ਇਸ ਪੂਰੇ ਬ੍ਰਹਿਮੰਡ ਵਿਚ, ਜਦੋਂ ਬੀ ਕਿਤੇ ਕਿਸੇ ਜ਼ਾਲਮ ਦੁਆਰਾ ਨਿਰਦੋਸ਼ਾਂ ਮਾਸੂਮਾਂ ‘ਤੇ ਅੱਤਿਆਚਾਰ ਕੀਤਾ ਜਾਵੇਗਾ, ਜਦੋਂ ਵੀ ਕਿਤੇ ਹਵਾਵਾਂ ਪਲੀਤ ਕੀਤੀਆਂ ਜਾਣਗੀਆਂ, ਪਾਣੀ ਗੰਧਲੇ ਕੀਤੇ ਜਾਣਗੇ, ਜੰਗਲ ਉਜਾੜੇ ਜਾਣਗੇ, ਮਿੱਟੀਆਂ ਵਿਚ ਜ਼ਹਿਰ ਮਿਲਾਇਆ ਜਾਵੇਗਾ, ਜਿਥੇ ਕਿਤੇ ਵੀ ਕਿਸੇ ਮਜ਼ਲੂਮ ਦੀ ਚੀਕ ਨਿਕਲੇਗੀ ਤਾਂ ਪੰਜਾਬ ਦੇ ਦਿਲ ਵਿਚ ਪੀੜ ਜਰੂਰ ਹੋਏਗੀ। ਸਤਿਗੁਰਾਂ ਨੇ ‘ਸਿਖ’ ਦੀ ਘਾੜਤ ਹੀ ਇੰਝ ਘੜੀ ਹੈ ਕਿ ਉਸ ਦੇ ਦਿਲ ਵਿਚ ਇਹ ਵਾਕ ਸਦਾ ਚੱਲਦੇ ਰਹਿੰਦੇ ਹਨ,

“ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥”

ਮੈਨੂੰ ਸੁਕਰਾਤ ਬੜਾ ਸੋਹਣਾ ਲੱਗਦਾ ਜਦ ਉਹ ਕਹਿੰਦਾ ਕਿ, “ਜਦ ਤੱਕ ਤੁਹਾਡੇ ਖਾਣੇ ਦੀ ਪਲੇਟ ਵਿਚ ਕੋਈ ਮਰਿਆ ਜਾਨਵਰ ਪਿਆ ਹੈ ਤਾਂ ਤੁਸੀਂ ਸ਼ਾਂਤੀ ਦੀ ਗੱਲ ਨਹੀਂ ਕਰ ਸਕਦੇ….”

ਪੈਗੰਬਰੀ ਬੋਲ ਹਨ ਕਿ ਜੇ ਕਿਤੇ ਵੀ ਕਿਸੇ ‘ਤੇ ਵੀ ਜ਼ੁਲਮ ਹੋ ਰਿਹਾ ਹੈ ਤਾਂ ਉਸ ਨੂੰ ਹੱਥ ਨਾਲ ਰੋਕੋ, ਜੇ ਨਹੀਂ ਤਾਂ ਉਸ ਬਾਰੇ ਬੋਲੋ ਕਿ ਇਹ ਜ਼ੁਲਮ ਹੋ ਰਿਹਾ ਹੈ, ਜੇ ਇਹ ਵੀ ਨਹੀਂ ਕਰ ਸਕਦੇ ਤਾਂ ਉਸ ਬਾਰੇ ਦਿਲ ਵਿਚ ਹੀ ਮਾੜਾ ਕਹੋ…. ਪਰ ਯਾਦ ਰੱਖਿਓ ਤੀਜੇ ਤਰੀਕੇ ਵਾਲਿਆਂ ਨੂੰ ਕਾਇਰ ਤਾਂ ਕਿਹਾ ਹੀ ਜਾਵੇਗਾ….

ਤੇ ਮੈਂ ਸੋਚਦਾਂ ਕਿ ਤੀਜੇ ਤੋਂ ਬਾਅਦ ਵੀ ਹੋਣਗੇ ਕੁਝ….

ਖ਼ੈਰ ਜੇ ਮਾਸੂਮ ਬੱਚਿਆਂ ਦੇ ਮਾਰੇ ਜਾਣ ਤੇ ਤੁਹਾਡੀਆਂ ਅੱਖਾਂ ਵੀ ਨਮ ਹੋਈਆਂ ਹਨ ਤਾਂ ਸੱਚੇ ਪਾਤਸ਼ਾਹ ਨੌਵੇਂ ਸਤਿਗੁਰ ਹਜੇ ਤੁਹਾਡੇ ਅੰਦਰ ਵਸਦੇ ਹਨ ਤੇ ਅਰਦਾਸ ਕਰਿਓ ਕਿ ਸਦਾ ਨਾਲ ਹੀ ਰਹਿਣ……