ਕਹਿੰਦੇ ਨੇ ਨਿਸ਼ਾਨਾਂ ਵਾਲੀ ਮਿਸਲ ਵਿਚ ਇਕ ਭਾਈ ਆਲਮ ਸਿੰਘ ਹੁੰਦੇ ਸਨ। ਉਹ ਕਿਸੇ ਵੀ ਚੜ੍ਹਾਈ ਵੇਲੇ ਨਿਸ਼ਾਨ ਸਾਹਿਬ ਹਥ ਵਿਚ ਰੱਖਦੇ ਸਨ। ‘ਕੇਰਾਂ ਉਹਨਾਂ ਨੂੰ ਦੂਜੀ ਧਿਰ ਦੇ ਸਿਪਾਹੀਆਂ ਨੇ ਘੇਰਾ ਪਾ ਲਿਆ। ਅੱਗੇ ਉਹਨਾਂ ਦੀ ਵਾਰਤਾਲਾਪ ਹੈ…

“ਤੂੰ ਆਹ ਝੰਡਾ ਪਰੇ ਸੁੱਟ ਦੇ” ਵਿਰੋਧੀ ਸਿਪਾਹੀ ਬੋਲਿਆ।

ਭਾਈ ਸਾਹਿਬ ਨੇ ਮੁਸਕੁਰਾਉਂਦਿਆਂ ਨਿਸ਼ਾਨ ਸਾਹਿਬ ਹੋਰ ਉੱਚਾ ਚੁੱਕ ਕੇ ਲਹਿਰਾਉਣਾ ਸ਼ੁਰੂ ਕਰ ਦਿੱਤਾ।

“ਤੈਨੂੰ ਕਿਹੈ ਨਾ ਸੁੱਟ ਦੇ, ਨਹੀਂ ਤਾਂ ਤੇਰੇ ਹੱਥ ਵੱਢ ਸੁੱਟਾਂਗੇ” ਭਾਈ ਸਾਹਿਬ ਦੇ ਮੁਸਕੁਰਾਉਣ ‘ਤੇ ਉਹਨਾਂ ਨੂੰ ਹੋਰ ਗੁੱਸਾ ਆ ਗਿਆ ਸੀ।

“ਜੇ ਤੁਸੀਂ ਹੱਥ ਵੱਢ ਦਿਓਗੇ ਤਾਂ ਮੈਂ ਲੱਤਾਂ ਨਾਲ ਫੜ੍ਹ ਲਵਾਂਗਾ”

“ਅਸੀਂ ਲੱਤਾਂ ਵੀ ਵੱਢ ਦਿਆਂਗੇ”

“ਮੈਂ ਮੂੰਹ ਨਾਲ ਫੜ੍ਹ ਲਵਾਂਗਾ”

“ਅਸੀਂ ਤੇਰਾ ਸਿਰ ਕੱਟ ਦਿਆਂਗੇ” ਉਹ ਗੁੱਸੇ ਨਾਲ ਚੀਖ਼ੇ।

“ਹਾ ਹਾ ਹਾ…. ਫੇਰ ਸਿਖ ਦੀ ਖੇਡ ਤਾਂ ਸਿਰ ਤੱਕ ਹੈ, ਮੇਰਾ ਸਿਰ ਕੱਟੇ ਜਾਣ ਤੋਂ ਬਾਅਦ ਉਹ ਆਪੇ ਸਾਂਭੇਗਾ ਜੀਹਦਾ ਨਿਸ਼ਾਨ ਹੈ ਤੇ ਖਾਲਸੇ ਦੀ ਪ੍ਰਭੂਸੱਤਾ ਦਾ ਪ੍ਰਤੀਕ ਇਹ ਨਿਸ਼ਾਨ ਇਸੇ ਤਰ੍ਹਾਂ ਝੂਲਦਾ ਰਹੇਗਾ”

….

ਮੈਂ ਹੈਰਾਨ ਹਾਂ ਭਾਈ ਸਾਹਿਬ ਦਾ ਇਹ ਜਵਾਬ ਸੁਣ ਕੇ ਕਿ ਸਿਖ ਦੀ ਸੇਵਾ ਤਾਂ ਸਿਰ ਤੱਕ ਹੈ, ਕਿੰਨਾ ਬੇਪਰਵਾਹੀ ਦਾ ਆਲਮ ਹੈ ਭਾਈ ਆਲਮ ਸਿੰਘ ਵਿਚ….. ਸਤਿਗੁਰੂ ਸਾਨੂੰ ਵੀ ਇਹ ਦ੍ਰਿੜਤਾ ਬਖ਼ਸ਼ਨ…