ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜਿਆਂ ਦੀ ਸਜ਼ਾ ਲਾਉਣ ਵਾਲੇ ਮਹਾਨ ਸਿੱਖ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ (ਸ਼ਹੀਦੀ 14 ਮਾਰਚ, 1823)

ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਅਕਾਲੀ ਫੂਲਾ ਸਿੰਘ ਦਾ ਜਨਮ ੧੭੬੦ ਈ: ਵਿੱਚ ਪਿਤਾ ਸ੍ਰ. ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਪਿੰਡ ਸ਼ੀਹਾਂ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦੋ ਭਰਾ ਸਨ। ਸ੍ਰ. ਸੰਤ ਸਿੰਘ ਛੋਟਾ ਸੀ। ਬਚਪਨ ਤੋਂ ਕੁਝ ਸਮੇਂ (ਦੋ ਸਾਲ) ਬਾਅਦ ਹੀ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਜਦ ੧੭੬੨ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਹੱਲਾ ਬੋਲਿਆ ਤਾਂ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਨੇ ਵੱਧ ਚੜ੍ਹ ਕੇ ਵੈਰੀਆਂ ਦਾ ਟਾਕਰਾ ਕੀਤਾ। ਇਸੇ ਲੜਾਈ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ ਉਪਰੰਤ ਆਪ ਦੇ ਪਿਤਾ ਦੇ ਵੀ ਕਾਫੀ ਡੂੰਘਾ ਫੱਟ ਲੱਗਾ। ਇਸੇ ਦੌਰਾਨ ਆਪ ਨੂੰ ਪਿੰਡ ਪਹੁਚਾਇਆ ਗਿਆ। ਆਪ ਦੇ ਪਿਤਾ ਨੇ ਆਪ ਦੋਵਾਂ ਭਰਾਵਾਂ ਨੂੰ ਆਪਣੇ ਸੱਤਸੰਗੀ ਜਨ ਸ੍ਰ. ਨਰੈਣ ਸਿੰਘ ਦੇ ਹਵਾਲੇ ਕਰਕੇ, ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ।

ਬਾਬਾ ਨਰੈਣ ਸਿੰਘ ਨੇ ਦੋਵਾਂ ਭਰਾਵਾਂ ਨੂੰ ਧਾਰਮਿਕ ਵਿਦਿਆ, ਸ਼ਸਤਰ ਵਿਦਿਆ ਤੇ ਘੋੜ ਸਵਾਰੀ ਵਿੱਚ ਨਿਪੁੰਨ ਕਰ ਦਿੱਤਾ ਸੀ। ਉਸ ਸਮੇਂ ਆਪ ਦੀ ਉਮਰ ੧੪ ਸਾਲ ਸੀ ਕਿ ਆਪ ਦੀ ਮਾਤਾ ਪੌੜੀ ਤੋਂ ਡਿੱਗਣ ਕਾਰਣ ਰੱਬ ਨੂੰ ਪਿਆਰੀ ਹੋ ਗਈ। ਆਪਣੀ ਮਾਤਾ ਦੇ ਸਸਕਾਰ ਤੋਂ ਬਾਅਦ ਆਪ ਆਪਣਾ ਘਰ ਬਾਰ ਛੱਡ ਕੇ ਤੇ ਬਾਬਾ ਨਰੈਣ ਸਿੰਘ ਪਾਸੋਂ ਅੰਮ੍ਰਿਤ ਛੱਕ ਕੇ ਸ਼ਹੀਦਾਂ ਦੀ ਮਿਸਲ ਵਿੱਚ ਦਾਖਲ ਹੋ ਕੇ ਆਪ ਨੇ ਸਾਦਾ ਜੀਵਨ ਬਿਤਾਣਾ ਸ਼ੁਰੂ ਕਰ ਦਿੱਤਾ। ਆਪ ਨੇ ਅਨੰਦਪੁਰ ਸਾਹਬ ਵਿੱਚ ਧਰਮ ਖਾਤਰ ਕਈ ਲੜਾਈਆਂ ਲੜੀਆਂ।ਆਪ ਦਾ ਮਾਨ ਸਨਮਾਨ ਤੇ ਰੁੱਤਬਾ ਸਾਰੇ ਜਥੇ ਵਿੱਚ ਬਹੁਤ ਵੱਧ ਗਿਆ ਸੀ। ਜਦ ੧੮੦੦ ਈ: ਵਿੱਚ ਬਾਬਾ ਨਰੈਣ ਸਿੰਘ ਪਰਲੋਕ ਸੁਧਾਰ ਗਏ ਤਾਂ ਆਪ ਨੂੰ ਜਥੇ ਦਾ ਜਥੇਦਾਰ ਥਾਪਿਆ ਗਿਆ। ਫਿਰ ਅੰਮ੍ਰਿਤਸਰ ਸਾਹਬ ਦੇ ਗੁਰਦਆਰਿਆ ਦੀ ਸੇਵਾ ਸੰਭਾਲ ਲਈ ਆਪ ਅੰਮ੍ਰਿਤਸਰ ਸਾਹਬ ਆ ਗਏ। ਬੁਰਜ਼ ਅਕਾਲੀ ਫੁੂਲਾ ਸਿੰਘ ਵਿਖੇ ਆਪ ਨੇ ਆਪਣੀ ਰਿਹਾਇਸ਼ ਰੱਖੀ। ਜਦ ਮਹਾਰਾਜਾ ਰਣਜੀਤ ਸਿੰਘ ਨੇ ੧੮੦੧-੦੨ ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਮਿਲਾਉਣ ਖਾਤਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿੱਚ ਲੜਨੋਂ ਰੋਕਿਆ ਤੇ ਭੰਗੀ ਸਰਦਾਰਾਂ ਨੂੰ ਮਹਾਰਾਜੇ ਨੇ ਜਗੀਰ ਬਖਸ਼ ਦਿੱਤੀ। ਇਸ ਨਾਲ ਅੰਮ੍ਰਿਤਸਰ ਤੇ ਮਹਾਰਾਜਾ ਸਾਹਬ ਦਾ ਕਬਜਾ ਹੋ ਗਿਆ।ਮਹਾਰਾਜਾ ਸਾਹਬ ਨੇ ਦਰਬਾਰ ਸਾਹਬ ਦੇ ਟਹਿਲੇ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਾਈ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੋਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉ ੱਠੇ। ਜਦ ਖਾਲਸਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜਬੂਤ ਕਿਲੇ ਵਿੱਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਤੋਪਾਂ ਬੀੜ ਕੇ ਗੋਲੇ ਵਰਸਾਏ। ਕੁਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ।ਉਸਨੇ ਲੜਾਈ ਨੂੰ ਕਈ ਦਿਨਾਂ ਤੱਕ ਲਮਕਾਈ ਰੱਖਿਆ। ਅੰਤ ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆ ਤਾਂ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ਤੇ ਆਪਣਾ ਕਬਜ਼ਾ ਜਮਾ ਲਿਆ।ਕੁਤਬਦੀਨ ਨੂੰ ਫੜ ਕੇ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਕੁਤਬਦੀਨ ਦੀ ਅਰਜੋਈ ਤੇ ਮਹਾਰਾਜੇ ਨੇ ਉਸਦਾ ਗੁਨਾਹ ਬਖਸ਼ ਦਿੱਤਾ।

ਅਕਾਲੀ ਫੂਲਾ ਸਿੰਘ ਆਪਣੀ ਗੱਲ ਕਹਿਣ ਵਿੱਚ ਬਹੁਤ ਦਲੇਰ ਸੀ। ਆਪ ਨੂੰ ਜਦ ਡੋਗਰਿਆ ਦੀਆਂ ਧੜੇਬੰਦੀਆਂ ਦੀ ਖਬਰ ਹੋਈ ਤਾਂ ਆਪ ਨੇ ਬੇਝਿੱਜਕ ਮਹਾਰਾਜੇ ਨੂੰ ਖਰੀਆਂ-ਖਰੀਆਂ ਸੁਣਾਈਆਂ। ਇੱਕ ਮਿਸਾਲ ਹੋਰ ਮਿਲਦੀ ਹੈ ਕਿ ਇੱਕ ਵਾਰ ਮਹਾਰਾਜੇ ਕੋਲੋਂ ਕੋਈ ਭੁੱਲ ਹੋ ਗਈ ਸੀ ਜਿਸ ਲਈ ਆਪ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਬਾਵਜੂਦ ਇਸ ਦੇ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਬ ਜੀ ਦੇ ਦਰਸ਼ਨਾ ਨੂੰ ਆ ਰਹੇ ਸਨ। ਕਿਸੇ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਇਹ ਖਬਰ ਜਾ ਸੁਣਾਈ। ਅਕਾਲੀ ਜੀ ਅੱਖ ਦੇ ਫੋਰ ਵਿੱਚ ਨੰਗੀ ਤਲਵਾਰ ਲੈ ਕੇ ਦਰਸ਼ਨੀ ਡਿਊੜੀ ਅੱਗੇ ਜਾ ਖਲੋਤੇ ਤੇ ਮਹਾਰਾਜੇ ਨੂੰ ਅੰਦਰ ਨਹੀ ਜਾਣ ਦਿੱਤਾ। ਮਹਾਰਾਜਾ ਉਸੀ ਵਕਤ ਪਿਛਾਂਹ ਹੋ ਗਿਆ ਤੇ ਹੱਥ ਜੋੜ ਕੇ ਮਾਫੀ ਮੰਗੀ ਤੇ ਭੁੱਲ ਬਖਸ਼ਾਣ ਲਈ ਮਿੰਨਤ ਕੀਤੀ ਕਿ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਇਹ ਨਿਰਧਾਰਿਤ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਬ ਦੇ ਸਾਹਮਣੇ ਬੂਟੇ ਨਾਲ ਮਹਾਰਾਜੇ ਦੀਆਂ ਮੁਸ਼ਕਾਂ ਕੱਸੀਆਂ ਜਾਣ ਤੇ ਸਰੀਰ ਤੇ ੨੧ ਕੋਰੜੇ ਲਾਏ ਜਾਣ। ਜਦ ਮਹਾਰਾਜਾ ਨਿਮਰਤਾ ਸਹਿਤ ਹੱਥ ਪਿੱਛੇ ਕਰਕੇ ਮੁਸ਼ਕਾਂ ਬੰਨਾਣ ਤੇ ਕੋਰੜੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੀ ਵਕਤ ਮਹਾਰਾਜੇ ਦੀ ਸਾਦਗੀ, ਨਿਮਰਤਾ ਤੇ ਗੁਰੂ ਘਰ ਪ੍ਰਤੀ ਸ਼ਰਧਾ ਵੇਖ ਕੇ ਸਾਰੀ ਸੰਗਤ ਦੇ ਨੇਤਰ ਜਲ ਨਾਲ ਭਰ ਆਏ। ਅਕਾਲੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜਾ ਸਾਹਬ ਨੂੰ ਬਖਸ਼ ਦਿੱਤਾ ਜਾਏ। ਸੰਗਤ ਦੀ ਇਹ ਗੱਲ ਪ੍ਰਵਾਨ ਕੀਤੀ ਗਈ ਤੇ ਮਹਾਰਾਜਾ ਨੂੰ ਦੁਬਾਰਾ ਅੰਮ੍ਰਿਤ ਛਕਾ ਕੇ ਸ੍ਰੀ ਅਕਾਲ ਤਖਤ ਸਾਹਬ ਵੱਲੋਂ ਸਿਰੋਪਾ ਬਖਸ਼ ਕੇ ਦਰਸ਼ਨਾਂ ਲਈ ਅੰਦਰ ਜਾਣ ਦਿੱਤਾ।

ਅਕਾਲੀ ਫੂਲਾ ਸਿੰਘ ਆਪਣੇ ਸਮੇੰ ਦਾ ਅਤਿ ਸਤਿਕਾਰਤ ਅਕਾਲੀ ਨਿਹੰਗ ਆਗੂ ਸੀ। ਆਪ ਜੀ ਮਿਸਲ ਸ਼ਹੀਦਾਂ ਨਾਲ ਸਬੰਧਤ ਸੰਤ-ਸਿਪਾਹੀ ਸਨ ਅਤੇ ਬੁੱਢਾ ਦਲ ਦੇ ਮੁੱਖ ਸੇਵਾਦਾਰ ਵੀ ਰਹੇ ਸਨ। ਸਿੱਖ ਮਿਸਲਾਂ ਵਿਚਕਾਰ ਏਕਾ ਕਰਵਾਉਣ ਲਈ ਆਪ ਜੀ ਦੀ ਅਹਿਮ ਭੂਮੀਕਾ ਰਹੀ ਸੀ। ਅਕਾਲੀ ਫੂਲਾ ਸਿੰਘ ਅਕਾਲੀ ਤਖ਼ਤ ਦੇ ਜੱਥੇਦਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਪੰਜਾਬ ਦੇ ਖਾਲਸਾ ਫੌਜ ਦੇ ਜਰਨੈਲ ਵੀ ਸਨ।

ਅਕਾਲੀ ਫੂਲਾ ਸਿੰਘ ਦਾ ਨਾਮ ਸਿੱਖ ਇਤਿਹਾਸ’ਚ ਸੁਨਹਿਰੀ ਅੱਖਰਾਂ’ਚ ਲਿਖਿਆ ਹੋਇਆ ਹੈ। ਉਹਨਾਂ ਨੇ ਸਿੱਖ ਕੌਮ ਲਈ ਅਥਾਹ ਕੁਰਬਾਨੀਆਂ ਕੀਤੀਆਂ ਅਤੇ ਉਹਨਾਂ ਨਾਲ ਬਹੁਤ ਕਿੱਸੇ ਜੁੜੇ ਹੋਏ ਹਨ। ਪਰ ਅੱਜ ਉਹਨਾਂ ਦੀ ਸ਼ਹਾਦਤ ਮੌਕੇ, ਉਹਨਾਂ ਦੀ ਮਹਾਨ ਸ਼ਹਾਦਤ ਨਾਲ ਸਬੰਧਤ ਹੀ ਕਿੱਸਾ ਸਾਂਝਾ ਕਰਨਾ ਚਹਾਂਗਾ।

ਭੂਮਿਕਾ : 1823’ਚ ਦੋਸਤ ਮਹੁੰਮਦ ਅਜ਼ੀਮ ਖਾਨ ਨੇ ਸ਼ਾਂਤਮਈ ਤਰੀਕੇ ਨਾਲ ਹੀ ਪਿਸ਼ਾਵਰ ਦਾ ਰਾਜ ਆਪਣੇ ਭਰਾ ਯਾਰ ਮਹੁੰਮਦ ਖਾਨ ਤੋਂ ਆਪਣੇ ਹੱਥਾਂ’ਚ ਲੈ ਲਿਆ। ਉਸ ਸਮੇਂ ਪਿਸ਼ਾਵਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਧੀਨ ਸੀ। ਮਹੁੰਮਦ ਅਜ਼ੀਮ ਖਾਨ ਨੇ ਸਿੱਖ ਰਾਜ ਖਿਲਾਫ਼ ਿਜਹਾਦ ਦਾ ਐਲਾਨ ਕਰ ਦਿੱਤਾ ਅਤੇ ਮੁਸਲਮਾਨਾਂ ਕਾਜ਼ੀਆਂ ਵੱਲੋੰ ਭੜਕਾਏ 25,000 ਮੁਸਲਮਾਨ ਪਠਾਣ ਉਸ ਨਾਲ ਆ ਰਲੇ।

ਮਹਾਰਾਜੇ ਨੇ ਇਸ ਸ਼ਹਿਰ ਤੇ ਹਾਲਾਤ ਜਾਨਣ ਲਈ 2000 ਸਿੱਖ ਘੋੜਸਵਾਰ ਫੌਜ ਦੀ ਟੁਕੜੀ ਕੰਵਰ ਸ਼ੇਰ ਸਿੰਘ ਦੀ ਅਗਵਾਈ’ਚ ਭੇਜੀ। ਉਸ ਤੋਂ ਬਾਅਦ ਹਰੀ ਸਿੰਘ ਨਲੂਏ ਦੀ ਅਗਵਾਈ’ਚ ਕੰਵਰ ਸ਼ੇਰ ਸਿੰਘ ਦੀ ਮੱਦਦ ਲਈ ਹੋਰ ਫੌਜ ਭੇਜੀ। ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਦੇਸਾ ਸਿੰਘ ਮਜੀਠੀਆ, ਸਰਦਾਰ ਫਤਿਹ ਸਿੰਘ ਆਹਲੂਵਾਲੀਆ ਅਟਕ ਵਿਖੇ ਇੱਕਠੇ ਹੋਏ।

ਕੰਵਰ ਸ਼ੇਰ ਸਿੰਘ ਅਤੇ ਹਰੀ ਸਿੰਘ ਨਲੂਆ ਨੇ ਅਟਕ ਦਰਿਆ ਤੇ ਕਿਸ਼ਤੀਆਂ ਨਾਲ ਬਣਿਆ ਪੁੱਲ ਪਾਰ ਕੇ ਛੋਟੀ ਲੜਾਈ ਤੋਂ ਬਾਅਦ ਜਹਾਂਗੀਰ ਕਿਲਾ ਆਪਣੇ ਕਬਜ਼ੇ’ਚ ਲੈ ਲਿਆ। ਮਹੁੰਮਦ ਅਜ਼ੀਮ ਖਾਨ ਨੇ ਦੋਸਤ ਮਹੁੰਮਦ ਖਾਨ ਅਤੇ ਜਾਬਰ ਖਾਨ ਦੀ ਅਗਵਾਈ ਗਾਜ਼ੀਆਂ ਦੀ ਫੌਜ ਸਿੱਖਾਂ ਨਾਲ ਟੱਕਰ ਲੈਣ ਲਈ ਭੇਜ ਦਿੱਤੀ। ਮਹੁੰਮਦ ਅਜ਼ੀਮ ਖਾਨ ਨੇ ਅਟਕ ਦਰਿਆ ਤੇ ਬਣਿਆ ਕਿਸ਼ਤੀਆਂ ਦਾ ਪੁੱਲ ਵੀ ਤੋੜ ਦਿੱਤਾ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਫੌਜ ਸਮੇਤ ਦਰਿਆ ਪਾਰ ਨਾ ਕਰ ਸਕੇ। ਮਹਾਰਾਜੇ ਨੇ ਦੁਬਾਰਾ ਪੁੱਲ ਬਣਾਉਣਾ ਸ਼ੁਰੂ ਕੀਤਾ ਤਾਂ ਉਦੋਂ ਮਹਾਰਾਜੇ ਨੂੰ ਖ਼ਬਰ ਮਿਲੀ ਕਿ ਵੱਡੀ ਗਿਣਤੀ’ਚ ਗਾਜ਼ੀ ਫੌਜ ਨੇ ਦਰਿਆ ਦੇ ਦੂਸਰੇ ਪਾਸੇ ਸਿੱਖ ਫੌਜ ਨੂੰ ਘੇਰ ਲਿਆ ਹੈ, ਜੇ ਜਲਦੀ ਨਾ ਪਹੁੰਚੀ ਨੇ ਤਾਂ ਸ਼ਾਇਦ ਇੱਥੇ ਇੱਕ ਸਿੱਖ ਵੀ ਨਾ ਬਚੇ। ਜਾਂਬਾਜ਼ ਖਾਲਸੇ ਤੇ ਇਹ ਖ਼ਬਰ ਕੜਕਦੀ ਬਿਜਲੀ ਵਾਂਗ ਡਿੱਗੀ। ਜਦ ਖਾਲਸਾ ਫੌਜਾਂ ਨੇ ਆਪਣੇ ਵੀਰਾਂ ਨੂੰ ਵੈਰੀ ਦੇ ਹੱਥ ਘਿਰਿਆ ਸੁਣਿਆਂ ਤਾਂ ਇਹਨਾਂ ਦੇ ਕੌਮੀ ਜੋਸ਼ ਨੇ ਹੁਲਾਰਾ ਖਾਧਾ ਤੇ ਉਨ੍ਹਾਂ ਲਈ ਟਿਕ ਕੇ ਖੜ੍ਹਨਾਂ ਅਸੰਭਵ ਹੋ ਗਿਆ। ਅਕਾਲੀ ਬਾਬਾ ਫੂਲਾ ਸਿੰਘ ਦੇ ਲਹੂ ਨੇ ਤਾਂ ਐਸਾ ਉਬਾਲਾ ਲਿਆ ਕਿ ਉਹ ਆਪਣੇ 500 ਘੋੜ ਸਵਾਰਾਂ ਸਮੇਤ ਦਰਿਆ ਵਿਚ ਦਾਖਲ ਹੋ ਗਏ। ਅਕਾਲੀ ਜੀ ਦੇ ਤੁਰਨ ਦੀ ਦੇਰ ਸੀ ਕਿ ਮਹਾਰਾਜੇ ਸਮੇਤ ਬਾਕੀ ਸਰਦਾਰ ਤੇ ਘੋੜ ਸਵਾਰਾਂ ਨੇ ਵੀ ਆਪਣੇ ਘੋੜੇ ਦਰਿਆ ਵਿਚ ਠੇਲ੍ਹ ਦਿੱਤੇ। ਅਟਕ ਦਾ ਵਹਾਅ ਖਾਲਸੇ ਦੇ ਜੋਸ਼ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਕੁਝ ਸਿੰਘ ਦਰਿਆ ਵਿਚ ਰੁੜ੍ਹ ਵੀ ਗਏ। ਪਰ ਮਹਾਰਾਜੇ ਸਮੇਤ ਸਾਰੇ ਸਰਦਾਰ ਦਰਿਆ ਪਾਰ ਕਰ ਗਏ। ਏਧਰ ਖਾਲਸਾ ਫੌਜਾਂ ਦੇ ਦਰਿਆ ਪਾਰ ਕਰਨ ਦੀ ਖ਼ਬਰ ਸੁਣ ਕੇ ਜੰਗ ਵਿਚਲੇ ਸਿੰਘ ਪੱਕੇ ਪੈਰੀਂ ਹੋ ਗਏ ਤੇ ਦੁਸ਼ਮਨਾਂ ਨੂੰ ਭਾਜੜ ਪੈ ਗਈ।

ਸ਼ਹਾਦਤ : ਇੱਥੇ ਫੌਜ ਨੂੰ ਤਿੰਨ ਹਿੱਸਿਆਂ’ਚ ਵੰਡ ਲਿਆ ਅਤੇ ਅਕਾਲੀ ਫੂਲਾ ਸਿੰਘ ਨਾਲ 800 ਘੋੜਸਵਾਰ ਅਤੇ 700 ਪੈਦਲ ਨਹਿੰਗ ਖਾਲਸਾ ਫੌਜੀ ਸਨ। ਖਾਲਸਾ ਫੌਜ ਨੇ ਪਿਸ਼ਾਵਰ ਤੇ ਚੜਾਈ ਕਰਨ ਤੋਂ ਪਹਿਲਾ ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਕਿ ਖਾਲਸੇ ਦੀ ਮੈਦਾਨ’ਚ ਫ਼ਤਿਹ ਹੋਵੇ ਅਤੇ ਚੜਾਈ ਕਰਨ ਦੀ ਵਾਹਿਗੁਰੂ ਤੋਂ ਆਗਿਆ ਲਈ। ਜਦੋਂ ਹੀ ਅਰਦਾਸ ਸਮਾਪਤ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਨਰਲ ਵੈਨਟੁਰਾ (ਖਾਲਸਾ ਫੌਜ ਦਾ ਇਟਾਲੀਅਨ ਜਰਨੈਲ) ਦਾ ਸੁਨੇਹਾ ਮਿਲਿਆ ਕਿ ਤੋਪਾਂ ਅਤੇ ਹੋਰ ਅਸਲਾ ਬਾਰੂਦ ਲੈ ਕੇ ਆਉਣ’ਚ ਉਸ ਨੂੰ ਥੋੜੀ ਦੇਰ ਲੱਗ ਰਹੀ ਹੈ, ਇਸ ਲਈ ਸਿੱਖ ਤੋਪਖਾਨੇ ਦੇ ਪਹੁੰਚਣ ਤੱਕ ਹਮਲਾ ਰੋਕ ਲਿਆ ਜਾਵੇ। ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਨੂੰ ਇਤਜ਼ਾਰ ਕਰਨ ਦਾ ਹੁਕਮ ਸੁਣਾ ਦਿੱਤਾ।

ਪਰ ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ’ਚ ਜਿਹੜਾ ਅੱਜ ਰਾਤ ਨੂੰ ਹਮਲਾ ਕਰਨ ਦਾ ਗੁਰਮਤਾ ਪਾ ਕੇ ਅਰਦਾਸ ਕੀਤੀ ਹੈ, ਉਸ ਤੋਂ ਕਿਸੇ ਵੀ ਹਾਲਤ’ਚ ਪਿੱਛੇ ਨਹੀੰ ਹਟਿਆ ਜਾ ਸਕਦਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਤੁਸੀੰ ਆਪਣੀ ਫੌਜ ਵਾਰੇ ਜਿਵੇਂ ਤੁਹਾਨੂੰ ਠੀਕ ਲੱਗੇ ਫੈਸਲਾ ਲੈ ਸਕਦੇ ਹੋ ਪਰ ਨਿਹੰਗ ਸਿੰਘ ਫੌਜ ਮੈਦਾਨੇ ਜੰਗ’ਚ ਜਾਣ ਲੱਗੀ ਹੈ ਅਤੇ ਕਿਸੇ ਵੀ ਹਾਲਤ’ਚ ਮੈਦਾਨ ਫਤਿਹ ਕੀਤੇ ਬਿਨਾਂ ਵਾਪਸ ਨਹੀਂ ਪਰਤੇਗੀ।

ਅਕਾਲੀ ਫੂਲਾ ਸਿੰਘ ਦੀ ਅਗਵਾਈ’ਚ #ਨੁਸ਼ਹਿਰੇ ਦੇ ਮੈਦਾਨ ਵਿੱਚ 1500 #ਨਿਹੰਗ ਸਿੰਘਾਂ ਨੇ 30,000 #ਪਠਾਣਾਂ ਉੱਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉੰਦੇ ਹੋਏ ਹਮਲਾ ਕਰ ਦਿੱਤਾ। ਅੱਗੋਂ ਗਾਜ਼ੀਆਂ ਨੇ ਗੋਲੀਆਂ ਦਾ ਮੀਂਹ ਵਰ੍ਾ ਦਿੱਤਾ ਉਹਨਾਂ ਕੋਲ 40 ਤੋਪਾਂ ਵੀ ਸਨ। ਪਰ ਅਸਲੇ ਬਾਰੂਦ ਦੀ ਘਾਟ ਕਾਰਨ ਨਿਹੰਗ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਕੇ #ਕਿਰਪਾਨਾਂ ਹੀ ਪੈਠਾਣਾਂ ਤੇ ਟੱੁਟ ਗਏ।

ਰਣ ਤੱਤੇ’ਚ ਖੰਡੇ ਖੜਕਾਉੰਦੇ ਹੋਏ ਅਕਾਲੀ ਫੂਲਾ ਸਿੰਘ ਦੀ ਲੱਤ ਤੇ ਕਈ ਫੱਟ ਲੱਗੇ। ਜਦੋਂ ਤੁਰਨ’ਚ ਜ਼ਿਆਦਾ ਤਕਲੀਫ਼ ਹੋਣ ਲੱਗੀ ਤਾਂ ਅਕਾਲੀ ਫੂਲਾ ਸਿੰਘ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ’ਚ ਜੂਝਣ ਲੱਗ ਗਏ। ਇਸ ਤੋਂ ਬਾਅਦ ਜੱਥੇਦਾਰ ਸਾਹਿਬ ਦੇ ਘੋੜੇ ਦੇ ਗੋਲੀਆਂ ਵੱਜੀਆਂ ਅਤੇ ਆਪ ਜੀ ਹੱਥੀ ਦੇ ਸਵਾਰ ਹੋ ਲੜਾਈ ਦੀ ਅਗਵਾਈ ਅਤੇ ਬੰਦੂਕ ਨਾਲ ਦੁਸ਼ਮਣ ਨਾਲ ਟੱਕਰ ਲੈਣ ਲੱਗੇ। ਹਾਥੀ ਉੱਤੇ ਬੈਠੇ ਲੜਾਈ ਦੀ ਕਮਾਨ ਸੰਭਾਲ ਰਹੇ ਇਸ ਸਿੱਖ ਰਾਜ ਦੇ ਮਹਾਨ ਜਰਨੈਲ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਗਈਆਂ। ਅੰਤ 62 ਸਾਲ ਦੀ ਉਮਰ’ਚ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਇਹ ਮਹਾਨ ਜਰਨੈਲ ਸ਼ਹਾਦਤ ਦਾ ਜਾਮ ਪੀ ਗਿਆ।

ਉਦੋਂ ਤੱਕ ਕੰਵਰ ਸ਼ੇਰ ਸਿੰਘ ਫੌਜ ਸਮੇਤ ਪਹੁੰਚ ਗਿਆ ਅਤੇ ਮਹਾਰਾਜੇ ਨੇ ਉਸ ਨੂੰ ਸਿੱਧਾ ਮੈਦਾਨੇ ਜੰਗ’ਚ ਭੇਜ ਦਿੱਤਾ। ਫਿਰ ਥੋੜੀ ਦੇਰ ਬਾਅਦ ਸਰਦਾਰ ਹਰੀ ਸਿੰਘ ਨਲੂਆ ਅਤੇ ਜਨਰਲ ਵੈਨਟੁਰਾ ਵੀ ਤੋਪਖਾਨੇ ਸਮੇਤ ਪਹੁੰਚ ਗਿਆ। ਜਦੋਂ ਸਰਦਾਰ ਹਰੀ ਸਿੰਘ ਨਲੂਏ, ਸਰਦਾਰ ਬੁੱਧ ਸਿੰਘ ਅਤੇ ਜਨਰਲ ਵੈਨਟੁਰਾ ਨੇ ਮੈਦਾਨੇ ਜੰਗ’ਚ ਪੈਰ ਰੱਖਿਆ ਤਾਂ ਮਹੁੰਮਦ ਅਜ਼ੀਮ ਖਾਂ ਮੈਦਾਨ ਛੱਡ ਕੇ ਭੱਜ ਗਿਆ। ਜਦੋਂ ਜਿਹਾਦੀ ਗਾਜ਼ੀਆਂ ਨੂੰ ਪਤਾ ਲੱਗਾ ਕਿ ਅਜ਼ੀਮ ਖਾਂ ਭੱਜ ਗਿਆ ਤਾਂ ਉਹ ਵੀ ਹੌਸਲਾ ਹਾਰ ਗਏ ਅਤੇ ਮੈਦਾਨ ਛੱਡ ਕੇ ਭੱਜਣ ਲੱਗੇ ਤਾਂ ਸਿੱਖਾਂ ਨੇ ਜਿਹਾਦੀ ਦੂਰ ਤੱਕ ਭਜਾ -ਭਜਾ ਕੇ ਕੁੱਟੇ

ਜੰਗ ਜਿੱਤਣ ਤੋਂ ਅਕਾਲੀ ਫੂਲਾ ਸਿੰਘ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਫੈਲ ਗਈ। ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਸਰੂਪ ਹਾਥੀ ਉੱਪਰ ਬਣੀ ਹੋਈ ਸਵਾਰੀ’ਚ ਲਹੂ ਨਾਲ ਲੱਥ ਪੱਥ ਪਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਦੇ ਹੰਝੂ ਨਾ ਰੁਕੇ ਅਤੇ ਉਹਨਾਂ ਆਪਣੀ ਲੋਈ ਲਾਹ ਕੇ ਅਕਾਲੀ ਫੂਲਾ ਸਿੰਘ ਦਾ ਸਮਮਾਨ ਨਾਲ ਸਰੀਰ ਢਕਿਆ ਅਤੇ ਅਗਲੇ ਦਿਨ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ।

ਆਪਣੀ ਅਰਦਾਸ ਉੱਤੇ ਪਹਿਰਾ ਦੇਣ ਵਾਲੇ ਇਸ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

ਅਨੁਵਾਦ – ਇੰਦਰ ਜੀਤ ਸਿੰਘ ਚੀਮਾ