ਚਾਨਣੋਂ ਖੁੰਝਿਆ ਚਿਰਾਗ਼

ਅਮਰਜੀਤ ਸਿੰਘ ਮਾਨ (Pbi Tribune) 18.01.2018

ਸਾਲ 1991 ਵਿੱਚ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸਾਂ। ਮਜ਼ਦੂਰ ਮਾਪਿਆਂ ਦਾ ਪੁੱਤ ਰਛਪਾਲ ਉਦੋਂ ਮੇਰਾ ਆੜੀ ਹੁੰਦਾ ਸੀ। ਜਮਾਤ ਵਿੱਚ ਤੱਪੜ ਉਤੇ ਅਸੀਂ ਨਾਲ ਨਾਲ ਬੈਠਦੇ। ਰਛਪਾਲ ਪੜ੍ਹਨ ਵਿੱਚ ਹੁਸ਼ਿਆਰ ਸੀ। ਪੱਕੇ ਪੇਪਰਾਂ ਦੇ ਨਤੀਜੇ ਵੇਲੇ ਸਾਰੀ ਜਮਾਤ ਵਿੱਚੋਂ ਉਹ ਅੱਵਲ ਆਉਂਦਾ ਅਤੇ ਮੈਂ ਦੋਇਮ। ਪੱਕੀ ਪਹਿਲੀ ਤੋਂ ਚੌਥੀ ਤਕ ਸਾਡੀਆਂ ਪੁਜੀਸ਼ਨਾਂ ਉਹੀ ਰਹੀਆਂ। ਇਸੇ ਕਾਰਨ ਅਸੀਂ ਆਪਣੀ ਇੰਚਾਰਜ ਚਮੇਲੀ ਦੇਵੀ (ਭੈਣਜੀ) ਦੇ ਚਹੇਤੇ ਵਿਦਿਆਰਥੀ ਸਾਂ। ਸਾਨੂੰ ਵੀ ਭੈਣਜੀ ਬੜੇ ਚੰਗੇ ਲਗਦੇ। ਉਹ ਸਾਡੇ ਲਈ ਆਦਰਸ਼ ਅਧਿਆਪਕਾ ਸਨ। ਉਨ੍ਹਾਂ ਦੇ ਅਸਰ ਅਧੀਨ ਹੀ ਰਛਪਾਲ ਵੱਡਾ ਹੋ ਕੇ ਅਧਿਆਪਕ ਬਣਨਾ ਚਾਹੁੰਦਾ ਸੀ।

ਪੰਜਵੀਂ ਵਿੱਚ ਹੀ ਉਹ ਛੇਵੀਂ ਵਾਲੀ ਅੰਗਰੇਜ਼ੀ ਦੀ ਕਿਤਾਬ ਪੜ੍ਹਨ ਲੱਗ ਪਿਆ ਸੀ। “ਜਦੋਂ ਮਾਸਟਰ ਲੱਗ ਗਿਆ ਨਾਥਥਥ ਇੰਜ ਦਸਤਖਤ ਕਰਿਆ ਕਰਾਂਗਾ!” ਰਛਪਾਲ ਆਪਣੇ ਨਾਮ ਦਾ ਪਹਿਲਾ ਅੱਖਰ ਅੰਗਰੇਜ਼ੀ ਵਿੱਚ ‘ਆਰ’ ਲਿਖ ਕੇ ਉਪਰ ਗੋਲ ਚੱਕਰ ਜਿਹਾ ਵਾਹ ਕੇ ਮੈਨੂੰ ਦਿਖਾਉਂਦਾ। ਨਾਲ ਉਹ ਮਿਤੀ ਲਿਖਣੀ ਵੀ ਨਾ ਭੁੱਲਦਾ। ਕੁਝ ਸੌਖੇ ਘਰਾਂ ਦੇ ਦੂਸਰੇ ਵਿਦਿਆਰਥੀ ਉਸ ਨਾਲ ਖਾਰ ਖਾਂਦੇ। ਅਖ਼ੀਰ ਪੰਜਵੀਂ ਜਮਾਤ ਦੇ ਪੇਪਰ ਹੋ ਗਏ। ਨਤੀਜਾ ਉਹੀ ਸੀ, ਰਛਪਾਲ ਸਾਰੀ ਜਮਾਤ ਵਿੱਚੋਂ ਪਹਿਲੇ ਸਥਾਨ ‘ਤੇ ਆਇਆ ਸੀ। ਉਦੋਂ ਉਸ ਦੀ ਮਾਂ ਨੇ ਆਪਣਾ ਮੁੰਡਾ ਵੱਡੇ ਸਕੂਲ ਵਿੱਚ ਦਾਖਲ ਕਰਵਾ ਕੇ ਸਵਾ ਪੰਜ ਰੁਪਈਆਂ ਦੇ ਪਤਾਸੇ ਵੰਡੇ ਸੀ।

ਅਸੀਂ ਨਵੀਂ ਵਰਦੀ ਬਣਵਾਈ। ਨਵੀਆਂ ਕਿਤਾਬਾਂ ਨਵੇਂ ਬਸਤੇ ਵਿੱਚ ਪਾ ਕੇ ਚਾਈਂ ਚਾਈਂ ਸਕੂਲ ਗਏ। ਤੱਪੜਾਂ ਨਾਲੋਂ ਬੈਂਚ ‘ਤੇ ਬੈਠਣ ਦਾ ਆਪਣਾ ਹੀ ਆਨੰਦ ਸੀ। ਮੈਂ ਤੇ ਰਛਪਾਲ ਨੇ ਪਹਿਲਾ ਬੈਂਚ ਮੱਲ ਲਿਆ। ਪਿੰਡ ਵੱਡਾ ਹੋਣ ਕਾਰਨ ਸਾਡੇ ਪਿੰਡ ਦੋ ਪ੍ਰਾਇਮਰੀ ਸਕੂਲ ਸਨ; ਤੇ ਅੱਗੇ ਜਾ ਕੇ ਮਿਡਲ ਸਕੂਲ ਇਕ ਸੀ। ਦੋਵਾਂ ਪ੍ਰਾਇਮਰੀ ਸਕੂਲਾਂ ਦੇ ਬੱਚੇ ਛੇਵੀਂ ਵਿੱਚ ਇਕ ਜਮਾਤ ਵਿੱਚ ਆ ਜਾਂਦੇ। ਉਨ੍ਹਾਂ ਨੂੰ ਆਪਸ ਵਿੱਚ ਘੁਲਣ-ਮਿਲਣ ਵਿੱਚ ਕੁਝ ਦਿਨ ਤਾਂ ਲੱਗ ਹੀ ਜਾਂਦੇ ਸਨ। ਪਹਿਲੇ ਦਿਨ ਹੀ ਦੂਜੇ ਸਕੂਲ ਵਿੱਚੋਂ ਆਏ ਇਕ ਮੁੰਡੇ ਨੰਦ ਦਾ ਪੈੱਨ ਗੁਆਚ ਗਿਆ। ਉਸ ਨੂੰ ਰਛਪਾਲ ਉੱਪਰ ਸ਼ੱਕ ਪੈ ਗਿਆ; ਤੇ ਉਸ ਨੇ ਪੀਟੀ ਮਾਸਟਰ ਨੂੰ ਰਛਪਾਲ ਦੀ ਸ਼ਿਕਾਇਤ ਕਰ ਦਿੱਤੀ। ਪੀਟੀ ਮਾਸਟਰ ਦੀ ਸਾਰੇ ਵਿਦਿਆਰਥੀਆਂ ਵਿੱਚ ਕੁਝ ਜ਼ਿਆਦਾ ਹੀ ਦਹਿਸ਼ਤ ਸੀ। ਮਾਸਟਰ ਜੀ ਦੀ ਚਪੇੜ ਬਾਰੇ ਮਸ਼ਹੂਰ ਸੀ ਕਿ ਜਦੋਂ ਗੱਲ੍ਹ ‘ਤੇ ਪੈਂਦੀ ਹੈ ਤਾਂ ਝਟਕੇ ਨਾਲ ਉਨ੍ਹਾਂ ਦੀ ਗੁੱਟ-ਘੜੀ ਖੁੱਲ੍ਹ ਜਾਂਦੀ ਹੈ। ਇਹ ਗੱਲ ਅਸੀਂ ਪੰਜਵੀਂ ਵਿੱਚ ਹੀ ਸੁਣੀ ਹੋਈ ਸੀ।

ਪੀਟੀ ਮਾਸਟਰ ਸਟਾਫ ਰੂਮ ਵਿੱਚ ਬੈਠਾ ਹੋਇਆ ਸੀ। ਨੰਦ ਨੇ ਆ ਕੇ ਮਾਸਟਰ ਜੀ ਦਾ ਸੁਨੇਹਾ ਰਛਪਾਲ ਨੂੰ ਲਾ ਦਿੱਤਾ, “ਪੀਟੀ ਨੇ ਸਟਾਫ ਰੂਮ ‘ਚ ਸੱਦਿਆ ਤੈਨੂੰ।” ਰਛਪਾਲ ਨੂੰ ਜਾਪਿਆ, ਨੰਦ ਮਜ਼ਾਕ ਕਰਦਾ ਹੈ। ਉਹ ਮਾਸਟਰ ਜੀ ਕੋਲ ਨਾ ਗਿਆ। ਨੰਦ ਨੇ ਮਸਾਲਾ ਲਾ ਕੇ ਮਾਸਟਰ ਜੀ ਨੂੰ ਦੁਬਾਰਾ ਜਾ ਕੇ ਕਹਿ ਦਿੱਤਾ, “ਜੀ ਉਹ ਕਹਿੰਦਾ ਮੈਂ ਨਹੀਂ ਜਾਂਦਾ, ਮਾਸਟਰ ਜੀ ਇਥੇ ਆ ਜਾਣ।”

ਇਹ ਸੁਣ ਕੇ ਮਾਸਟਰ ਜੀ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਜਾ ਪਹੁੰਚਿਆ। ਗੁੱਟ ‘ਤੇ ਘੜੀ ਠੀਕ ਕਰ ਕੇ ਬੰਨ੍ਹਦੇ ਹੋਏ ਮਾਸਟਰ ਜੀ ਨੇ ਕਮਰੇ ਵਿੱਚ ਆ ਕੇ ਥਾਣੇਦਾਰ ਵਾਂਗ ਦਬਕਾ ਮਾਰਿਆ, “ਕਿਹੜਾ ਓਏ ਰਛਪਾਲ?”

ਜਮਾਤ ਵਿੱਚ ਸੰਨਾਟਾ ਛਾ ਗਿਆ। ਡਰ ਨਾਲ ਰਛਪਾਲ ਨੂੰ ਕੰਬਣੀ ਆ ਗਈ। ਉਹ ਖੜ੍ਹਾ ਹੋ ਗਿਆ। ਮਾਸਟਰ ਜੀ ਨੇ ਪੁੱਛ-ਗਿੱਛ ਕੀਤੇ ਬਗੈਰ ਰਛਪਾਲ ਦੇ ਚਪੇੜ ਮਾਰੀ। ਘੜੀ ਦੀ ਚੇਨ ਖੁੱਲ੍ਹ ਗਈ ਤੇ ਰਛਪਾਲ ਮੇਰੇ ਉਪਰ ਡਿਗਣੋਂ ਮਸਾਂ ਬਚਿਆ। ਬਿਨਾਂ ਕੋਈ ਗੱਲਬਾਤ ਕੀਤੇ ਮਾਸਟਰ ਜਿਵੇਂ ਆਇਆ ਸੀ, ਉਨ੍ਹੀਂ ਪੈਰੀਂ ਮੁੜ ਗਿਆ। ਰਛਪਾਲ ਦੀ ਕੋਮਲ ਗੱਲ੍ਹ ‘ਤੇ ਉਂਗਲਾਂ ਦੇ ਨਿਸ਼ਾਨ ਰਹਿ ਗਏ ਸਨ। ਕੁਝ ਸਮੇਂ ਮਗਰੋਂ ਹੀ ਉਸ ਨੂੰ ਤੇਜ਼ ਬੁਖਾਰ ਹੋ ਗਿਆ। ਸਕੂਲੋਂ ਛੁੱਟੀ ਲੈ, ਉਸ ਦਾ ਬਸਤਾ ਫੜ ਕੇ ਮੈਂ ਉਨ੍ਹਾਂ ਦੇ ਘਰ ਛੱਡ ਆਇਆ।

ਮਾਸਟਰ ਦੀ ਦਹਿਸ਼ਤ ਦਾ ਚੜ੍ਹਿਆ ਤਾਪ ਰਛਪਾਲ ਨੂੰ ਹਫਤੇ ਬਾਅਦ ਮਸਾਂ ਉਤਰਿਆ। ਨੰਦ ਦਾ ਪੈੱਨ ਅਗਲੇ ਦਿਨ ਉਸੇ ਦੇ ਬਸਤੇ ਵਿੱਚੋਂ ਮਿਲ ਗਿਆ, ਪਰ ਭਵਿੱਖ ਦੇ ਅਧਿਆਪਕ ਦਾ ਮਿਡਲ ਸਕੂਲ ਵਿੱਚ ਪਹਿਲਾ ਦਿਨ ਹੀ ਆਖ਼ਰੀ ਹੋ ਨਿਬੜਿਆ। ਉਹ ਦਿਨ ਵੀ ਭਲੇ ਸਨ। ਅਧਿਆਪਕਾਂ ਖ਼ਿਲਾਫ਼ ਮਾਪੇ ਕੁਝ ਬੋਲਦੇ ਨਹੀਂ ਸਨ।

ਰਛਪਾਲ ਤੋਂ ਪਾਲਾ ਬਣਿਆ ਮੇਰਾ ਇਹ ਦੋਸਤ ਹੁਣ ਮਜ਼ਦੂਰੀ ਕਰਦਾ ਹੈ। ਉਹ ਜਦ ਕਦੀ ਵੀ ਨਜ਼ਰੀਂ ਪੈਂਦਾ ਹੈ ਤਾਂ ਸੋਚਦਾ ਹਾਂ: ਕਾਸ਼! ਪੀਟੀ ਮਾਸਟਰ ਬਾਲ-ਮਨੋਵਿਗਿਆਨ ਬਾਰੇ ਕਿਣਕਾ-ਮਾਤਰ ਵੀ ਜਾਣਦਾ ਹੁੰਦਾ ਤਾਂ ਪਾਲੇ ਨੇ ਅੱਜ ਮਾਸਟਰ ਰਛਪਾਲ ਸਿੰਘ ਹੋਣਾ ਸੀ ਅਤੇ ਆਪਣੇ ਗਿਆਨ ਨਾਲ ਉਹਨੇ ਹੁਣ ਤੱਕ ਹੋਰ ਸੈਂਕੜੇ ਵਿਦਿਆਰਥੀਆਂ ਨੂੰ ਦੀਵੇ ਵਾਂਗ ਚਾਨਣ ਵੰਡਦੇ ਹੋਣਾ ਸੀ।

ਸੰਪਰਕ: 94634-45092