ਵਿੱਕੀ ਗੋਂਡਰ ਦੀ ਮੌਤ ਤੋਂ ਬਾਅਦ ਗੈਂਗਸਟਰਾਂ ਦੇ ਮਾਮਲੇ ਤੇ ਕਾਫੀ ਵੀਰ ਆਪਣੇ ਹਾਂ ਤੇ ਨਾਹ ਪੱਖੀ ਵਿਚਾਰ ਲਿਖ ਰਹੇ ਨੇ । ਸੋਚਿਆ…ਮੈਂ ਕਿਉਂ ਪਿੱਛੇ ਰਹਾਂ, । ਪੰਜਾਬ ਚ ਕਿਸੇ ਗੈਂਗਸਟਰ ਦੀ ਮੌਤ ਤੋਂ ਬਾਅਦ ਅਕਸਰ ਇਹ ਗੱਲਾਂ ਸੁਣਨ ਪੜਨ ਨੂੰ ਮਿਲਦੀਆਂ ਨੇ ਕਿ ਅਗਲਾ ਸਰਕਾਰ ਦੀ ਧੱਕੇਸ਼ਾਹੀ ਤੋਂ ਅੱਕ ਕੇ ਗੈਂਗਸਟਰ ਬਣਿਆ ਸੀ ..! ਵਧੀਆ ਖਿਡਾਰੀ ਸੀ, ਸਲੈਕਟ ਨੀ ਹੋਇਆ । ਜਾਂ ਫਿਰ ਫਲਾਨੇ ਥਾਂ ਉਹਦੇ ਨਾਲ ਕਾਨੂੰਨ ਨੇ ਧੱਕਾ ਕੀਤਾ ..! ਚਲੋ ਠੀਕ ਆ ਕਾਨੂੰਨ ਨੇ ਧੱਕੇਸ਼ਾਹੀ ਕੀਤੀ ਹੋਊ, ਅਗਲਾ ਗੈਂਗਸਟਰ ਬਣ ਗਿਆ । ਹਥਿਆਰ ਚੱਕ ਲਏ । ਪਰ ਕੀ ਕੋਈ ਇਹ ਦੱਸ ਸਕਦੇ ਕਿ ਗੈਂਗਸਟਰ ਬਣਨ ਤੋਂ ਬਾਅਦ ਉਹ ਕਿਹੜੀ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਲੜਦਾ ਰਿਹਾ ? ਵੱਡੀ ਗੱਲ ਕਿ ਖਿਡਾਰੀ ਹੀ ਕਿਉਂ ਗੈਂਗਸਟਰ ਬਣਦੇ ਨੇ ? ਜਦਕਿ ਦੂਜਾ ਪਾਸਾ ਵੇਖੀਏ ਤਾਂ ਉਹਦੇ ਤੇ, ਲੁੱਟਾਂ ਖੋਹਾਂ, ਅਗਵਾ ਕਰਕੇ ਫਿਰੌਤੀਆਂ ਮੰਗਣੀਆਂ, ਸੁਪਾਰੀ ਲੈ ਕੇ ਕਤਲ ਕਰਨੇ, ਆਪਸੀ ਗੈਂਗਵਾਰਾਂ ਚ ਇਕ ਦੂਜੇ ਨੂੰ ਮਾਰਨ ਤੱਕ ਦੇ ਠਾਣਿਆਂ ਚ ਕਈ ਪਰਚੇ ਦਰਜ ਹੁੰਦੇ ਨੇ । ਕੀ ਇਹ ਸਭ ਸਰਕਾਰੀ ਧੱਕੇਸ਼ਾਹੀ ਦੀ ਖਿਲਾਫਤ ਕਰਨ ਲਈ ਕੀਤਾ ਜਾਂਦਾ ? ਜੇ ਇਹ ਵੀ ਮੰਨ ਲਈਏ ਕਿ ਪੁਲਿਸ ਨੇ ਝੂਠੇ ਪਰਚੇ ਦਰਜ ਕੀਤੇ ਹੋਣਗੇ ਤਾਂ ਫਿਰ ਵੀ ਸਵਾਲ ਇਹ ਆ ਕਿ ਜਿਨ੍ਹਾ ਕਰਕੇ ਹਥਿਆਰ ਚੁੱਕੇ, ਉਹਨਾਂ ਖਿਲਾਫ ਉਹਨੇ ਵਰਤੇ ਕਦੋਂ ? ਸੱਚ ਇਹ ਆ ਕਿ ਅੱਜਕੱਲ ਪੰਜਾਬ ਦੀ ਅੱਧੀ ਜਵਾਨੀ ਤੇ ਫੋਕੀ ਸ਼ੌਹਰਤ, ਇੱਜਤ, ਹਥਿਆਰਾਂ ਦੀ ਨੋਕ ਤੇ ਸੌਖਿਆਂ ਪੈਸਾ ਕਮਾਉਣਾ, ਖਾਸ ਤੌਰ ਤੇ ਆਪਣਾ ਨਾਮ ਬਣਾਉਣਾ, ਕਿ ਹਰ ਕੋਈ ਸਾਨੂੰ ਜਾਣੇ, ਸਾਡੇ ਨਾਂ ਦੀ ਦਹਿਸ਼ਤ ਹੋਵੇ, ਵੱਡਿਆਂ ਵੱਡਿਆਂ ਚ ਸਾਡਾ ਨਾਂ ਬੋਲੇ , ਇਸ ਤਰਾਂ ਦਾ ਇਕ ਭੂਤ ਸਵਾਰ ਹੋਇਆ ਪਿਆ । ਤੇ ਹੈਰਾਨੀ ਦੀ ਗੱਲ ਆ ਕਿ ਇਸ ਸਭ ਕਾਸੇ ਲਈ ਮੌਤ ਨੂੰ ਵੀ ਗਲ ਲਾਉਣ ਲਈ ਤਿਆਰ ਨੇ । ਪਰ ਪਿੱਛੇ ਪਰਿਵਾਰ ਦਾ ਜੋ ਹਾਲ ਹੁੰਦਾ ਇਸ ਵੱਲ ਧਿਆਨ ਕੌਣ ਦੇਵੇ ? ਗੈਂਗਸਟਰ ਸ਼ੇਰਾ ਖੁੱਬਣ ਦੀ ਮੌਤ ਤੋਂ ਬਾਅਦ ਏ ਬੀ ਪੀ ਸਾਂਝਾ ਨਿਊਜ ਦੇ ਰਿਪੋਟਰ ਵੀਰ ਯਾਦਵਿੰਦਰ ਕਰਫਿਊ ਵੱਲੋਂ ਸ਼ੇਰੇ ਦੇ ਮਾਤਾ ਪਿਤਾ ਨਾਲ ਇਕ ਇੰਟਰਵਿਊ ਕੀਤੀ ਗਈ ਸੀ ..! ਜਿਸ ਵਿਚ ਸ਼ੇਰੇ ਦਾ ਪਿਤਾ ਕਹਿੰਦਾ …..

” ਕਿ ਮੈਨੂੰ ਡੀ ਐਸ ਪੀ ਨੇ ਸ਼ੇਰੇ ਬਾਬਤ ਬੁਲਾਇਆ ਤੇ ਬੜੇ ਪਿਆਰ ਨਾਲ ਕਿਹਾ ਕਿ ਸ਼ੇਰੇ ਨੂੰ ਜਾਂ ਤਾਂ ਕੋਈ ਹੋਰ ਮਾਰ ਦੇਵੇਗਾ ਜਾਂ ਫਿਰ ਪੁਲਿਸ ਮਾਰ ਦੇਵੇਗੀ ! ਮੈਂ ਕਿਹਾ – ਜੀ ਮੈਂ ਫਿਰ ਕੀ ਵੱਸ ਏ ? ਅਖੇ ਨਹੀ ਤੁਸੀਂ ਸਮਝਾਉ ਉਹਨੂੰ । ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀ ਕਿੱਥੇ ਹੈ ਜੇ ਤੁਹਾਨੂੰ ਪਤਾ ਤਾਂ ਮੈਨੂੰ ਅੱਗੇ ਲਾਉ ਸਾਡੇ ਪਰਿਵਾਰ ਦੇ ਛੇ ਜੀਆਂ ਨੂੰ ਅੱਗੇ ਲਾਉ ਜੇ ਗੋਲੀ ਵੱਜੂ ਵੀ ਤਾਂ ਸਾਡੇ ਹੀ ਪਹਿਲਾਂ ਵੱਜੇਗੀ । ਅਖੇ ਸਾਨੂੰ ਤਾਂ ਨਹੀ ਪਤਾ ਜੇ ਪਤਾ ਹੋਵੇ ਤਾਂ ਫੜ ਲਈਏ । ਮੈਂ ਕਿਹਾ ਜੀ ਫਿਰ ਇਕ ਕੰਮ ਹੋਰ ਕਰੋ .. ਮੇਰਾ ਮੂੰਹ ਕਾਲਾ ਕਰੋ ਤੇ ਗਲ ਚ ਇਕ ਫੱਟੀ ਪਾ ਕਾ ਇਹ ਲਿਖ ਦਿਉ ਕਿ ਜਿਨ੍ਹਾਂ ਦੀਆਂ ਔਲਾਦਾਂ ਮਾੜੀਆਂ ਹੁੰਦੀਆਂ ਉਹਨਾ ਦੇ ਮਾਪਿਆਂ ਦਾ ਆਹ ਹਾਲ ਹੁੰਦਾ ।ਜੇ ਮੇਰੇ ਕਰਕੇ ਕਿਸੇ ਦਾ ਬੱਚਾ ਗਲਤ ਲਾਈਨ ਤੇ ਜਾਂਦਾ ਸੁਧਰ ਗਿਆ ਤਾਂ ਮੈ ਸਮਝਾਂਗਾ ਕਿ ਚਲੋ ਆਪਣਾ ਨਹੀ ਸੰਭਾਲ ਸਕਿਆ, ਕਿਸੇ ਦਾ ਈ ਸੰਭਲ ਗਿਆ, ਮੇਰੇ ਮਨ ਨੂੰ ਸੰਤੁਸ਼ਟੀ ਮਿਲੇਗੀ ।”

ਅੱਗੇ ਉਸਦੇ ਪਿਤਾ ਇਕ ਗੱਲ ਹੋਰ ਦਸਦੇ ਨੇ ਕਿ ਸ਼ੇਰੇ ਦੀ ਛੋਟੀ ਭੈਣ ਦਾ ਆਪਣੇ ਭਰਾ ਨਾਲ ਬਹੁਤ ਪਿਆਰ ਸੀ । ਇਕ ਪਲ ਵੀ ਇਹਦਾ ਵਿਸਾਹ ਨਹੀ ਖਾਂਦੀ ਸੀ । ਇਹਦੇ ਬਾਅਦ ਤਾਂ ਵਿਚਾਰੀ ਦਿਮਾਗੋ ਵੀ ਥੋੜੀ ਹਿੱਲ ਗਈ ਸੀ, ਸੁੱਤੀ ਪਈ ਵੀਰੇ ਵੀਰੇ ਕਰਦੀ ਰਹਿੰਦੀ ਸੀ ।

ਉਸਦੀ ਮਾਂ ਦਾ ਕਹਿਣਾ ਹੈ ਕਿ ਸ਼ੇਰੇ ਦਾ ਕਮਰਾ ਅਸੀਂ ਅੱਜ ਵੀ ਸਜਾਉਣੇ ਆ ..! ਉਹਦੇ ਬੈੱਡ ਦੀ ਚਾਦਰ ਬਦਲ ਦਈ ਦੀ ਆ ..! ਗਰਮੀਆਂ ਵੇਲੇ ਗਰਮੀਆ ਵਾਲੇ ਕੱਪੜੇ ਕੱਢ ਕੇ ਰੱਖ ਦੇਈ ਦੇ ਨੇ ਤੇ ਸਰਦੀਆਂ ਵਿਚ ਸਰਦੀਆਂ ਵਾਲੇ ..!

ਸਿਰਫ ਕੱਲੇ ਸ਼ੇਰੇ ਦੇ ਘਰ ਦਾ ਇਹ ਹਾਲ ਨਹੀ ਸਗੋਂ ਏ ਬੀ ਪੀ ਸਾਂਝਾ ਵੱਲੋਂ ਜਿੰਨੇ ਵੀ ਗੈਂਗਸਟਰਾਂ ਦੇ ਘਰ ਜਾ ਕੇ ਉਹਨਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਹੈ ਉਹ ਸਾਰੀ ਹੀ ਭਾਵੁਕ ਕਰ ਦੇਣ ਵਾਲੀ ਹੈ ।ਯੂ ਟਿਊਬ ਤੇ ਇਹ ਸਾਰੀਆਂ ਵੀਡੀਉਜ ਵੇਖ ਸਕਦੇ ਹੋ ..! ਉਪਰੋਕਤ ਗੱਲਾਂ ਲਿਖਣ ਦਾ ਮਕਸਦ ਤੁਹਾਨੂੰ ਭਾਵੁਕ ਕਰਨਾ ਨਹੀ ਸਗੋਂ ਉਹਨਾਂ ਨੌਜਵਾਨਾ ਨੂੰ ਬੇਨਤੀ ਹੈ ਜੋ ਇਸ ਰਾਹ ਤੁਰੇ ਹੋਏ ਨੇ ਜਾਂ ਤੁਰਨ ਦੀ ਤਿਆਰੀ ਕਰ ਰਹੇ ਨੇ …ਕਿ ਵੀਰਿਉ , ਅਜਿਹੇ ਰਸਤੇ ਤੁਰਨ ਤੋਂ ਪਹਿਲਾਂ ਆਪਣੇ ਮਾਂ ਬਾਪ ਵੱਲ ਜਰੂਰ ਵੇਖ ਲਿਉ । ਇਕ ਵਾਰ ਆਪਣੇ ਘਰ ਚ ਬਚਪਨ ਤੋਂ ਲੈ ਕੇ ਜਵਾਨੀ ਤਕ ਗੁਜਾਰਿਆ ਸਮਾਂ ਯਾਦ ਕਰ ਲਿਉ ਕਿ ਕਿੰਨੇ ਚਾਵਾਂ ਲਾਡਾਂ ਨਾਲ ਉਹਨਾਂ ਨੇ ਤੁਹਾਨੂੰ ਪਾਲਿਆ ਹੋਵੇਗਾ ਤੇ ਇਸ ਅਹਿਸਾਨ ਦੇ ਬਦਲੇ ਚ ਤੁਸੀਂ ਉਹਨਾਂ ਨੂੰ ਕੀ ਦੇ ਰਹੇ ਔ, “ਜਿੰਦਗੀ ਭਰ ਦਾ ਨਰਕ”। ਮੋਏ ਪੁੱਤਾਂ ਦੀਆਂ ਯਾਦਾਂ ਨੂੰ ਸੀਨੇ ਨਾਲ ਲਾ ਕੇ ਮਾਂ ਬਾਪ ਦਾ ਜੀਣਾ, ਨਰਕ ਹੀ ਤਾਂ ਹੁੰਦਾ ਹੈ । ਤੁਸੀਂ ਭਾਵੇਂ ਗੈਂਗਸਟਰ ਹੋਂ ਜਾਂ ਹੋਰ ਕੁਝ ਪਰ ਆਪਣੇ ਮਾਂ ਪਿਉ ਲਈ ਸਿਰਫ ਉਹ ਬੱਚੇ ਹੀ ਹੁੰਨੇ ਔ ਜਿਸਨੂੰ ਉਹ ਬਚਪਨ ਚ ਲਾਡ ਪਿਆਰ ਲਡਾਉਂਦੇ ਰਹੇ ਨੇ । ਜਿਆਦਾ ਨਹੀ ਤਾਂ ਵੀਰ ਮਿੰਟੂ ਗੁਰੂਸਰੀਆ ਤੇ ਲੱਖਾ ਸਿਧਾਣਾ ਦੀ ਹੁਣ ਦੀ ਜਿੰਦਗੀ ਵੱਲ ਵੇਖ ਕੇ ਈ ਕੁਝ ਸਿੱਖ ਲਉ ..! ਪਰ ਹਾਂ ਜੇ ਮਰਨ ਦਾ ਜਿਆਦਾ ਹੀ ਸ਼ੌਂਕ ਹੈ ਤਾਂ ਫਿਰ ਅਜਿਹੀ ਮੌਤ ਮਰਿਉ ਕਿ ਤੁਹਾਡੀ ਮੌਤ, ਜੁਲਮ ਖਿਲਾਫ ਲੜ ਕੇ ਸ਼ਹੀਦ ਹੋਣ ਵਾਲਿਆਂ ਦੇ ਨਾਵਾਂ ਦੀ ਸੂਚੀ ਅਤੇ ਢਾਡੀ ਵਾਰਾਂ ਤੇ ਕਵੀਸ਼ਰੀਆਂ ਦਾ ਹਿੱਸਾ ਬਣ ਸਕੇ ।

#ਕੁਲਜੀਤ_ਸਿੰਘ_ਖੋਸਾ