ਨਿਤਨੇਮ ਲਈ ਇਹ ਇਸੇ ਤਰ੍ਹਾਂ ਬਹਿੰਦੀ ਹੈ ਮਾਂ ਦੀ ਗੋਦੀ ‘ਚ।

ਬਹਿੰਦੀ ਹੈ, ਬਹਿੰਦੀ ਸੀ ਤੇ ਬਹਿੰਦੀ ਰਹੇਗੀ। ਹਾਂ ਰਹੇਗੀ, ਜਦ ਇਹ ਮਾਂ ਦੇਹ ਦਾ ਓਲ੍ਹਾ ਕਰ ਗਈ ਤਾਂ ‘ਮਾਤਾ ਧਰਤ’ ਦੀ ਗੋਦ ‘ਚ ਬੈਠ ਕੇ ਨਿਤਨੇਮ ਕਰਿਆ ਕਰੇਗੀ।

ਜਦੋ ਵੀ ਅਸੰਖ ਵਾਲੀ ਅੰਤਿਮ ਪਉੜੀ ਆਉਣੀ,

“ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥”

ਤਾਂ ਓਹਨੇ ਹੌਲੀ ਦੇਣੇ ਕਹਿਣਾ, “ਇਹ ਮਹਾਰਾਜ ਨੇ ਗੰਗੂ ਲਈ ਲਿਖੀ ਆ….”।

ਤੇ ਫੇਰ ਜਦ ਮਾਂ ਨੇ ਪੜ੍ਹਨਾ, “ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥” ਤਾਂ ਓਹਨੇ ਕਹਿਣਾ ਇਹ ਸੱਚੇ ਪਾਤਸ਼ਾਹ ਨੇ ਛੋਟੇ ਸਾਹਿਬਜਾਦਿਆਂ ਲਈ ਲਿਖੀ ਹੈ।

ਨਿਤਨੇਮ ਵਿਚ ਉਹ ਬਸ ੨-੩ ਥਾਈਂ ਬੋਲਦੀ ਸੀ। ਇਕ ਉਥੇ ਜਿਥੇ ਮਾਂ ਪੜ੍ਹਦੀ,

“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥

ਆਹ ਮੇਰੇ ਲਈ, ਉਸਨੇ ਝੱਟ ਬੋਲਣਾ। “ਸਾਰੀ ਬਾਣੀ ਤੇਰੇ ਲਈ ਆ ਪੁੱਤ”, ਬਾਪੂ ਜੀ ਨੇ ਬੋਲਣਾ, “ਹਾਂ ਪਰ ਆਹ ਮੇਰੇ ਲਈ”, ਤੇ ਇਹ ਕਹਿੰਦਿਆਂ ਓਹਨੇ ਗੋਦ ਵਿਚ ਬੈਠੇ ਹੀ ਮੂੰਹ ਉਤਾਂਹ ਚੁੱਕ ਕੇ ਮਾਂ ਦੇ ਮੂੰਹ ਵੱਲ ਦੇਖਣਾ, ਹਾਮੀਂ ਭਰਵਾਉਣ ਲਈ, “ਹਣਾ ਬੀਜੀ…”, “ਹਾਂ ਪੁੱਤ”, ਮਾਂ ਨੇ ਵੀ ਹਾਂ ਭਰਨੀ।

ਸਾਹਿਬਜਾਦਿਆਂ ਵਿਚੋਂ ਉਸ ਨੂੰ ਬਾਬਾ ਫਤਹਿ ਸਿੰਘ ਨਾਲ ਬਹੁਤ ਪਿਆਰ ਸੀ। ਉਸ ਨੇ ਕਈ ਵਾਰ ਮਾਂ ਨੂੰ ਕਹਿਣਾ, “ਬੀਜੀ, ਮੇਰਾ ਬੀਰੇ ਫਤਹਿ ਸਿੰਘ ਨਾਲ ਖੇਡਣ ਨੂੰ ਬੜਾ ਦਿਲ ਕਰਦਾ…”, ਤੇ ਇਹ ਸੁਣਦਿਆਂ ਮਾਂ ਦੀਆਂ ਅੱਖਾਂ ਵਿਚ ਅੱਥਰੂ ਆ ਜਾਣੇ ਤੇ ਮੂੰਹੋਂ ਦੋ ਕੌੜੇ ਬੋਲ ਗੰਗੂ ਪ੍ਰਤੀ ਨਿਕਲ ਜਾਣੇ।

“ਬੀਜੀ, ਜੇ ਆਪਾਂ ਸਰਹੰਦ ਦੀ ਦੀਵਾਰ ਢਾਹ ਦੇਈਏ ਤਾਂ ਬਿਚੋਂ ਬੀਰੇ ਨਿਕਲ ਆਉਣਗੇ”?

ਹੁਣ ਏਸ ਸਵਾਲ ਦਾ ਮਾਂ ਕੀ ਜਵਾਬ ਦੇਵੇ, ਕੋਈ ਵੀ ਐਸੇ ਭੋਲੇ ਸਵਾਲ ਦਾ ਕੀ ਜਵਾਬ ਦੇਵੇ।

“ਜੇ ਬੀਰਾ ਫਤਹਿ ਸਿੰਘ ਆ ਜਾਵੇ ਨਾ, ਤਾਂ ਮੈਂ ਓਹਨੂੰ ਗੁੜ ਵਾਲੇ ਮਿੱਠੇ ਚੌਲ ਖਵਾਊਂ…. ਹਣਾ ਬੀਜੀ ਬੀਰੇ ਨੂੰ ਬਹੁਤ ਪਸੰਦ ਆ ਨਾ ਉਹ ਚੌਲ, ਬੜੇ ਚਾਅ ਨਾਲ ਖਾਂਦਾ ਸੀ ਨਾ ਬੀਰਾ ਉਹ…. ਹਣਾ ਬੀਜੀ…. ਤੁਸੀਂ ਬੋਲਦੇ ਕਿਉਂ ਨਈ…”?

“ਹਾਂ ਪੁੱਤ…” ਮਾਂ ਨੇ ਭਰੇ ਗੱਚ ‘ਚੋਂ ਮਸਾਂ ਦੋ ਸ਼ਬਦ ਕੱਢਣੇ।

“ਜੇ ਬੀਰਾ ਆਇਆ ਨਾ ਤਾਂ ਮੈਂ ਬੀ ਓਹਦੇ ਨਾਲ ਜੰਗਲਾਂ ‘ਚ ਜਾਊਂ, ਸਿੰਘ ਇਕੱਠੇ ਕਰੂਂ ਤੇ ਜ਼ਾਲਮਾਂ ਨਾਲ ਟੱਕਰ ਲਊਂ…. ਬਸ ਇਕ ਵਾਰ ਆ ਜਾਵੇ…”, ਉਹ ਲਗਾਤਾਰ ਬੋਲਦੀ ਰਹਿੰਦੀ। ਗੁੱਡੀਆਂ ਪਟੋਲਿਆਂ ਨਾਲ ਤਾਂ ਉਹ ਕਦੇ ਖੇਡੀ ਈ ਨਹੀਂ ਸੀ।

ਪੰਜਾਂ ਤੱਤਾਂ, ਪੰਜਾਂ ਦਰਿਆਵਾਂ, ਪੰਜਾਂ ਪਿਆਰਿਆਂ, ਪੰਜਾਂ ਕਕਾਰਾਂ ਦੀ ਉਸਤਤ ਕਰਦੀ ਕਰਦੀ ਉਹ ਇਹਨਾਂ ਵਿਚ ਸਮਾਅ ਜਾਂਦੀ….

ਸਦੀਆਂ ਤੋਂ ਇਹ ਇੰਝ ਹੀ ਚੱਲ ਰਿਹਾ ਹੈ….

ਤੇ ਅੱਜ ਉਸਦੀ ਧੀ ਉਸਦੀ ਗੋਦ ਵਿਚ ਬੈਠੀ ਪੜ੍ਹ ਰਹੀ ਹੈ,

“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥”

ਤੇ ਇਹ ਇੰਝ ਹੀ ਚਲਦਾ ਰਹੇਗਾ….

Parm Singh Paintings