ਛੋਟੇ ਹੁੰਦੇ ਨੂੰ ਹੀ ਮਾਂ ਸ਼ਹੀਦਾਂ ਦੀਆਂ ਸਾਖ਼ੀਆਂ ਸੁਣਾਉਂਦੀ ਰਹਿੰਦੀ ਸੀ। ਬਾਣੀ ਦੀ ਇਲਾਹੀ ਤਾਕਤ ਨਾਲ ਸਿਰਾਂ ‘ਤੇ ਟਿਕੇ ਆਰੇ ਤੇ ਖੋਪਰੀਆਂ ਤੇ ਟਿਕੀਆਂ ਰੰਬੀਆਂ ਵੇਖਦਿਆਂ ਹੀ ਉਹ ਵੱਡਾ ਹੋ ਰਿਹਾ ਸੀ। ਆਲਮ ਇਹ ਸੀ ਕਿ ਸ਼ਹੀਦ ਉਸ ਦੇ ਸੁਪਨਿਆਂ ਵਿਚ ਆਉਣ ਲੱਗੇ ਸਨ। ਕਈ ਵਾਰ ਉਹ ਸੁਪਨਿਆਂ ‘ਚੋਂ ਬੋਲਦਾ ਉੱਠਦਾ, “ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਵੀ ਸਿਖ ਹਾਂ…”।

ਇਹ ਕੁਝ ਆਮ ਵਾਪਰਨ ਲੱਗਾ ਸੀ ਤੇ ਉਸ ਸਦਾ ਇਹੋ ਕਹਿੰਦਾ ਰਹਿੰਦਾ, “ਮੈਂ ਵੀ ਸ਼ਹੀਦ ਹੋਣਾ, ਮੈਂ ਤਾਂ ਸ਼ਹੀਦ ਈ ਹੋਣਾ”।

ਮਾਂ ਇਹ ਸੁਣ ਕੇ ਕਦੇ ਕਦੇ ਥੋੜੀ ਉਦਾਸ ਵੀ ਹੋ ਜਾਂਦੀ।

ਇਹ ਦਿਨ ਸਾਕਿਆਂ ਦੇ ਚੱਲ ਰਹੇ ਸਨ। ਕੌਮ ਸੰਘਰਸ਼ ਵਿਚ ਸੀ, ਸਦਾ ਵਾਂਗ। ਇਹ ਸੰਘਰਸ਼ ਗੁਰਦੁਆਰਿਆਂ ਨੂੰ ਸਰਕਾਰੀ ਤੰਤਰ ਹੇਠੋਂ ਆਜ਼ਾਦ ਕਰਵਾਉਣ ਦਾ ਚੱਲ ਰਿਹਾ ਸੀ। ਪਿੰਡਾਂ ਦੇ ਪਿੰਡ ਲੱਗੇ ਹੋਏ ਮੋਰਚਿਆਂ ਵਿਚ ਜਾ ਰਹੇ ਸਨ। ਇਹਨਾਂ ਦੇ ਪਿੰਡ ਦੀ ਵਾਰੀ ਵੀ ਆ ਗਈ ਤੇ ਏਹਦੇ ਬਾਪੂ ਜੀ ਚਿੱਟਾ ਕੁੜਤਾ ਤੇ ਕਾਲੀ ਪੱਗ ਸਜਾ ਮੋਰਚੇ ਵਿਚ ਜਾਣ ਲਈ ਤਿਆਰ ਹੋਣ ਲੱਗੇ। ਕਿਸੇ ਨੇ ਭੁਝੰਗੀ ਨੂੰ ਵੀ ਦੱਸ ਦਿੱਤਾ ਕਿ ਜੱਥਿਆਂ ਵਿਚ ਜਾ ਰਹੇ ਇਹ ਸਿੰਘ ‘ਸ਼ਹੀਦ’ ਹੋਣਗੇ।

ਉਹ ਬੋਲਿਆ, “ਮੈਂ ਵੀ ਜਥੇ ਵਿਚ ਜਾਣਾ, ਮੈਂ ਵੀ ਸ਼ਹੀਦ ਹੋਣਾ”।

ਓਹਦੇ ਬਾਪੂ ਜੀ ਘਰੋਂ ਤੁਰੇ, ਓਹਨੂੰ ਮਾਂ ਦੇ ਹਵਾਲੇ ਕਰਕੇ, ਕੋਈ ਛੇਤੀ ਮੁੜ ਆਉਣ ਦਾ ਲਾਰਾ ਜਿਹਾ ਲਾ ਕੇ। ਉਹ ਮਾਂ ਦਾ ਇਕੱਲਾ ਪੁੱਤ ਸੀ, ਸੋ ਮਾਂ ਨੇ ਵੀ ਪਿਓ ਦੇ ਨਾਲ ਨਾ ਜਾਣ ਦਿੱਤਾ। ਕੁਝ ਦੇਰ ਮਗਰੋਂ ਜਦ ਮਾਂ ਅਵੇਸਲੀ ਹੋ ਗਈ ਤਾਂ ਉਹ ਘਰੋਂ ਭੱਜ ਗਿਆ ਤੇ ਜਾ ਜੱਥੇ ਨਾਲ ਰਲਿਆ। ਆਪਣੇ ਬਾਪੂ ਨੂੰ ਲੱਭ ਕੇ ਉਸ ਨੇ ਜਾ ਉਸਦਾ ਕੁੜਤਾ ਖਿੱਚਿਆ ਤੇ ਬੋਲਿਆ, “ਬਾਪੂ ਮੈਂ ਵੀ ਸ਼ਹੀਦ ਹੋਣਾ”।

ਬਾਪੂ ਨੇ ਅੱਖਾਂ ਵਿਚ ਪਾਣੀ ਭਰ ਓਹਨੂੰ ਮੋਢਿਆਂ ‘ਤੇ ਚੁੱਕ ਲਿਆ ਤੇ ਜਾ ਪਹੁੰਚੇ ‘ਨਨਕਾਣਾ’ ਸਾਹਿਬ।

ਭਾਂਬੜ ਬਲ ਰਹੇ ਸਨ, ਜੰਡਾਂ ਨਾਲ ਬੰਨ੍ਹ ਕੇ ਸਿੰਘ ਸਾੜੇ ਜਾ ਰਹੇ ਸਨ। ਭੁਝੰਗੀ ਦੇ ਬਾਪੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਭੁਝੰਗੀ ਦੂਰ ਖਲੋਤਾ ਰੌਲਾ ਪਾ ਰਿਹਾ ਸੀ, “ਮੈਂ ਵੀ ਸ਼ਹੀਦ ਹੋਣਾ, ਮੈਨੂੰ ਵੀ ਇਹਨਾਂ ਦੇ ਨਾਲ ਸ਼ਹੀਦ ਕਰੋ….”

…..ਤੇ ਮਹੰਤਾਂ ਦੇ ਗੁੰਡਿਆਂ ਨੇ ਉਸ ਭੁਝੰਗੀ ‘ਦਰਬਾਰਾ ਸਿੰਘ’ ਨੂੰ ਵੀ ਜੰਡ ਨਾਲ ਬਲ ਰਹੀ ਅੱਗ ਵਿਚ ਸੁੱਟ ਦਿੱਤਾ। ਕਹਿੰਦੇ ਨੇ ਕਿ ਅੱਗ ਵਿਚੋਂ ਆਉਂਦੀ ਆਵਾਜ਼ ਓਥੇ ਖਲੋਤੇ ਮਹੰਤਾਂ ਦੇ ਕੰਨਾਂ ਵਿਚ ਵੀ ਪਈ ਸੀ,

“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥”

….

ਭਾਈ ਦਰਬਾਰਾ ਸਿੰਘ ਦੇ ਸਿਦਕ ਨੂੰ ਕੋਟ ਕੋਟ ਪ੍ਰਣਾਮ।