ਇਹ ਸਰੋਵਰ ਸਤਿਗੁਰਾਂ ਨੇ ਆਪਣੇ ਹੱਥੀਂ ਤੇ ਸਤਿਗੁਰਾਂ ਦੇ ਪੁਰਾਣੇ ਸਿੱਖਾਂ ਨੇ ਖੋਦਿਆ ਹੈ, ਇਸਦੀ ’ਰੱਬ ਨਿਮਤੀ’ ਅਨੰਤ ਹੈ । ਇਸ ਦਾ ਆਪਾ ਵਾਰਨ ਦਾ ਬਲ ਅਨੰਤ ਹੈ, ਇਥੇ ਸਹਸਰ ਗੁਰਮੁਖਾਂ ਦੇ ਸੀਸ ਚੜ੍ਹੇ, ਪੱਤਾ ਪੱਤਾ, ਜ਼ੱਰਾ ਜ਼ੱਰਾ ਇਥੇ ਭਾਵਾਂ ਨਾਲ ਭਰਿਆ ਪਿਆ ਹੈ, ਇਥੇ ਅਣਗਿਣਤ ਅਨਾਮ ਅਣਪਛਾਤੇ ਆਲੀ ਜਾਹ ਤੇ ਆਲੀ ਨਿਸ਼ਾਨ ਸਿੱਖਾਂ ਸਿਖਣੀਆਂ ਦੇ ਇਲਾਹੀ ਇਸ਼ਕ ਦੀਆਂ ਭਰੀਆਂ ਰੂਹ ਨੂੰ ਕੰਬਾਉਣ ਵਾਲੀਆਂ, ਜਿਗਰ ਚੀਰਵੀਆਂ, ਚੁਪ ਕੂਕਦੀਆਂ ਨਜਰਾਂ ਅਸਾਂ ਵੱਲ ਤੱਕ ਰਹੀਆਂ ਹਨ । ਸਾਰੀ ਲੋਪ ਹੋਈ ਸਿਖ ਤਵਾਰੀਖ, ਹਾਂ ਜੀ, ਸਾਧਾਰਣ ਗਰੀਬ, ਅਮਾਣੇ ਜਮਾਣੇ ਸਿਖਾਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਪਾਲੇ ਪਿਆਰੇ ਜੀਵਨ ਇਸ ਸਰੋਵਰ ਦੇ ਜਲ ਵਿਚ ਘੁਲੇ ਪਏ ਹਨ ।

ਪ੍ਰੋਫੈਸਰ ਪੂਰਨ ਸਿੰਘ