ਕੋਟਾ : ਵਿਦਿਆਰਥੀਆਂ ਦਾ ਕਬਰਸਤਾਨ

ਕੋਟਾ ਰਾਜਸਥਾਨ ਦਾ ਇੱਕ ਖੂਬਸੂਰਤ ਸ਼ਹਿਰ ਹੈ। ਇਸ ਨੂੰ ਭਾਰਤ ਦੀ ਕੋਚਿੰਗ ਕੈਪਿਟਲ ਵੀ ਕਿਹਾ ਜਾਂਦਾ ਹੈ। ਕੋਟਾ ਵਿੱਚ ਹਰ ਸਾਲ ਪੂਰੇ ਭਾਰਤ ‘ਚੋਂ 1.5 ਲੱਖ ਵਿਦਿਆਰਥੀ ਆਈ.ਆਈ.ਟੀ., ਏ.ਆਈ.ਆਈ.ਐੱਮ.ਐੱਸ., ਯੂ.ਜੀ.ਸੀ. ਜਿਹੀਆਂ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਆਂਓਦੇ ਹਨ। ਕੋਟਾ ਵਿੱਚ ਕਰੀਬ 300 ਕਰੋੜ ਰੁਪਏ ਦੀ ਸੱਨਅਤ ਹੈ ਜਿਸ ਦਾ ਇੱਕ ਸਾਲ ਦਾ ਟਰਨਓਵਰ 1500 ਕਰੋੜ ਰੁਪਏ ਹੈ। ਪਰ ਸਰਮਾਏ ਦੀ ਇਸ ਚਮਕ ਦਮਕ ਨੂੰ ਥੋੜੀ ਗੌਹ ਨਾਲ਼ ਦੇਖਣ ਤੇ ਹੀ ਸਾਨੂੰ ਇਸ ਦਾ ਗੰਦਾ ਸੱਚ ਨਜ਼ਰ ਆਉਣ ਲੱਗ ਪੈਂਦਾ ਹੈ। ਇਹਨਾਂ ਵੱਡੀਆਂ-ਵੱਡੀਆਂ ਕੋਚਿੰਗ ਸੰਸਥਾਵਾਂ ਦੀਆਂ ਇਮਾਰਤਾਂ ਦੇ ਬਾਹਰ ਟੰਗੇ ਇਸ਼ਤਿਹਾਰ ਜਿੱਥੇ ਸਾਨੂੰ ਜ਼ਿੰਦਗੀ ਦੀ ਖੁਸ਼ਗਵਾਰੀ ਲਈ ਝੂਠੀਆਂ ਊਮੀਦਾਂ ਦਿੰਦੇ ਨਜ਼ਰ ਆਉਂਦੇ ਹਨ ਉੱਥੇ ਹੀ ਇਹਨਾਂ ਇਮਾਰਤਾਂ ਦੇ ਅੰਦਰ ਉਹ ਖੌਫਨਾਕ ਹਨੇਰਾ ਪਲਦਾ ਹੈ ਜੋ ਕਿ ਇੱਥੇ ਪੜਦੇ ਵਿਦਿਆਰਥੀਆਂ ਦੇ ਭਵਿੱਖ ਅਤੇ ਉਹਨਾਂ ਦੇ ਸੁਫਨਿਆਂ ਨੂੰ ਨਿਗਲ ਜਾਂਦਾ ਹੈ। ਕੋਟਾ ਦੇ ਕੋਚਿੰਗ ਰਾਜਧਾਨੀ ਤੋਂ ਆਤਮਹੱਤਿਆ ਰਾਜਧਾਨੀ ਬਣਨ ਦੀ ਦਾਸਤਾਨ ਉਹਨਾਂ ਵਿਦਿਆਰਥੀਆਂ ਦੇ ਆਤਮ ਹੱਤਿਆ। ਨੋਟਸ ਵਿੱਚ ਚੰਗੀ ਤਰਾਂ ਪੜੀ ਜਾ ਸਕਦੀ ਹੈ ਜੋ ਕਿ ਇਹਨਾਂ ਧੜਵੈਲ ਕੋਚਿੰਗ ਸੰਸਥਾਵਾਂ ਦੇ ਮੁਨਾਫੇ ਦੀ ਅੰਨੀ ਹਵਸ ਦੇ ਸ਼ਿਕਾਰ ਹੋਣ ਦੇ ਨਾਲ਼-ਨਾਲ਼ ਮੌਜ਼ੂਦਾ ਸਮੇਂ ਦੀ ਇੱਕ-ਦੂਜੇ ਤੋਂ ਅੱਗੇ ਲੰਘ ਜਾਣ ਦੀ ਉਸ ਦੌੜ ਵਿੱਚ ਹਾਰ ਗਏ ਜੋ ਕਿ ਸਮਾਜਿਕ ਅਲਹਿਦਗੀ, ਇਕੱਲਤਾ ਅਤੇ ਉਸ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਜਿਸਦਾ ਸ਼ਿਕਾਰ ਹੋਏ ਨੌਜਵਾਨਾਂ ਲਈ ਮੌਤ ਹੀ ਇੱਕੋ-ਇੱਕ ਹੱਲ ਬਣ ਜਾਂਦੀ ਹੈ। ਅੰਕੜਿਆਂ ਮੁਤਾਬਕ 2013 ਤੋਂ ਮਈ 2017 ਤੱਕ ਇੱਥੇ 58 ਵਿਦਿਆਰਥੀ ਖੁਦਕੁਸ਼ੀ ਕਰ ਚੁਕੇ ਹਨ। ਇਹਨਾਂ ਖੁਦਕੁਸ਼ੀਆਂ ਦੇ ਕਾਰਨਾਂ ਦੀ ਪੜਤਾਲ ਕਰਨ ਵਾਲ਼ੀ ਇੱਕ ਕਮੇਟੀ ਨੇ 2015 ਵਿੱਚ ਜੋ ਰਿਪੋਰਟ ਪੇਸ਼ ਕੀਤੀ ਉਸ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਕੋਚਿੰਗ ਸੰਸਥਾਵਾਂ ਵਿੱਚ ਪੜਦੇ ਜ਼ਿਆਦਾਤਰ ਵਿਦਿਆਰਥੀ ਨਿਰਾਸ਼ਾ, ਬੇਕਾਰੀ, ਇਕੱਲਤਾ ਜਿਹੇ ਮਾਨਸਿਕ ਤਣਾਅ ਦੇ ਸ਼ਿਕਾਰ ਹਨ। ਇਹਨਾਂ ਮਾਨਸਿਕ ਪਰੇਸ਼ਾਨੀਆਂ ਦਾ ਇੱਕ ਕਾਰਨ ਇਹਨਾਂ ਕੋਚਿੰਗ ਸੰਸਥਾਵਾਂ ਦਾ 18 ਘੰਟਿਆਂ ਦਾ ਉਹ ਸਖ਼ਤ ਸਟਡੀ ਸ਼ਡਿਊਲ ਹੈ ਜਿਸ ਦੌਰਾਨ ਵਿਦਿਆਰਥੀਆਂ ਨੂੰ ਲੋੜੀਂਦਾ ਅਰਾਮ ਨਹੀਂ ਮਿਲ਼ ਪਾਉਂਦਾ ਅਤੇ ਇਸਦੇ ਨਾਲ ਹੀ ਕੈਂਟੀਨਾਂ ਅਤੇ ਮੈਸ ਵਿੱਚ ਮਿਲ਼ਣ ਵਾਲ਼ਾ ਘਟੀਆ ਗੁਣਵੱਤਾ ਦਾ ਖਾਣਾ ਵੀ ਇਸ ਲਈ ਜ਼ਿੰਮੇਵਾਰ ਹੈ। ਇਹਨਾਂ ਮਾਨਸਿਕ ਤਣਾਵਾਂ ਦਾ ਦੂਜਾ ਕਾਰਨ ਉਸ ਡਰ ਨਾਲ਼ ਸਬੰਧਤ ਹੈ ਕਿ ਜਿਸਦੇ ਅੱਗੇ ਮੌਤ ਦਾ ਡਰ ਵੀ ਛੋਟਾ ਨਜ਼ਰ ਆਉਂਦਾ ਹੈ ਅਤੇ ਉਹ ਹੈ ਫੇਲ ਹੋਣ ਦਾ ਡਰ। ਇੱਥੇ ਪੜਨ ਵਾਲ਼ਿਆਂ ਵਿੱਚੋਂ ਸਿਰਫ 0.06% ਵਿਦਿਆਰਥੀ ਹੀ ਪਾਸ ਹੋ ਕੇ ਅੱਗੇ ਆਈ.ਆਈ.ਟੀ. ਜਾ ਸਕਦੇ ਹਨ ਅਤੇ ਬਾਕੀ ਬਚੇ 99.4% ਵਿਦਿਆਰਥੀਆਂ ਦੇ ਪੱਲੇ ਨਿਰਾਸ਼ਾ ਹੀ ਆਉਂਦੀ ਹੈ। ਵਿਦਿਆਰਥੀਆਂ ਦੇ ਖੁਦਕੁਸ਼ੀ ਕਰਨ ਦਾ ਇਹ ਇੱਕ ਵੱਡਾ ਕਾਰਨ ਹੈ। ਜ਼ਿਆਦਾਤਰ ਵਿਦਿਆਰਥੀਆਂ ਦੇ ਮਾਪੇ ਕਰਜਾ ਲੈ ਕੇ ਆਪਣੇ ਬੱਚਿਆਂ ਨੂੰ ਇਹਨਾਂ ਮਹਿੰਗੀਆਂ ਕੋਚਿੰਗ ਸੰਸਥਾਵਾਂ ਵਿੱਚ ਪੜਨ ਲਈ ਭੇਜਦੇ ਹਨ। ਆਪਣੇ ਬੱਚੇ ਦੇ ਭਵਿੱਖ ਵਿੱਚ ਕੀਤੇ ਇਸ ਨਿਵੇਸ਼ ਨੂੰ ਡੁੱਬਣ ਤੋਂ ਬਚਾਉਂਣ ਲਈ ਪਰਿਵਾਰ ਵਾਲ਼ੇ ਬਿਨਾਂ ਉਸ ਵਿਦਿਆਰਥੀ ਦੀ ਮਰਜੀ ਜਾਣੇ ਜਾਂ ਉਸ ਦੀ ਮਾਨਸਿਕਤਾ ਨੂੰ ਅਣਗੋਲਿਆ ਕਰਕੇ ਉਸ ਨੂੰ ਗਧੇ ਵਾਂਗ ਮਿਹਨਤ ਕਰਨ, ਪੜਾਈ ਦੇ ਵਿੱਚ ਡੁੱਬੇ। ਰਹਿਣ ਲਈ ਲਗਾਤਾਰ ਉਸ ਉੱਤੇ ਦਬਾਅ ਬਣਾਉਂਦੇ ਹਨ। ਇਸ ਕਾਰਨ ਵਿਦਿਆਰਥੀ ਨੂੰ ਇੱਕ ਤਰਾਂ ਦੀ ਮਾਨਸਿਕ ਪਰੇਸ਼ਾਨੀ ਨਾਲ਼ ਜੂਝਣਾ ਪੈਂਦਾ ਹੈ ਜੋ ਸਿਉੰਕ ਵਾਂਗ ਉਸ ਨੂੰ ਅੰਦਰ ਤੱਕ ਖੋਖਲਾ ਕਰ ਦਿੰਦੀ ਹੈ ਅਤੇ ਇੱਕ ਛੋਟਾ ਜਿਹਾ ਝਟਕਾ ਹੀ ਉਹਨਾਂ ਨੂੰ ਮੌਤ ਦੇ ਨੇੜੇ ਲੈ ਜਾਣ ਲਈ ਕਾਫੀ ਹੁੰਦਾ ਹੈ। ਆਪਣੇ ਇਹਨਾਂ ਮਾਨਸਿਕ ਤਣਾਵਾਂ ਤੋਂ ਰਾਹਤ ਲਈ ਇਹ ਵਿਦਿਆਰਥੀ ਸੈਕਸ ਜਾਂ ਨਸ਼ਿਆਂ ਦਾ ਸਹਾਰਾ ਲੈਂਦੇ ਹਨ ਜੋ ਕਿ ਅੱਗੇ ਜਾਕੇ ਇਸ ਸਫ਼ਰ ਵਿੱਚ ਮੌਤ ਤੱਕ ਉਹਨਾਂ ਦੇ ਆਖ਼ਰੀ ਸਾਥੀ ਹੋ ਨਿੱਬੜਦੇ ਹਨ। ਸੱਭਿਅਤਾ ਦਾ ਕੇਂਦਰ ਕਹੀਆਂ ਜਾਣ ਵਾਲ਼ੀਆਂ ਸਾਡੀਆਂ ਵਿੱਦਿਅਕ ਸੰਸਥਾਵਾਂ ਅੱਜ ਮੁਨਾਫਾ ਨਿਚੋੜਨ ਵਾਲ਼ੀਆਂ ਸੱਨਅਤਾਂ ਵਿੱਚ ਤਬਦੀਲ ਹੋ ਗਈਆਂ ਹਨ ਜਿੱਥੇ ਕਿ ਵਿਦਿਆਰਥੀਆਂ ਨੂੰ ਮਸ਼ੀਨਾਂ ਦੇ ਪੁਰਜੇ ਸਮਝਿਆ ਜਾਂਦਾ ਹੈ। ਕ੍ਰੀਤੀ ਤ੍ਰਿਪਾਠੀ ਦਾ ਇਹ ਆਤਮਹੱਤਿਆ ਨੋਟ ਵਿਦਿਆਰਥੀਆਂ ਦੀ ਮਾਨਸਿਕਤਾ ਬਹੁਤ ਚੰਗੀ ਤਰਾਂ ਬਿਆਨ ਕਰਦਾ ਹੈ ਇਸ ਵਿੱਚ ਉਹ ਕਹਿੰਦੀ ਹੈ:-

“ਮੈਂ ਭਾਰਤ ਸਰਕਾਰ ਅਤੇ ਮਨੁੱਖੀ ਸ੍ਰੋਤ ਮੰਤਰਾਲੇ ਨੂੰ ਇਹ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਜੇਕਰ ਉਹ ਚਾਹੁੰਦੇ ਨੇ ਕਿ ਕੋਈ ਵੀ ਵਿਦਿਆਰਥੀ ਨਾ ਮਰੇ ਤਾਂ ਜਿੰਨੀ ਛੇਤੀ ਹੋ ਸਕੇ ਇਹ ਕੋਚਿੰਗ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਜਾਵੇ। ਇਹ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਨੂੰ ਖੋਖਲੇ ਕਰ ਦਿੰਦੀਆਂ ਹਨ। ਉਹਨਾਂ ਉੱਤੇ ਪੜਨ ਦਾ ਏਨਾਂ ਦਬਾਅ ਹੁੰਦਾ ਹੈ ਕਿ ਵਿਦਿਆਰਥੀ ਇਸਦੇ ਭਾਰ ਥੱਲੇ ਦੱਬ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਯਕੀਨ ਨਹੀਂ ਹੋਣਾ ਕਿ ਮੇਰੇ ਜਿਹੀ ਕੁੜੀ ਵੀ ਖੁਦਕੁਸ਼ੀ ਕਰ ਸਕਦੀ ਹੈ ਪਰ ਮੈਂ ਉਹਨਾਂ ਨੂੰ ਸਮਝਾ ਨਹੀਂ ਸਕਦੀ ਕਿ ਮੇਰੇ ਦਿਲ ਅਤੇ ਦਿਮਾਗ ਵਿੱਚ ਕਿੰਨੀ ਨਫਰਤ ਭਰ ਗਈ ਹੈ।”

ਆਪਣੇ ਇਸ ਆਤਮ ਹੱਤਿਆ ਨੋਟ ਵਿੱਚ ਆਪਣੀ ਮਾਂ ਨੂੰ ਸ਼ਿਕਾਇਤ ਕਰਦੀ ਹੋਈ ਉਹ ਅੱਗੇ ਲਿਖਦੀ ਹੈ:-

“ਮਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਸੀਂ ਮੇਰਾ ਕਰੀਅਰ ਬਣਾਉਣ ਲਈ ਜੋ ਕੁਝ ਕੀਤਾ ਉਸ ਲਈ ਬਹੁਤ-ਬਹੁਤ ਧੰਨਵਾਦ ਪਰ ਇੱਕ ਵਾਰ ਤੁਸੀਂ ਆਪਣੀ ਇਸ ਗਲ਼ਤੀ ਨੂੰ ਮੰਨਿਆ ਸੀ ਕਿ ਤੁਸੀਂ ਮੇਰੇ ਬਚਪਨ ਅਤੇ ਛੋਟਾ ਹੋਣ ਦਾ ਫਾਇਦਾ ਚੁੱਕਿਆ ਅਤੇ ਮੈਨੂੰ ਵਿਗਿਆਨ ਪੜਨ ਲਈ ਮਜ਼ਬੂਰ ਕੀਤਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ। ਹਾਂ ਕਿ ਮੈਨੂੰ ਅੱਜ ਵੀ ਅੰਗ੍ਰੇਜੀ ਸਾਹਿਤ ਅਤੇ ਇਤਿਹਾਸ ਪੜਨਾ ਚੰਗਾ ਲੱਗਦਾ ਹੈ। ਮਾਂ ਤੁਸੀਂ ਇਹ ਚਲਾਕੀ ਅਤੇ ਮਜ਼ਬੂਰ ਕਰਨ ਵਾਲ਼ੀ ਹਰਕਤ 11ਵੀਂ ਵਿੱਚ ਪੜ•ਦੀ ਮੇਰੀ ਛੋਟੀ ਭੈਣ ਨਾਲ਼ ਨਾ ਕਰਨਾ ਉਹ ਜੋ ਚਾਹੁੰਦੀ ਹੈ ਉਸ ਨੂੰ ਕਰਨ ਦੇਣਾ।”

ਕ੍ਰੀਤੀ ਤ੍ਰਿਪਾਠੀ ਦੇ ਇਹ ਸ਼ਬਦ ਬਹੁਤ ਸਪੱਸ਼ਟਤਾ ਨਾਲ਼ ਮੌਜੂਦਾ ਸਮੇਂ ਦੀ ਉਸ ਮੁਨਾਫਾ ਕਮਾਉਣ ਅਤੇ ਅਮੀਰ ਬਣਨ ਦੇ ਸੱਭਿਆਚਾਰ ਦੀ ਭਿਆਨਕਤਾ ਨੂੰ ਬਿਆਨ ਕਰਦੇ ਹਨ ਜੋ ਕਿ ਅੱਜ ਮਨੁੱਖੀ ਰਿਸ਼ਤਿਆਂ ‘ਤੇ ਬਹੁਤ ਮਾਰੂ ਹਮਲਾ ਕਰ ਰਹੀ ਹੈ।

ਜੇਕਰ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ। 2015 ਵਿੱਚ ਲੈਨਟਸ ਦੀ ਰੀਪੋਰਟ ਮੁਤਾਬਕ ਭਾਰਤ ਵਿੱਚ 15 ਤੋਂ 29 ਸਾਲ ਤੱਕ ਦੇ ਨੌਜਵਾਨਾਂ ਦੀ ਖੁਦਕੁਸ਼ੀ ਦਰ ਸੱਭ ਤੋਂ ਵੱਧ ਹੈ। ਏਥੇ ਹਰ ਬੀਤਦੇ ਘੰਟੇ ਅੰਦਰ ਇੱਕ ਨੌਜਵਾਨ ਖੁਦਕੁਸ਼ੀ ਕਰ ਲੈਂਦਾ ਹੈ। 2010 ਤੋਂ 2015 ਤੱਕ ਤਕਰੀਬਨ 39,775 ਨੌਜਵਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਬਹੁਤ ਮੁਮਕਿੰਨ ਹੈ ਕਿ ਜਿਨਾਂ ਦੀਆਂ ਖੁਦਕੁਸ਼ੀਆਂ ਦਰਜ ਨਹੀਂ ਹੋਈਆਂ ਉਹਨਾਂ ਦੀ ਗਿਣਤੀ ਇਸ ਅੰਕੜੇ ਤੋਂ ਕਿਤੇ ਵੱਧ ਹੋਵੇ। ਐਨ.ਸੀ.ਆਰ.ਬੀ. (ਕੌਮੀ ਅਪਰਾਧ ਰਿਕਾਰਡ ਬਿਊਰੋ) ਦੀ ਰੀਪੋਰਟ ਮੁਤਾਬਕ ਖੁਦਕੁਸ਼ੀ ਕਰਨ ਵਾਲ਼ਿਆਂ ‘ਚੋਂ 70% ਨੌਜਵਾਨ ਅਜਿਹੇ ਪਰਿਵਾਰਾਂ ਤੋਂ ਹਨ ਜਿਨਾਂ ਦੀ ਇੱਕ ਸਾਲ ਦੀ ਆਮਦਨ 1 ਲੱਖ ਜਾਂ ਇਸ ਤੋਂ ਘੱਟ ਹੈ।

ਹੁਣ ਪੂਰੀ ਹਾਲਤ ਤੋਂ ਚੰਗੀ ਤਰਾਂ ਵਾਕਫ ਹੋ ਜਾਣ ਤੋਂ ਬਾਅਦ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਇਹਨਾਂ ਅਣਚਾਹੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਉਹ ਸਰਕਾਰਾਂ ਜੋ ਕਿ ਲੋਕਾਂ ਦੇ ਹਿੱਤਾਂ ਨੂੰ ਭੁੱਲਾਕੇ ਮੁੱਠੀਭਰ ਸਰਮਾਏਦਾਰਾਂ ਦਾ ਪਾਲਤੂ ਕੁੱਤਾ ਬਣਨ ਲਈ ਕਾਹਲੀਆਂ ਹਨ? ਇੱਕ-ਦੂਜੇ ਨੂੰ ਕੁਚਲ ਕੇ ਅੱਗੇ ਲੰਘ ਜਾਣ ਦੀ ਸਾਡਾ ਮੌਜੂਦਾ ਸਮੇਂ ਦਾ ਇਹ ਮੁਨਾਫੇਖੋਰ ਸੱਭਿਆਚਾਰ? ਜਾਂ ਫਿਰ ਸਮਾਜਿਕ ਬੇਇਨਸਾਫੀ ਉੱਤੇ ਟਿੱਕਿਆ ਇਹ ਸਮੁੱਚਾ ਸਮਾਜਿਕ-ਆਰਥਿਕ ਢਾਂਚਾ? ਇਨਕਲਾਬੀ ਸ਼ਾਇਰ ਫੈਜ਼ ਅਹਮਦ ਫੈਜ਼ ਦੇ ਇਹ ਸ਼ਬਦ ਵਿਦਿਆਰਥੀਆਂ ਦੀ ਮੌਜੂਦਾ ਹਾਲਤ ਨੂੰ ਬੜੀ ਚੰਗੀ ਤਰਾਂ ਬਿਆਨ ਕਰਦੇ ਹਨ:-

“ਪੜਨੇ ਵਾਲੋਂ ਕੇ ਨਾਮ

ਵੋਹ ਜੋ ਆਸਹਾਬ-ਏ-ਤਬਲ-ਓ-ਅਲਮ ਕੇ ਦਰੋਂ ਪਰ

ਕਿਤਾਬ ਔਰ ਕਲਮ ਕਾ ਤਕਾਜ਼ਾ ਲੀਏ ਹਾਥ ਫੈਲਾਏ ਪਹੁੰਚੇ,

ਮਗਰ ਲੌਟ ਕਰ ਗਰ ਨਾ ਆਏ

ਵੋਹ ਮਾਸੂਮ ਜੋ ਬਾਲਪਨ ਮੇਂ

ਵਹਾਂ ਆਪਣੇ ਨੰਨੇ ਚਿਰਾਗੋਂ ਮੇਂ ਲੌਅ ਕੀ ਲਗਨ ਲੇ ਕੇ ਪਹੁੰਚੇ

ਜਹਾਂ ਬਟ ਰਹੇ ਥੇ, ਘਟਾ ਟੋਪ ਬੇਅੰਤ ਰਾਤੋਂ ਕੇ ਸਾਏ”

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 1, 16 ਫਰਵਰੀ 2018 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ