ਸਾਰਾ ਦਿਨ ਡੱਕਾ ਨਾ ਦੂਹਰਾ ਕਰਨ ਵਾਲ਼ਾ ਮੁਲਖ , ROYALਜੱਟ ਜੱਟੀਆਂ ਕਹਾਉਣ ਵਾਲੇ ਅੈਸ਼ੀ ਪੱਠੇ … ਜਦ ਦਰਖੱਤਾਂ ਤੇ ਲੱਗੇ ਡਾਲਰ,ਪੌਂਡ ਜਾਂ ਯੂਰੋ ਤੋਡ਼ਨ ਬਾਹਰਲੇ ਮੁਲਕ ਪਹੁੰਚਦੇ ਨੇ.. ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਇਹ ਵਹਿਮ ਦੂਰ ਹੁੰਦੈ.. ਤੇ ਫੇਰ ਉਹਨਾਂ ਅੰਦਰਲਾ ਜੱਟਪੁਣਾਂ ਮਰਦਾ..! ਫੇਰ ਰੰਗ ਦਾ ਗੁਮਾਨ ਖਤਮ ਹੁੰਦਾ..! ਫੇਰ ਅੌਰਤ ਪ੍ਤੀ ਸੋਚ ਬਦਲਦੀ ਅੈ ਭਾਂਵੇ ਅਾਪਣੀ ਭਾਂਵੇ ਪਰਾਈ ..! ਹੱਥੀਂ ਕੰਮ ਕਰਨ ਦੀ ਜਾਚ ਅਾਉਂਦੀ ਅੈ..,..ਭਾਂਵੇਂ ਚੀਕਾਂ ਮਾਰ ਕੇ ਹੀ ਅਾਵੇ ਤੇ ਚੀਕਾਂ ਬਾਹਲ਼ੀ ਦੂਰ ਨੀ ਅੱਪੜਦੀਆਂ ! ਸਾਰੀ ਕਮਾਈ ਦਸਾਂ ਨੌਹਾਂ ਦੀ ਕਿਰਤ ਦੀ ਹੁੰਦੀ ਅੈ..! ਇਮਾਨਦਾਰੀ ਅਾਉਂਦੀ ਅੈ..! ਚੁਗਲੀ ਨਿੰਦਿਆ ਤੋਂ ਜੀਭ ਨੂੰ ਦਿਨ ਬ ਦਿਨ ਛੁਟਕਾਰਾ ਮਿਲ਼ਦਾ ਅਾ..! ਫੇਰ ਡੇਰੇ , ਬਾਬਿਆਂ ਤੇ ਗੁਰਦਵਾਰਿਆਂ ਚ ਫਰਕ ਪਤਾ ਲੱਗਦਾ..! ਦਸਵੰਦ ਦੇ ਸਵਰੂਪ ਬਦਲਦੇ ਅਾ ਜੋ ਸਿੱਖੀ ਤੋਂ ਇਲਾਵਾ ਫੋਰਟ ਮੈਕਮਰੀ ਵਰਗੇ ਸ਼ਹਿਰਾਂ ਦੇ ਬੇਘਰ ਬਸ਼ਿੰਦਿਆ ਵਾਰੇ ਵੀ ਸੋਚਦਾ ਹੈ..! ਇਨਸਾਨੀਅਤ ਵਧਦੀ ਹੈ..! ਅਾਤਮ ਨਿਰਭਰਤਾ ਤੇ ਇੱਕਲੇ ਫੈਸਲੇ ਲੈਣ ਦਾ ਵੱਲ ਅਾਉਂਦਾ ਹੈ..! ਹੱਕ ਤੇ ਅਜ਼ਾਦੀ ਬਾਰੇ ਪਤਾ ਚੱਲਦਾ ਅੈ ਕਿ ਇਹ ਕੀ ਬਲਾਵਾਂ ਹੁੰਦੀਆਂ ਨੇ..! ਅਾਪਣੇਂ ਲੋਕਾਂ ਦਾ ਪਿਆਰ ਜਾਗਦਾ ਅੈ ਤੇ ਦਿਲ ਨੂੰ ਇੱਕ ਚਿਣਗ ਲੱਗੀ ਰਹਿੰਦੀ ਏ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਹੋਵੇ..! ਪਰ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਖੱਟੇ ਮਿੱਠੇ ਤਜ਼ੁਰਬੇ ਮੋਹ ਭੰਗ ਕਰਦੇ ਨੇ ! ਬਹੁਤੀ ਅਾਓ ਭਗਤ ਟੈਚੀਆਂ ਦੇ ਭਾਰ ਤੇ ਉਹਨਾਂ ਵਿਚਲੇ ਸਮਾਨ ਤੇ ਹੀ ਨਿਰਭਰ ਕਰਦੀ ਹੈ ..! ਬੰਦੇ ਦਾ ਬੰਦੇ ਨੂੰ ਚਿਰਾਂ ਪਿੱਛੋਂ ਮਿਲਣਾਂ ਬੇਮਾਇਨੇ ਹੋ ਜਾਂਦਾ ਹੈ..! ਤੇ ਹੌਲ਼ੀ ਹੌਲ਼ੀ ਬੰਦਾ ਐਧਰਲੇ ਸਿਸਟਮ ਚ ਢਲ਼ ਜਾਂਦਾ ਤੇ ਘਰਾਂ ਦੀਆਂ ਕਿਸ਼ਤਾਂ ਦੀ ਉਲਝਣ ਚ ਉਲਝੇ ਵਿਅਾਂ ਦੀ ਪੰਜਾਬ ਜਾਕੇ ਵਸਣ ਦੀ ਚਾਹਨਾਂ ਦਮ ਤੋਡ਼ ਦਿੰਦੀ ਅੈ..!ਨਿਰਮੋਹੀ ਧਰਤੀ ਦੇ ਨਿਰਮੋਹੇ ਲੋਕਾਂ ਦਾ ਠੱਪਾ ਲਵਾ ਕੇ ਬੰਦਾ ਵੱਤਰ ਸਿਰ ਹੋ ਜਾਂਦਾ ਤੇ ਉਸਦਾ ਪੰਜਾਬ ਅਾਉਣਾ ਜਾਣਾ ਘਟਦਾ ਘਟਦਾ ਘਟ ਜਾਂਦਾ ਤੇ ਪਾਸਪੋਰਟ ਤੇ ਡਿਪਾਰਚਰ ਟੂ ਡਿਪਾਰਚਰ ਦੀ ਤਰੀਖ ਲੰਬੀ ਹੋ ਜਾਂਦੀ ਅੈ ..! ਬੱਸ ਇਹੋ ਕਹਾਣੀ ਅੈ ਜੀ ਸਾਡੀ………. ਨਹੀਂ ਰਹਿੰਦੇ ਇੰਡੀਆ ਵਾਲਿਆਂ(NRI)S ਦੀ…….!

Sarab Pannu