾਹਵਾ ਹੈ ਕਿ ਛੇਭੁਜਾ ਕਮਰੇ ਨਿਰਪੇਖ ਪੁਲਾੜ ਦੀ ਜ਼ਰੂਰੀ ਸੂਰਤ ਹਨ ਜਾਂ ਘੱਟ ਤੋਂ ਘੱਟ ਸਾਡੇ ਪੁਲਾੜ ਦੇ ਅੰਤਰਗਿਆਨ ਦੀ। ਉਨ੍ਹਾਂ ਦਾ ਦਾਹਵਾ ਇਹ ਹੈ ਕਿ ਇੱਕ ਤ੍ਰਿਭੁਜ ਜਾਂ ਪੰਜਭੁਜੀ ਕਮਰਾ ਸੋਚਣ ਦੇ ਬਾਹਰ ਹੈ। (ਰਹੱਸਵਾਦੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵਿਸਮਾਦ ਇੱਕ ਗੋਲ ਕਮਰੇ ਆਉਂਦਾ ਹੈ ਜਿਸ ਵਿੱਚ ਇੱਕ ਵੱਡੀ ਗੋਲ ਕਿਤਾਬ ਮੌਜੂਦ ਹੈ ਜੋ ਜਿਸ ਦੀ ਨਿਰੰਤਰ ਰੀੜ੍ਹ ਕੰਧਾਂ ਦਾ ਚੱਕਰ ਮੁਕੰਮਲ ਕਰਦੀ ਹੈ। ਮਗਰ ਉਨ੍ਹਾਂ ਦੀ ਸ਼ਹਾਦਤ ਸ਼ੱਕੀ ਹੈ ਅਤੇ ਉਨ੍ਹਾਂ ਦੇ ਲਫ਼ਜ਼ ਧੁੰਦਲੇ। ਇਹ ਗੋਲ ਕਿਤਾਬ ਰੱਬ ਹੈ।) ਇੱਕ ਪਲ ਲਈ ਇਹ ਕਾਫ਼ੀ ਹੈ ਕਿ ਮੈਂ ਦੁਹਰਾਉਂਦਾ ਹਾਂ ਲਾਇਬਰੇਰੀ ਇੱਕ ਗੋਲਾ ਹੈ ਜਿਸਦਾ ਕੇਂਦਰ ਕੋਈ ਵੀ ਛੇਭੁਜਾ ਹੈ ਅਤੇ ਜਿਸਦਾ ਘੇਰਾ ਪਹੁੰਚ ਦੇ ਬਾਹਰ।

ਅਨੁਵਾਦ :- ਚਰਨ ਗਿੱਲ