ਆਹ, ਸਟੀਫ਼ਨ ਹਾਕਿੰਗ !!!!!

(ਸਟੀਵਨ ਵਿਲੀਅਮ ਹਾਕਿੰਗ (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ, ਨਿਊਰੋਨ ਮੋਟਰ ਮਰਜ਼ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ ‘ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ ‘ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ। – ਵਿਕੀਪੀਡੀਆ)

===========================================================

“ਮੈਂ ਵੇਖਿਆ ਹੈ, ਉਹ ਲੋਕ ਜੋ ਇਹ ਜਿੱਦ ਕਰਦੇ ਹਨ ਕਿ ਸਭ ਕੁੱਝ ਤਕਦੀਰ ਵਿੱਚ ਲਿਖ ਦਿੱਤਾ ਗਿਆ ਹੈ ਅਤੇ ਉਸਨੂੰ ਬਦਲਿਆ ਨਹੀਂ ਜਾ ਸਕਦਾ। ਉਹ ਲੋਕ ਵੀ ਸੜਕ ਪਾਰ ਕਰਦੇ ਵਕਤ ਪਹਿਲਾਂ ਸੱਜੇ ਖੱਬੇ ਵੇਖਦੇ ਹਨ।”

– ਸਟੀਫ਼ਨ ਹਾਕਿੰਗ

ਸਟੀਫ਼ਨ ਹਾਕਿੰਗ ਦਾ ਵੱਡਾ ਕਾਰਨਾਮਾ ਕਾਇਨਾਤ ਵਿੱਚ ਇੱਕ ਅਜਿਹਾ ਬਲੈਕ ਹੋਲ ਖੋਜਣਾ ਸੀ ਜਿਸ ਤੋਂ ਰੋਜ਼ਾਨਾ ਨਵੇਂ ਤਾਰੇ ਜਨਮ ਲੈਂਦੇ ਹਨ, ਇਸ ਬਲੈਕ ਹੋਲ ਵਿੱਚੋਂ ਅਜਿਹੀਆਂ ਸ਼ੁਵਾਵਾਂ ਖ਼ਾਰਜ ਹੁੰਦੀਆਂ ਹਨ ਜੋ ਕਾਇਨਾਤ ਵਿੱਚ ਵੱਡੀਆਂ ਤਬਦੀਲੀਆਂ ਦਾ ਸਬੱਬ ਵੀ ਹਨ। ਇਨ੍ਹਾਂ ਨੂੰ ਸਟੀਫ਼ਨ ਹਾਕਿੰਗ ਦੇ ਨਾਮ ਤੋਂ ਹਾਕਿੰਗ ਰੇੱਡੀਏਸ਼ਨ ਕਿਹਾ ਜਾਂਦਾ ਹੈ।

1963 ਵਿੱਚ ਸਟੀਫ਼ਨ ਹਾਕਿੰਗ ਜਦੋਂ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੇ ਸਨ। ਇੱਕ ਦਿਨ ਪੌੜੀਆਂ ਤੋਂ ਫਿਸਲ ਗਏ ਅਤੇ ਫਿਰ ਡਾਕਟਰੀ ਮੁਆਇਨੇ ਦੇ ਬਾਅਦ ਪਤਾ ਚਲਿਆ ਕਿ ਉਹ ਗੰਭੀਰ ਰੋਗ ਮੋਟਰ ਨਿਊਰੋਨ ਡਿਜ਼ੀਜ਼ ਤੋਂ ਪੀੜਿਤ ਸਨ। 1965 ਵਿੱਚ ਉਹ ਵ੍ਹੀਲ ਚੇਅਰ ਤੱਕ ਮਹਿਦੂਦ ਹੋ ਕੇ ਰਹਿ ਗਏ। ਇਸ ਦੇ ਬਾਅਦ ਗਰਦਨ ਸੱਜੇ ਪਾਸੇ ਨੂੰ ਢਿਲਕ ਗਈ ਅਤੇ ਦੁਬਾਰਾ ਸਿੱਧੀ ਨਾ ਹੋ ਸਕੀ। ਉਹ ਖ਼ੁਰਾਕ ਅਤੇ ਵਾਸ਼ਰੂਮ ਲਈ ਵੀ ਦੂਸਰਿਆਂ ਦੇ ਮੁਥਾਜ ਹੋ ਗਏ। ਉਨ੍ਹਾਂ ਦਾ ਪੂਰਾ ਸਰੀਰ ਮਫ਼ਲੂਜ ਸੀ, ਸਿਰਫ ਪਲਕਾਂ ਵਿੱਚ ਜਿੰਦਗੀ ਦੀ ਰੁਮਕ ਬਾਕ਼ੀ ਸੀ। ਡਾਕਟਰਾਂ ਨੇ1974 ਵਿੱਚ ਹਾਕਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ ਲੇਕਿਨ ਇਸ ਅਜ਼ੀਮ ਇਨਸਾਨ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਫ਼ਲੂਜ ਜਿਸਮ ਦੇ ਨਾਲ ਸਟੀਫ਼ਨ ਨੇ ਆਪਣੀ ਨੀਮ ਮੁਰਦਾ ਪਲਕਾਂ ਉੱਤੇ ਹੀ ਜ਼ਿੰਦਾ ਰਹਿਣ, ਅੱਗੇ ਵਧਣ ਅਤੇ ਅਜ਼ੀਮ ਸਾਇੰਸਦਾਨ ਬਣਨ ਦਾ ਖ਼ਾਬ ਵੇਖਿਆ। ਵ੍ਹੀਲ ਚੇਅਰ ਉੱਤੇ ਬੈਠੇ ਇਸ ਸ਼ਖ਼ਸ ਨੇ ਕਾਇਨਾਤ ਦੇ ਰਹੱਸ ਖੋਲ੍ਹੇ ਤਾਂ ਦੁਨੀਆ ਹੈਰਾਨ ਰਹਿ ਗਈ। ਕੈਂਬਰਿਜ ਦੇ ਸਾਇਬਰ ਮਾਹਿਰਾਂ ਨੇ ਹਾਕਿੰਗ ਲਈ ਟਾਕਿੰਗ ਕੰਪਿਊਟਰ ਈਜਾਦ ਕੀਤਾ। ਕੰਪਿਊਟਰ ਵ੍ਹੀਲ ਚੇਅਰ ਉੱਤੇ ਲਗਾ ਦਿੱਤਾ ਗਿਆ। ਇਹ ਕੰਪਿਊਟਰ ਹਾਕਿੰਗ ਦੀਆਂ ਪਲਕਾਂ ਦੀ ਜ਼ਬਾਨ ਸਮਝ ਲੈਂਦਾ ਸੀ, ਸਟੀਫ਼ਨ ਆਪਣੇ ਖ਼ਿਆਲ ਪਲਕਾਂ ਨਾਲ ਕੰਪਿਊਟਰ ਉੱਤੇ ਮੁੰਤਕਿਲ ਕਰ ਦਿੰਦੇ। ਖਾਸ ਜਾਵੀਏ, ਸੰਤੁਲਨ ਅਤੇ ਰਿਦਮ ਦੇ ਨਾਲ ਹਿਲਦੀਆਂ ਪਲਕਾਂ ਕੰਪਿਊਟਰ ਦੀ ਸਕਰੀਨ ਉੱਤੇ ਲਫ਼ਜ਼ ਟਾਈਪ ਕਰਦੀਆਂ ਜਾਂਦੀਆਂ, ਅਤੇ ਨਾਲ ਨਾਲ ਸਪੀਕਰ ਨਾਲ ਇਹ ਸ਼ਬਦ ਨਸ਼ਰ ਵੀ ਹੋ ਜਾਂਦੇ ਸਨ।

ਸਟੀਫ਼ਨ ਹਾਕਿੰਗ ਵਾਹਿਦ ਇਨਸਾਨ ਸਨ ਜੋ ਆਪਣੀ ਪਲਕਾਂ ਨਾਲ ਬੋਲਦੇ ਸਨ ਅਤੇ ਪੂਰੀ ਦੁਨੀਆ ਉਨ੍ਹਾਂ ਨੂੰ ਸੁਣਦੀ ਸੀ।

ਸਟੀਫ਼ਨ ਨੇ ਪਲਕਾਂ ਦੇ ਜ਼ਰੀਏ ਬੇਸ਼ੁਮਾਰ ਕਿਤਾਬਾਂ ਲਿਖੀਆਂ, ਕੁਆਂਟਮ ਗਰੇਵੇਟੀ ਅਤੇ ਸਪੇਸ ਸਾਇੰਸ ਨੂੰ ਨਵਾਂ ਫ਼ਲਸਫ਼ਾ ਨਵੀਂ ਜ਼ਬਾਨ ਦਿੱਤੀ। ਉਨ੍ਹਾਂ ਦੀ ਕਿਤਾਬ, ‘ਏ ਬਰੀਫ਼ ਹਿਸਟਰੀ ਆਫ਼ ਟਾਇਮ’ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਸੀ, ਇਹ ਕਿਤਾਬ 237 ਹਫਤੇ ਦੁਨੀਆ ਦੀ ਬੈਸਟ ਸੇਲਰ ਕਿਤਾਬ ਰਹੀ ਜਿਸਨੂੰ ਸਾਹਿਤਕ ਸ਼ਾਹਕਾਰ ਦੀ ਤਰ੍ਹਾਂ ਖ਼ਰੀਦਿਆ ਅਤੇ ਪੜ੍ਹਿਆ ਗਿਆ।

ਹਾਕਿੰਗ ਨੇ1990 ਦੇ ਦਹਾਕਾ ਵਿੱਚ ਅਦੁੱਤੀ ਕੰਮ ਸ਼ੁਰੂ ਕੀਤਾ। ਮਾਯੂਸ ਲੋਕਾਂ ਨੂੰ ਜ਼ਿੰਦਗੀ ਦੀ ਖ਼ੂਬਸੂਰਤੀ ਉੱਤੇ ਲੈਕਚਰ ਦਿੱਤੇ। ਦੁਨੀਆ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਅਦਾਰੇ ਅਤੇ ਫ਼ਰਮਾਂ ਸਟੀਫ਼ਨ ਦੀਆਂ ਸੇਵਾਵਾਂ ਹਾਸਲ ਕਰਦੀਆਂ, ਉਨ੍ਹਾਂ ਨੂੰ ਵ੍ਹੀਲ ਚੇਅਰ ਸਮੇਤ ਅਣਗਿਣਤ, ਹਜਾਰਾਂ ਲੋਕਾਂ ਦੇ ਸਾਹਮਣੇ ਸਟੇਜ ਉੱਤੇ ਬਿਠਾ ਦਿੱਤਾ ਜਾਂਦਾ ਅਤੇ ਉਹ ਕੰਪਿਊਟਰ ਦੇ ਜ਼ਰੀਏ ਲੋਕਾਂ ਨੂੰ ਸੰਬੋਧਨ ਕਰਦੇ ਸਨ।

“ਜੇਕਰ ਮੈਂ ਇਸ ਅਪੰਗਤਾ ਦੇ ਬਾਵਜੂਦ ਕਾਮਯਾਬ ਹੋ ਸਕਦਾ ਹਾਂ, ਜੇਕਰ ਮੈਂ ਮੈਡੀਕਲ ਸਾਇੰਸ ਨੂੰ ਹਾਰ ਦੇ ਸਕਦਾ ਹਾਂ, ਜੇਕਰ ਮੈਂ ਮੌਤ ਦਾ ਰਸਤਾ ਰੋਕ ਸਕਦਾ ਹਾਂ ਤਾਂ ਤੁਸੀਂ ਲੋਕ ਜਿਨ੍ਹਾਂ ਦੇ ਸਾਰੇ ਅੰਗ ਸਲਾਮਤ ਹਨ, ਜੋ ਚੱਲ ਸਕਦੇ ਹਨ, ਜੋ ਦੋਨਾਂ ਹੱਥਾਂ ਨਾਲ ਕੰਮ ਕਰ ਸਕਦੇ ਹਨ, ਜੋ ਖਾ ਪੀ ਸਕਦੇ ਹਨ, ਜੋ ਕਹਿਕਹਾ ਲਗਾ ਸਕਦੇ ਹਨ ਅਤੇ ਜੋ ਆਪਣੇ ਤਮਾਮ ਖ਼ਿਆਲ ਦੂਜੇ ਲੋਕਾਂ ਤੱਕ ਪਹੁੰਚਾ ਸਕਦੇ ਹਨ ਉਹ ਕਿਉਂ ਮਾਯੂਸ ਹਨ।”