ਬਹੁਤੀ ਪੁਰਾਣੀ ਗੱਲ ਨਹੀਂ,

ਰਾਜੇ ਨੇ ਮਜਨੂੰ ਨੂੰ ਪੇਸ਼ ਹੋਣ ਦਾ ਹੁਕਮ ਭੇਜਿਆ, ਤਾਂ ਕਿ ਉਸ ਦੇ ਪਾਗਲਪਨ ਤੇ ਝੱਲਪੁਣੇ ਲਈ ਉਸ ਨੂੰ ਝਾੜ ਪਾਈ ਜਾ ਸਕੇ, ਐਸਾ ਕਮਲ ਜਿਸ ਨੇ ਉਸਨੂੰ ‘ਆਪਾ’ ਵੀ ਭੁਲਾ ਦਿੱਤਾ ਸੀ।

ਰਾਜੇ ਨੇ ਪੁੱਛਿਆ, ‘ਕੀ ਕੀਮਤ ਹੈ ਲੈਲਾ ਦੀ? ਕੀ ਖਾਸ ਹੈ ਉਸ ਵਿੱਚ?’

ਮਜਨੂੰ ਭਰੇ ਦਰਬਾਰ ਵਿੱਚ ਸਿਰ ਝੁਕਾਈ ਖਲੋਤਾ ਸੀ। ਰਾਜੇ ਨੇ ਸਭ ਤੋਂ ਸੋਹਣੀ ਕੁੜੀ ਉਸ ਅੱਗੇ ਲੈ ਕੇ ਆਂਦੀ, ਕਈ ਸੋਹਣੀਆਂ ਕੁੜੀਆਂ ਉਸ ਅੱਗੇ ਲਿਆਂਦੀਆਂ ਗਈਆਂ, ਪਰ ਮਜਨੂੰ ਉਵੇਂ ਪਲਕਾਂ ਝੁਕਾਈ ਖਲੋਤਾ ਸੀ।

‘ਉੱਪਰ ਦੇਖ’, ਰਾਜਾ ਬੋਲਿਆ, ‘ਤੇ ਤੱਕ ਇਹਨਾਂ ਦੀ ਸੁੰਦਰਤਾ, ਕੀ ਔਕਾਤ ਹੈ ਲੈਲਾ ਦੀ ਇਹਨਾਂ ਦੇ ਅੱਗੇ, ਦੇਖ, ਨਹੀਂ ਤਾਂ ਹੁਕਮ ਅਦੂਲੀ ਦੇ ਦੋਸ਼ ‘ਚ ਤੇਰਾ ਸਿਰ ਕਲਮ ਕਰ ਦਿੱਤਾ ਜਾਏਗਾ’

‘ਕੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ’, ਝੁਕੇ ਸਿਰ ਨਾਲ ਹੀ ਮਜਨੂੰ ਬੋਲਿਆ, ‘ਇਸ਼ਕ ਵੀ ਇਸੇ ਤਰ੍ਹਾਂ ਖਲੋਤਾ ਹੈ ਮੇਰੇ ਸਿਰ ਉੱਤੇ ਤਲਵਾਰ ਫੜ੍ਹੀ ਤੇ ਇੱਕੇ ਝਟਕੇ ਵੱਖ ਕਰ ਦੇਵੇਗਾ ਮੇਰਾ ਸਿਰ ਧੜ ਨਾਲੋਂ ਜੇ ਮੈਂ ਸਿਰ ਚੁੱਕਣ ਬਾਰੇ ਸੋਚਿਆ ਵੀ ਤਾਂ’

ਸਭ ਸੋਚਾਂ, ਦੁਬਿਧਾਵਾਂ, ਚਿੰਤਾਵਾਂ ਨੱਸ ਗਈਆਂ ਸਨ ਮਜਨੂੰ ਕੋਲੋਂ, ਜਦ ਤੋਂ ਉਸ ਨੇ ‘ਲੈਲਾ’ ਦੀ ਇਬਾਦਤ ਸ਼ੁਰੂ ਕੀਤੀ ਸੀ।

ਤੇ ਹੁਣ ਕਿਸੇ ਹੋਰ ਥਾਂ ਝਲਕ ਸੁੱਟਣਾ ਵੀ ਸੱਦਾ ਦੇਣਾ ਸੀ ਇਸ ਲਟਕ ਰਹੀ ਤਲਵਾਰ ਨੂੰ।

ਹਲਾਂਕਿ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉੱਥੇ ਖਲੋਤੀਆਂ ਸਭ ਕੁੜੀਆਂ ਦੀਆਂ ਅੱਖਾਂ, ਧੌਣਾ, ਨੱਕ, ਚਿਹਰੇ ਕਿਤੇ ਸੋਹਣੇ ਸਨ, ਪਰ ਫਿਰ ਵੀ ਇਹ ਵਿਆਖਿਆ ਕਰਨੀ ਅਸੰਭਵ ਹੈ ਕਿ ਉਹ ਕੀ ਸੀ ਜਿਸ ਨੇ ਮਜਨੂੰ ਨੂੰ ਲੈਲਾ ਨਾਲ ‘ਜੋੜ’ ਦਿੱਤਾ ਸੀ।

-ਪੰਛੀਆਂ ਦੀ ਮਜਲਿਸ-