ਆਰਮੀਨੀ_ਨਸਲਕੁਸ਼ੀ

#ਭਾਗ_ਦੂਜਾ

#ਲੇਖਕ_ਹਰਪਾਲ_ਸਿੰਘ_ਪੰਨੂ

ਵਧੀਕ ਗਿਣਤੀ ਹੁੰਦੀ ਤਾੰ ਕਤਾਰ ਵਿਚ ਖਲਾਰ ਕੇ ਸੰਗਲੀ ਵਾਂਗ ਇਕ ਦੂਜੇ ਨੂੰ ਬੰਨ ਦਿੰਦੇ ਤੇ ਕਤਾਰ ਨੂੰ ਧੱਕਾ ਦੇਣ ਵੇਲੇ ਇਕ ਬੰਦੇ ਦੇ ਗੋਲੀ ਮਾਰਦੇ । ਇਕ ਮੁਰਦਾ ਬਾਕੀ ਜਿਉਂਦਿਆਂ ਨੂੰ ਡੁਬੋਈ ਰੱਖੇਗਾ । ਭੁੱਖਣ ਭਾਣੇ ਮਰਦ ਔਰਤਾਂ, ਬੱਚੇ, ਬਹੁਤੇ ਬਿਮਾਰ, ਨੰਗੇ, ਚਾਰ ਦਿਨ ਵਿਚ ਪੰਜਾਹ ਹਜ਼ਾਰ । ਸਾਲ 1992 ਵਿਚ ਜ਼ਾਕਰ ਨੇ ਕੁਝ ਹੋਰ ਜਾਣਕਾਰੀ ਦਿੱਤੀ । ਫਰਾਤ ਦਰਿਆ ਕਿਨਾਰੇ ਵੱਸੇ ਪਿੰਡ ਦੇ ਜ਼ਾਕਰ ਨੇ ਜੋ ਅੱਖੀਂ ਦੇਖਿਆ, ਉਹ ਇਹ ਸੀ :

“1915 ਵਿਚ ਮੈੰ ਬਾਰਾਂ ਸਾਲ ਦਾ ਸਾਂ । ਸਾਡੇ ਪਿੰਡ ਤੁਰਕ ਫੌਜ ਆ ਗਈ ।ਪਿੰਡਾਂ ਦੀ ਮਾਰਕਿਟ ਨੂੰ ਅੱਗ ਲਾ ਕੇ ਸੁਆਹ ਕੀਤਾ । ਉਸਾਰੀ ਵਾਸਤੇ ਇਧਰ ਉਧਰ ਪੱਥਰਾਂ ਤੇ ਇੱਟਾਂ ਦੇ ਢੇਰ ਪਏ ਸਨ । ਮਰਦਾਂ ਨੂੰ ਕਿਹਾ ਕਿ ਗੱਡੀਆਂ ਵਿਚ ਬੈਠੋ, ਕਿਤੇ ਚੱਲਣਾ ਹੈ । ਚਲੇ ਗਏ, ਕਦੀ ਨਾ ਪਰਤੇ । ਬੱਚਿਆਂ ਸਮੇਤ ਮਾਵਾਂ ਰਹਿ ਗਈਆਂ । ਸੱਤ ਅੱਠ ਸਾਲ ਦੇ ਬੱਚੇ ਨੂੰ ਮਾਵਾਂ ਸਾਹਮਣੇ ਉੱਚਾ ਉਛਾਲਦੇ ਤਾਂ ਕਿ ਪੱਥਰਾਂ ਤੇ ਡਿੱਗੇ । ਮਰ ਗਿਆ ਠੀਕ, ਨਹੀ ਤਾਂ ਲੱਤਾਂ ਤੋਂ ਫੜ ਕੇ ਮੁੜ ਸਿਰ ਪੱਥਰ ਨਾਲ ਮਾਰਦੇ । ਮੈਂ ਆਪਣੇ ਜਮਾਤੀ ਦੀ ਖੋਪੜੀ ਵਿੱਚੋਂ ਦਿਮਾਗ ਬਾਹਰ ਨਿਕਲਦਾ ਵੇਖਿਆ । ਉਸਦੀ ਜੇਬ ਵਿੱਚੋਂ ਸਕੂਲ ਦੀ ਰਿਪੋਰਟ ਬੁਕ ਮਿਲੀ । ਫਸਟ ਆਇਆ ਸੀ । ਮੇਰੇ ਅੱਬੂ ਦੀ ਨਾਈ ਦੀ ਦੁਕਾਨ ਸੀ । ਮੈਂ ਦੁਕਾਨ ਵਿੱਚੋਂ ਸਾਰਾ ਕੁਝ ਦੇਖਿਆ । ਚੀਕਾਂ ਕੁਰਲਾਹਟਾਂ ਅਕਾਸ਼ ਨੂੰ ਵਿੰਨ੍ਹ ਰਹੀਆਂ ਸਨ । ਕਾਤਲ ਵਰਦੀਧਾਰੀ ਤੁਰਕ ਸਨ ।”

“ ਇਕ ਤੁਰਕ ਅਫਸਰ ਸਾਡੀ ਦੁਕਾਨ ਤੇ ਹਜਾਮਤ ਕਰਾਉਣ ਲਈ ਆਇਆ ਕਰਦਾ ਸੀ । ਪਤਾ ਨਹੀਂ ਕਿਵੇਂ ਉਸਨੂੰ ਰਹਿਮ ਆ ਗਿਆ । ਉਸਨੇ ਸਾਡੀ ਭੱਜਣ ਵਿਚ ਮੱਦਦ ਕੀਤੀ ਤੇ ਨਾਲੇ ਕਹਿ ਗਿਆ – ਜੇ ਬਚਣਾ ਹੈ ਤਾਂ ਇਸਲਾਮ ਧਾਰਨ ਕਰ ਲਉ । ਮੇਰੇ ਪਿਤਾ ਸਾਨੂੰ ਆਸਮਾਂ ਪਿੰਡ ਲੈ ਗਏ । ਅਸੀਂ ਸਾਰੇ ਮੁਸਲਮਾਨ ਹੋ ਗਏ । ਸ਼ਾਇਦ ਹੈਜ਼ਾ ਸੀ । ਮਰ ਗਏ । ਮੈਂ ਭੁੱਖ ਨਾਲ ਮਰ ਜਾਣਾ ਸੀ ਜੇ ਇਕ ਤੁਰਕ ਮੈਨੂੰ ਰੋਟੀ ਨਾ ਦਿੰਦਾ । ਮੈਨੂੰ ਯਤੀਮਖਾਨੇ ਛੱਡ ਆਇਆ । ਜਿਸ ਪਾਣੀ ਨਾਲ ਮੈਨੂੰ ਨੁਹਾਇਆ ਗਿਆ, ਉਹ ਗੰਦਾ ਸੀ । ਮੈਂ ਅੰਨ੍ਹਾ ਹੋ ਗਿਆ । ਸਾਰੇ ਬੱਚੇ ਅੰਨ੍ਹੇ ਹੋ ਗਏ । ਹੁਣ ਮੈਂ 89 ਸਾਲ ਦਾ ਹਾਂ । ਅੱਖਾਂ ਦਾ ਕਿਤੇ ਇਲਾਜ ਨਹੀ ਹੋਇਆ । ਮੈਨੂੰ ਪਤਾ ਮੈਂ ਅੰਨ੍ਹਾ ਕਿਉਂ ਹੋਇਆ । ਪਾਣੀ ਵਿਚ ਨੁਹਾਉਣ ਕਰਕੇ ਨਹੀ, ਅਸੀਂ ਅਪਣਾ ਧਰਮ ਛੱਡ ਦਿੱਤਾ ਸੀ, ਇਸ ਕਰਕੇ । ਰੱਬ ਨੇ ਸਜ਼ਾ ਦੇਣੀ ਸੀ ।”

ਖੋਜੀਆਂ ਨੇ 1915 ਦੇ ਘੱਲੂਘਾਰੇ ਵਿਚ ਬਚ ਗਏ ਬੰਦਿਆਂ ਦੀਆਂ ਇੰਟਰਵਿਊਜ਼ ਲਈਆਂ । ਨੇਕ ਮੁਸਲਮਾਨ ਵੀ ਸਨ ਜਿਨ੍ਹਾ ਨੇ ਜਾਨਾਂ ਜੋਖਮ ਵਿਚ ਪਾ ਕੇ ਜਾਨਾਂ ਬਚਾਈਆਂ । ਅਲੀ ਸੁਆਦਬੇ, ਦਿਅਰ-ਇ-ਜਿਊਰ ਸ਼ਹਿਰ ਵਿਚ ਤੁਰਕ ਗਵਰਨਰ ਸੀ । ਉਹ ਬਹੁਤ ਰਹਿਮ ਦਿਲ ਮਨੁੱਖ ਸੀ । ਰਫੂਜੀ ਆਰਮੀਨੀਆਂ ਨੂੰ ਪਨਾਹ ਦਿੱਤੀ, ਬੱਚਿਆਂ ਲਈ ਯਤੀਮ ਖਾਨੇ ਬਣਾਏ । ਸਰਕਾਰ ਨੇ ਕੁਸਤੁਨਤੁਨੀਆ ਉਸਦੀ ਥਾਂ ਜ਼ੇਕੀਬੇ ਗਵਰਨਰ ਲਾ ਦਿੱਤਾ । ਅਉਂਦਿਆਂ ਹੀ ਉਸਨੇ ਸ਼ਹਿਰ ਨੂੰ ਤਸੀਹਾ ਕੇਂਦਰ ਬਣਾ ਦਿੱਤਾ ।

1915 ਵਿਚ ਉਟੋਮਾਨ ਤੁਰਕੀ ਪਹਿਲੀ ਸੰਸਾਰ ਜੰਗ ਵਿਚ ਉਲਝਿਆ ਹੋਇਆ ਸੀ । ਪਹਿਲਾਂ 1894-96 ਦੋ ਸਾਲ ਵਿਚ ਆਰਮੀਨੀ ਈਸਾਈ ਵੱਡੇ ਪੱਧਰ ਤੇ ਕਤਲ ਕੀਤੇ ਸਨ । ਇਨ੍ਹਾਂ ਉਪਰ ਜ਼ਿਆਦਤੀਆਂ ਦਾ ਦੌਰ ਤਾਂ ਕਦੇ ਖਤਮ ਹੀ ਨਹੀ ਹੋਇਆ, ਇਸ ਵੀਰ 1915 ਵਿਚ ਬਹਾਨਾ ਇਹ ਘੜਿਆ ਗਿਆ ਕਿ ਆਰਮੀਨੀ ਈਸਾਈ ਹੋਣ ਕਰਕੇ ਸਾਡੇ ਦੁਸ਼ਮਣ ਅੰਗਰੇਜ਼ ਦੀ ਮਦਦ ਕਰਦੇ ਹਨ । ਦੋਸ਼ ਲਾਇਆ ਕਿ ਮੱਧ ਸਾਗਰ ਵਿਚਲੀ ਦੁਸ਼ਮਣ ਨੇਵੀ ਦੀ ਇਨ੍ਹਾ ਨੇ ਮਦਦ ਕੀਤੀ ਹੈ । ਸਬੂਤ ਕੋਈ ਨਹੀ ।

( ਚਲਦਾ )