ਏਹਨਾਂ ਨੂੰ CCD ਦਾ ਪਤਾ ਈ ਨੀਂ..ਨਾ ਏਹ ਬਿਲ ਦੇਣ ਵੇਲੇ ਵਾਸ਼ਰੂਮ ਚ ਹੱਥ ਧੋਣ ਜਾਂਦੇ ਨੇ…ਹਾਂ ਪਰ ਖੇਤ ਇੱਟਾਂ ਦੇ ਬਣਾਏ ਚੁੱਲੇ੍ ਤੇ ਰੱਖੀ ਗਿਆਰਾਂ ਆਲੀ ਚਾਹ ਵੇਲੇ,ਕੋਲੋੰ ਨੰਘਦੇ ਹਰਿਕ ਨੂੰ ਜਰੂਰ ਕਹਿੰਦੇ ਨੇ…ਆਜਾ ਭਰਧਾਨ ਚਾਹ ਪੀਜਾ ਘੁੱਟ..ਬਣੀ ਪਈ ਆ

ਫਲਾਨਾ ਡੇਅ-ਢਿਮਕਾ ਡੇਅ ਤੇ ਕਾਰਡ ਕੂਰਡ ਦੇਣ ਬਾਰੇ ਏਹ ਘੱਟ ਈ ਜਾਣਦੇ ਨੇ…ਹਾਂ ਪਰ ਜਦੋਂ ਕੁੜੀਆਂ ਕੱਤਰੀਆਂ ਪਿੰਡ ਪਹੁੰਚੀਆਂ ਬੰਨਣ ਆਉਦੀਆਂ ਨੇ ਤਾਂ ਸ਼ਹਿਰ ਬੱਸ ਅੱਡੇ ਚ ਖੜੀ ਬੱਸ ਚ ਵਿਕਦੇ ਤੇ ਦਸਾਂ ਦੇ ਖ੍ਰੀਦੇ ਬਟੂਏ ਚੋਂ ਏਹ ਪਜਾਹਾਂ ਦਾ ਨੋਟ ਜਰੂਰ ਦਿੰਦੇ ਨੇ..

ਏਹਨਾਂ ਨੂੰ ਸ਼ੈਦ ਈ ਪਤਾ ਹੋਵੇ ਬੀ ਫੋਨ ਤੇ ਆਹ ਪੀਜ਼ੇ ਪੂਜ਼ੇ ਘਰੇ ਆ ਜਾਂਦੇ ਨੇ…ਹਾਂ ਪਰ ਜਦੋਂ ਛੇਆਂ ਮੀਅਨੇ ਬਾਦ ਸ਼ੈਹਰ ਕਣਕ ਜਾਂ ਨਰਮਾ ਵੇਚਕੇ ਆਉਦੇਂ ਨੇ ਤਾਂ ਫਾਟਕਾਂ ਕੋਲੇ ਖੜੀ ਰੇਅੜੀ ਤੋਂ ਜਬਾਕਾਂ ਵਾਸਤੇ ਤੀਹਾਂ ਦੇ ਕੇਲੇ ਜਰੂਰ ਲੈ ਲੈਂਦੇ ਨੇ…

ਅੱਜਕੱਲ ਦੇ ਸਿੰਗਲ ਟਰੈਕਾਂ ਬਾਰੇ ਮੈਨੂੰ ਨੀਂ ਲੱਗਦਾ ਬੀ ਏਹਨਾਂ ਨੂੰ ਪਤਾ ਹੋਊ.. ਪਰ ਜਦੋਂ ਬੱਡੇ ਸ਼ਹਿਰ ਬਿਆਹੀ ਭੈਣ ਦੇ ਜੇਠੇ ਮੁੰਡੇ ਦਾ ਬਿਆਹ ਹੁੰਦੈ ਹੈ ਤਾਂ ਏਹ ਪੈਲਸ ਦੀਆਂ ਪਿਛਲੀਆਂ ਕੁਰਸੀਆਂ ਤੇ ਬੈਠੇ ਸੌ ਦਾ ਨੋਟ ਕੱਢਕੇ ਨਿਆਣੇ ਨੂੰ ਕੰਪੂਟਰ ਆਲੇ ਕੋਲੇ ਜਰੂਰ ਏਹ ਕਹਿਕੇ ਭੇਜ ਦਿੰਦੇ ਨੇ ਵੀ ਸਦੀਕ ਦਾ ਸੌ ਦਾ ਨੋਟ ਆਲਾ ਦੋਗਾਣਾ ਲਾਦੇ…

ਏਹ ਖੇਤ ਚ ਕਣਕਾਂ,ਚਰੀਆਂ,ਨਰਮੇ,ਝੋਨੇ,ਬਰਸੀਮ,ਜਵਾਰ,ਖੱਬਲ,ਵੱਤ,ਵੱਟਾਂ,ਓਰੇ,ਦੌੜੀਆਂ,ਕਹੀਆਂ,ਕਰਸੌਲੀਆਂ,ਕਸੀਏ,ਤਿੜਾਂ ਆਦਿ ਦੀਆਂ ਗੱਲਾਂ ਕਰਦੇ ਕਰਦੇ ਬਾਬੇ ਨਾਨਕ ਦੇ ਜਪੁਜੀ ਸਾਹਿਬ ਤੇ ਆਕੇ ਰੁਕ ਜਾਂਦੇ ਨੇ..

ਜੇ ਤੂੰ ਏਹਨਾਂ ਨੂੰ ਕਦੇ ਮਿਲਣਾ ਏ ਤਾਂ ਆਪਣੇ ਮਹਿੰਗੇ ਕੱਪੜਿਆਂ ਤੋਂ ਟੈਗ ਲਾਹਕੇ ਆਈਂ…ਸੰਗਰਾਂਦ ਆਲੇ ਦਿਨ ਥਾਲੀ ਚ ਰੱਖੀ ਕਣਕ ਤੇ ਰੱਖੇ ਪੋਣੇ ਵਰਗੇ ਸੁੱਚੇ ਏਹ ਰੱਬ ਦੇ ਬੰਦੇ..ਸ਼ੈਦ ਹੀ ਤੈਨੂੰ ਕਦੇ ਉਦਾਸ ਮਿਲਣ…ਏਹਨਾਂ ਦੀ ਇੱਕੋ ਗੱਲ ਚ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਜਦੋਂ ਏਹ ਕਹਿੰਦੇ ਨੇ….

……..

‘ਚੱਲ ਓਹ ਜਾਣੇ’..

ਲਿਖਤਮ::ਘੁੱਦਾ ਸਿੰਘ