ਏਹਨਾਂ ਦੇ ਤਿਓਹਾਰ ਮਨੌਣ ਦੇ ਤਰੀਕੇ ਬੀ ਅੱਡ ਈ ਹੁੰਦੇ ਨੇ ਸਾਰੇਆਂ ਤੋਂ.. ਲੋਕ ਰੰਗ ਨਾਲ ਹੋਲੀ ਖੇਡਣ ਗੇ, ਏਹ ਪਤੰਦਰ ਆਛੇ ਟਰੈਕਟ ਚੋਂ ਕੱਢੇ ਕਾਲੇ ਤੇਲ ਚ ਲਬੇੜ੍ਹਕੇ ਟੁੱਟੇਆ ਜਾ ਫਿੱਡਾ ਅਗਲੇ ਦੇ ਢੂਕਣੇ ਚ ਮਾਰਨਗੇ, ਅਖੇ ਬੁਰਾ ਨਾ ਮਾਨੋ ਹੋਲੀ ਹੈ.. ਤੇ ਜੇ ਅੱਗੋਂ ਆਲਾ ਓਹੀ ਫਿੱਡਾ ਵਾਪਸ ਮਾਰੇ ਫੇਰ ਆਖਣਗੇ ,” ਯਰ ਤੂੰ ਤਾਂ ਮਾੜ੍ਹੀ ਕੀਤੀ , ਹੋਲੀ ਸੀ, ਤੂੰ ਗੁੱਸਾ ਮੰਨ ਗਿਆ “… ਅੱਗੋਂ ਆਲਾ ਵੀ ਆਖਦੂ ਬੀ ਕਾਹਨੂੰ ਗੁੱਸਾ ਮੰਨੇਆ, ਮੈਂ ਤਾਂ ਬਰੋਬਰ ਕੀਤਾ ਗਾ ਸਾਬ, ਬੀ ਕਿਤੇ ਤੂੰ ਹੋਲੀ ਆਲੇ ਦਿਨ ਸੁੱਕਾ ਨਾ ਰੈਹਜੇਂ..

ਏਹਨਾਂ ਦੇ ਭਾਅ ਦੀ ਤਿਓਹਾਰ ਤਿਓਹਾਰ ਨੀ ਹੁੰਦਾ, ਤਿਓਹਾਰ ਦਾ ਮਤਲਬ ਹੁੰਦੈ… ਖੇਤ ਕੋਠੇ ਕੋਲੇ ਪਤੀਲੇ ਚ ਕੁਕੜ ਦੀਆਂ ਤਾਰੀਆਂ ਲਵੌਣੀਆਂ.. ਫੇਰ ਸਾਰੇ ਇੱਕ ਦੂਏ ਦੇ ਮੂੰਹਾਂ ਕੰਨੀ ਝਾਕਦੇ ਫੌਜੀ ਦੀ ਦੁਕਾਨ ਤੇ ਕੱਠੇ ਹੋ ਜਾਣਗੇ,ਫੇਰ ਇੱਕ ਅੱਧਾ ਜਣਾ ਆਕੇ ਆਖੂ..” ਓਏ ਫਲਾਣੇਆ.. ਕੱਲ ਨੂੰ ਕੈਂਹਦੇ ਹੋਲੀ ਆ.. ਹੋਰ ਫੇਰ.. ਕੀ ਪਰੋਗ੍ਰਾਮ ਬਣਾਈਏ..” ਅੱਗੋਂ ਆਲਾ ਵੀ ਤਿਆਰ ਈ ਹੁੰਦੈ, ਓਹ ਵੀ ਬੈਠਾ ਹੁੰਦੈ ਬੀ ਕੋਈ ਆਵੇ ਤੇ ਯੁਗ ਨੂੰ ਯੁਗ ਟੱਕਰਨ ਆਲੀ ਗੱਲ ਹੋਜੇ.. ਫੇਰ ਸਾਹਮਣੋਂ ਆਲੇ ਨੇ ਝੱਟ ਮੁੱਛਕੜ੍ਹੀਏਂ ਜੇ ਹੱਸਕੇ ਕੈਹ ਦੇਣਾ.. ” ਲੈ.. ਤੂੰ ਆਖੇਂ ਤੇ ਮੈਂ ਨਾ ਮੰਨਾ..”

ਏਹਨਾਂ ਨੂੰ ਤਾਂ ਬਹਾਨਾ ਚਾਹੀਦਾ ਹੁੰਦੈ ਬੱਸ.. ਤੇ ਏਹ ਬਹਾਨਾ ਕਦੇ ਨਰਮੇ ਦੀ ਟਰਾਲੀ ਵੇਚਕੇ ਮੁੜ੍ਹੇ ਔਂਦੇਆਂ ਨੂੰ ਮਿਲ ਜਾਂਦੈ ਤੇ ਕਦੇ ਕਣਕ ਬੀਜਕੇ ਹਟੇਆਂ ਨੂੰ ਤੇ ਕਦੇ ਟੁੱਟੇ ਸਿੰਗ ਆਲੀ ਝੋਟੀ ਵੇਚਕੇ.., ਹੱਥ ਤੇ ਹੱਥ ਮਾਰਕੇ ਹੱਸਕੇ ਏਹ ਪਲੈਨਿੰਗਾਂ ਬਣਾ ਲੈਂਦੇ ਨੇ.. ਖੇਤ ਆਲੇ ਕੋਠੇ ਦੀ ਕੰਧੋਲੀ ਓਹਲੇ ਬਣੇ ਚੁੱਲੇ ਤੇ ਪਤੀਲੇ ਚ ਮੁਰਗੇ ਹੋਣੀ ਤਾਰੀਆਂ ਲਾਓਂਦੇ ਫਿਰਦੇ ਹੁੰਦੇ ਆ.. ਫੇਰ ਕੈਹਣਗੇ ਅਖੇ ਬੜ੍ਹਾ ਬੁੜ੍ਹਕਦਾ ਸੀ ਪਤੰਦਰ.. ਹੁਣ ਮਾਰਦੈ ਸੀਟੀਆਂ..

ਫੇਰ ਆਊ ਕੋਈ ਜਾਗਰ ਮਕਣੇ ਅਰਗਾ ਤੇ ਛੇੜੂ ਗੱਲ ਹੋਲੀ ਦੇ ਇਤਿਹਾਸ ਦੀ, ਅੰਨੇਆਂ ਚੋਂ ਕਾਣੇ ਰਾਜੇ ਆਲੀ ਗੱਲ ਅੰਗੂ ਫੇਰ ਜੈਲੇ ਅਰਗਾ ਆਵਦੀਆਂ ਦਲੀਲਾਂ ਪੇਸ਼ ਕਰੂ ਬੀ ਏਸ ਦਿਨ ਲੱਛਮਣ ਨੇ ਰਾਵਣ ਦੀ ਭੈਣ ਦਾ ਨੱਕ ਵੱਢਤਾ ਸੀ, ਫੇਰ ਓਹ ਰੌਂਦੀਂ ਰੌਦੀਂ ਘਰੇ ਭੱਜਗੀ ਸੀ, ਡੱਕੇਆ ਵੇਆ ਮੁਲਖ ਦੀਵਾਲੀ ਹੋਲੀ ਦੀ ਇਤਿਹਾਸ ਬਦਲ ਦਿੰਦੈ.., ਫੇਰ ਜਾਗਰ ਅਰਗਾ ਡੂੰਘਾ ਸੋਚਕੇ ਆਖਦੈ..

” ਹੈਂਅ ਯਰ… ਫੇਰ ਓਹਦੇ ਤਾਂ ਵਚਾਰੀ ਦੇ ਬਾਹਵਾ ਟੈਂਕੇ ਲੱਗੇ ਹੋਣਗੇ… ਤੇ ਭੈਣਨੇ ਡਾਗਟਰਾਂ ਨੇ ਪੀਲੇ ਪਾਣੀ ਆਲੀਆਂ ਬੋਤਲਾਂ ਦੀ ਨੇਰੀ ਬੰਨਤੀ ਹੋਊਗੀ”…

~ ਰਮਨ ਦੀਪ ਬਰਾੜ