ਨਿੱਕੀਆਂ – ਨਿੱਕੀਆਂ ਸੈਣ ਦੋਵੇਂ ਜਦੋਂ ਬਾਪੂ ਦੇ ਵਿਹੜੇ ਗੁੱਡੀਆਂ ਪਟੋਲੇ ਖੇਡਦੀਆਂ ਹੁੰਦੀਆਂ ਸੈਣ,

ਉਹ ਵੱਡੀ ਸੀ ਨਿੱਕੀ ਤੋਂ ਪੰਜ ਕੁ ਸਾਲ ਤਾਂ ਕਰਕੇ ਸਦਾ ਹੀ ਆਪਣਾ ਗੁੱਡਾ ਜਿਆਦਾ ਸੋਹਣਾਂ ਸ਼ਿੰਗਾਰ ਲੈਂਦੀ ਸੀ , ਤੇ ਨਿੱਕੀ ਨੇਂ ਰੋਣ ਲੱਗ ਪੈਣਾ ਕਿ

“ਭੈਣ ਆਹ ਗੁੱਡਾ ਮੈਨੂੰ ਜਿਆਦਾ ਪਸੰਦ ਏ , ਤਾਂ ਉਹਨੇਂ ਝੱਟ ਦੇ ਦੇਣਾ ਤੇ ਆਖਣਾ ” ਨਾਂ ਨਿੱਕੀਏ ਰੋ ਨਾਂ , ਇਹ ਚੁੱਕ ਗੁੱਡਾ , ਮੈਂ ਤੇਰੇ ਵਾਲੇ ਨਿਲ ਖੇਡ ਲਵਾਂਗੀ, ਤੇ ਫਿਰ ਦੋਵੇਂ ਭੈਣਾਂ ਗੁੱਡੇ ਗੁੱਡੀਆਂ ਦਾ ਵਿਆਹ ਕਰਨਾਂ।

ਤੇ ਅੱਜ ਪੰਦਰਾਂ ਵਰ੍ਹਿਆਂ ਬਾਅਦ ਉਹ ਵੱਡੀ ਸਵਾਤ ਚ ਖੜੀ ਸੀ ਬਾਪੂ ਤੇ ਅੰਮੀਂ ਕੋਲ ,

” ਬੀਬੀ ਅਰਜੋਈ ਹੀ ਸਮਝ ਲਓ ਧੀ ਦੀ , ਤੱਤੀ ਵਾਅ ਨੀਂ ਲੱਗਣ ਦਿੰਦੀ ਮੈਂ ਇਹਨੂੰ, ਰਤਾ ਵੀ ਕਦੀ ਨੀਂ ਸੋਚੇਗੀ ਇਹ ਕਿ ਕੋਈ ਦੋਜਖ ਭਰ ਦਿੱਤਾ ਮੈਂ ਇਹਦੀ ਜਿੰਦਗੀ ਚ , ਇਹਨੂੰ ਕੁੱਝ ਨੀਂ ਵੰਡਣਾਂ ਪਊ ਮੇਰੇ ਨਾਲ , ਮੈਂ ਉਹਦੇ ਨਾਲ ( ਸਾਂਈ) ਨਾਲ ਸਾਰੀ ਗੱਲ ਕਰਕੇ ਆਈਂ ਹਾਂ।

” ਨਾਂ ਮੇਰੀ ਧੀ , ਇਹ ਨੀਂ ਹੋਣਾ ਸਾਥੋਂ , ਉਹਦੀ ਅੰਮੀਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਪਈਆਂ ਸੀ,

” ਧੀਏ , ਇਹ ਤਾਂ ਕੋਈ ਹੱਲ ਨੀਂ , ਧੀਏ ਇਹ ਕਿਹੜਾ ਲਿਖਿਆ ਕਿਤੇ ਵੀ ਜੇ ਤੇਰੀ ਕੁੱਖੋਂ ਘਰ ਚ ਕਿਲਕਾਰੀਆਂ ਨੀਂ ਗੂੰਜੀਆਂ ਤਾਂ ਨਿੱਕੀ ਦੀ ਕੁੱਖੋਂ,,,, ਅੱਧੀ ਗੱਲ ਉਹਦੀ ਅੰਮੀਂ ਦੇ ਮੂੰਹ ਚ ਰਹਿ ਗਈ।

ਕਹਿੰਦੀ , “ਬਾਪੂ ਜੀ , ਕੋਈ ਹੋਰ ਆ ਗਈ ਤਾਂ ਹਰਚੰਦ ਸਿਓਂ ਦੇ ਘਰ ਦੀਆਂ ਕੰਧਾਂ ਲਈ ਵੀ ਮੈਂ ਬਿਗਾਨੀਆਂ ਹੋ ਜਾਣਗੀਆਂ ਆਪਣੀ ਛੋਟੀ ਨੂੰ ਵੇਖ ਸੌਕਣ ਦਾ ਚਿਹਰਾ ਤਾਂ ਨੀਂ ਤੱਕਾਂਗੀ ਇਹਦੇ ਚੋਂ।

ਤਿੰਨਾਂ ਜਣਿਆਂ ਚ ਹਜਾਰਾਂ ਤਕਰੀਰਾਂ ਹੋਈਆਂ , ਅਖੀਰ ਉਹ ਭੈਣ ਦੀ ਤਲੀ ਤੇ ਸ਼ਗਨਾਂ ਦੇ ਗਹਿਣੇ ਰੱਖਦੀ ਅੱਖਾਂ ਦੇ ਹੰਝੂ ਨਾਂ ਰੋਕ ਸਕੀ ਕਹਿੰਦੀ , ” ਨਿੱਕੀਏ ਤੈਨੂੰ ਯਾਦ ਏ , ਤੈਨੂੰ ਨਿੱਕੀ ਹੁੰਦੀ ਨੂੰ ਮੇਰਾ ਗੁੱਡਾ ਬੜਾ ਚੰਗਾ ਲੱਗਦਾ ਸੀ , ਹੁਣ ਵੀ ਮੈਂ ਆਪਣਾ ਗੁੱਡਾ ਤੈਨੂੰ ਦੇ ਦਿੱਤਾ ਸਾਰੀ ਉਮਰ ਲਈ ਮੇਰੀ ਭੈਣ।

ਜਦੋਂ ਨਿੱਕੀ ਦਾ ਡੋਲਾ ਉਹਦੇ ਘਰ ਆਇਆ , ਉਹਦੀ ਸੱਸ ਨੇਂ ਬੜਾ ਸਮਝਾਇਆ ਉਹਨੂੰ , “ਧੀਏ , ਬੇਸ਼ੱਕ ਤੇਰੀ ਭੈਣ ਏ , ਪਰ ਆਪਣਾ ਹੱਕ ਨਾਂ ਗਵਾਈਂ ਮੇਰੀ ਧੀ।

ਪਰ ਉਹਨੇਂ ਹਮੇਸ਼ਾ ਲਈ ਆਪਣਾਂ ਮੰਜਾਂ ਸੱਸ ਦੀ ਸਵਾਤ ਚ ਡਾਹ ਲਿਆ ਸੀ , ਹਰਚੰਦ ਸਿਓਂ ਦੇ ਅੰਦਰੋਂ ਉਹ ਕਦੀ ਮੁੱਕੀ ਹੀ ਨਹੀਂ ਸੀ , ਉਹਨੇਂ ਬਥੇਰਾ ਆਖਿਆ ਸੀ ,

” ਤੂੰ ਏਂ ਤਾਂ ਸਭ ਕੁੱਝ ਏ ਮੇਰੇ ਕੋਲ , ਆਖਰੀ ਵਕਤ ਲਈ ਮੋਢਾ ਤੇ ਦੇਹੀ ਨੂੰ ਅੱਗ ਹੀ ਚਾਹੀਦੀ ਏ , ਉਹ ਤਾਂ ਕੋਈ ਵੀ ਦੇ ਦੇਊ, ਪਰ ਉਹ ਨਾਂ ਮੰਨੀਂ , ਲੈ ਆਈ ਭੈਣ ਨੂੰ ।

ਨਿੱਕੀ ਨੇਂ ਦੋ ਪੁੱਤਰ ਜੰਮੇਂ , ਉਹਨੇਂ ਕਦੀ ਨਿੱਕੀ ਨਾਂ ਆਖਿਆ , ਨਾਂ ਕਿਸੇ ਕੰਮ ਲਈ ਤੇ ਨਾਂ ਕਦੀ ਨਿਆਣਿਆਂ ਦੇ ਕਿਸੇ ਕੰਮ ਨੂੰ , ਨਿੱਕੀ ਨੂੰ ਰਾਣੀ ਬਣਾ ਰੱਖਿਆ , ਦੋਵੇਂ ਪੁੱਤਰ ਉਹਨੂੰ ਵੱਡੀ ਬੀਬੀ ਆਖਦੇ ਨਾਂ ਥੱਕਦੇ , ਸੱਸ ਉਹਦੀ ਉਹਨੂੰ ਹਜਾਰਾਂ ਦੁਆਵਾਂ ਦਿੰਦੀ , ਦੁਆਵਾਂ ਚ ਹਜਾਰਾਂ ਰਾਜ ਭਾਗ ਬਖਸ਼ਦੀ ਉਹਨੂੰ , ਅਖੀਰ ਦੋ ਨੂੰਹਾਂ ਵੀ ਆ ਗਈਆਂ , ਛੋਟੀ ਬਥੇਰਾ ਆਖਦੀ ,

“ਛੱਡਦੇ ਹੁਣ ਕੰਮਾਂ ਦਾ ਖਹਿੜਾ ਇਹ ਕਰ ਲੈਣੀਗੀਆਂ,

ਪਰ ਉਹਦਾ ਨਿੱਤਨੇਮ ਉਹੀਓ ਰਿਹਾ,ਉਹਨੇਂ ਨੂੰਹਾਂ ਨੂੰ ਵੀ ਧੀਆਂ ਬਣਾ ਲਿਆ, ਉਹ ਧਰਤੀ ਤੇ ਤੀਰਦਾ ਫਿਰਦਾ ਰੱਬ ਜਿਹਨੂੰ ਵੇਖ ਹਰ ਕੋਈ ਸੋਚਦਾ ਏ ਕਿ “

ਖੌਰੇ ਇਹ ਕਹਿੜੀ ਮਿੱਟੀ ਦੀ ਬਣੀਂ ਏ?

ਹਰਚੰਦ ਸਿਓਂ ਨੇਂ ਸਦਾ ਉਹਨੂੰ ਉਹੀ ਰੁਤਬਾ ਦਿੱਤਾ ਜੋ ਨਿੱਕੀ ਦੀ ਡੋਲੀ ਆਉਣ ਤੋਂ ਪਹਿਲਾ ਸੀ ਉਹਦਾ।

ਉਹਦੀ ਨੂੰਹ ਨੇਂ ਇਹ ਕਹਾਣੀ ਦੱਸਦਿਆਂ ਆਖਿਆ ਸੀ ਕਿ ਅਖੀਰ ਤੇ ਲਿਖਿਓ ਕਿ “

ਅਗਲੀ ਜਿੰਦਗੀ ਚ ਮੈਂ ਇਸ ਮਾਂ ਦੀ ਕੁੱਖੋਂ ਪੈਦਾ ਹੋਵਾਂ,

Rupinder Sandhu.