ਅਨੰਤਵੀਰ ਸਿੰਘ ਕੀਰਤ ਕਰ ਰਿਹਾ ਹੈ ਤੇ ਅਸੀਂ ਬੈਠੇ ਸੁਣ ਰਹੇ ਹਾਂ, ਉਹ ਬਚਿਤ੍ਰ ਨਾਟਕ ਗਾ ਰਿਹਾ ਹੈ ਤੇ ਅਸੀਂ ਹੇਮਕੁੰਟ ਦੇ ਸਾਥੀ ਪਹਾੜਾਂ ਕੋਲ ਬੈਠੇ ਹਾਂ। ਜਦ ਗਾਉਂਦੇ ਗਾਉਂਦੇ ਉਸ ਨੇ ਪੜ੍ਹਿਆ,

ਚਿਤ ਨ ਭਯੋ ਹਮਰੋ ਆਵਨ ਕਹਿ ॥ ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ ॥

ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥ ਇਮ ਕਹਿ ਕੈ ਇਹ ਲੋਕਿ ਪਠਾਯੋ ॥

ਤਾਂ ਥੋੜਾ ਉਦਾਸ ਜਹੇ ਹੋ ਗਏ। ਸੱਚੇ ਪਾਤਸ਼ਾਹ ਨੂੰ ਮਿਲਣ ਦੀ ਤੱਕਣ ਦੀ ਲਾਲਸਾ ਏਨੀ ਪ੍ਰਬਲ ਹੈ ਸਿਖ ਅੰਦਰ, ਪਰ ਸਤਿਗੁਰੂ ਦਾ ਪਟਨੇ ਪ੍ਰਕਾਸ਼ ਦਾ ਪ੍ਰਸੰਗ, ਅਕਾਲ ਜੀ ਨਾਲ ਸੰਵਾਦ, ਜਿਸ ਵਿਚੋਂ ਜਾਪਦਾ ਹੈ ਕਿ ‘ਉਹ’ ਏਨਾ ਸੁਖਾਲਾ ਨਹੀਂ ਆ ਜਾਂਦਾ….

ਉਹ ਤਾਂ ਬੜਾ ਸਾਫ ਹੈ ਤੇ ਅਕਾਲ ਜੀ ਨੂੰ ਵੀ ਕਹਿ ਦਿੰਦਾ ਹੈ, ਕਿ “ਮੇਰਾ ਚਿਤ ਨਹੀਂ ਕਰਦਾ ਜਾਣ ਨੂੰ ਮਾਤ ਲੋਕ ‘ਤੇ…”

ਤੇ ਫੇਰ ਅਕਾਲ ਜੀ ਜਿਵੇਂ ਕਿਵੇਂ ਸਮਝਾਉਂਦੇ ਹਨ ਤੇ ‘ਉਹ’ ਮੰਨ ਜਾਦਾ ਹੈ….

ਦੇਖੋ ਅਕਾਲ ਜੀ ਦੇ ਪਹਿਲੀ ਵਾਰ ਕਹਿਣ ਤੇ ਵੀ ਉਹ ਨਾਂਹ ਕਰਦੇ ਹਨ…. ਤੇ ਸਾਨੂੰ ਕਿੰਨੀ ਕੁ ਵਾਰ ਕਹਿਣਾ ਪਊ… ਇਹੀ ਉਦਾਸੀ ਸੀ….

ਫੇਰ ਇਕ ਫੁਰਨਾ ਜਿਹਾ ਆਇਆ ਤਾਂ ਜਾਪਿਆ ਕਿ ਸਾਰਾ ਪੰਥ ਕਿਸੇ ਪਹਾੜ ਦੀ ਚੋਟੀ ‘ਤੇ ਇਕਤ੍ਰ ਹੋਇਆ ਖਲੋਤਾ ਹੈ, ਅਕਾਲ ਜੀ ਨੂੰ ਮੁਖਾਤਿਬ…. ਇਕ ਇਲਾਹੀ ਆਵਾਜ਼ ਆਉਂਦੀ ਹੈ, “ਤੁਸਾਂ ਉਪਰ ਅਸਾਡੀ ਖੁਸ਼ੀ ਹੈ, ਤੁਸਾਂ ਅਕਾਲ ਦੀ ਫੌਜ ਹੋਣ ਦਾ ਪੂਰਾ ਮਾਣ ਰੱਖ ਰਹੇ ਹੋ, ਕਦੇ ਕਦੇ ਢਹਿੰਦੀ ਕਲਾ ਵਿਚ ਵੀ ਜਾਂਦੇ ਹੋ, ਪਰ ਸਦਾ ਯਾਦ ਰੱਖਿਓ ਕਿ ਤੁਸੀਂ ਅਕਾਲ ਪੁਰਖ਼ ਕੀ ਫੌਜ ਹੋ, ਜੇ ਫੌਜ ਹਾਰੇਗੀ ਤਾਂ ਅਕਾਲ ਹਾਰੇਗਾ, ਪਰ ਅਕਾਲ ਤਾਂ ਜਿੱਤਾਂ ਹਾਰਾਂ ਤੋਂ ਪਰੇ ਹੈ, ਸੋ ਕਦੇ ਵੀ ਆਪਣੇ ਆਪ ਨੂੰ ਹਾਰਿਆ ਮਹਿਸੂਸ ਨਾ ਕਰਿਓ, ਪੰਥ ਸਦਾ ਗ੍ਰੰਥ ਦੇ ਸਨਮੁਖ ਰਹੇ ਤੇ ਯਾਦ ਰੱਖੇ ‘ਹਰਿਮੰਦਰ’ ਪਰਕਾਸ਼ ਵੇਲੇ ਕਹੇ ਪੈਗੰਬਰੀ ਬੋਲ,

“ਬੁੱਢਾ ਸਾਹਿਬ ਖੋਲੋ ਗ੍ਰੰਥ ਲੋਹੁ ਆਵਾਜ਼ ਸੁਨੈ ਸਭ ਪੰਥ”

ਜੇ ਗ੍ਰੰਥ ਦੀ ਆਵਾਜ਼ ਵਲ ਪੰਥ ਪਿੱਠ ਕਰ ਖਲੋਤਾ ਤਾਂ ਅਸਾਡੀ ਖੁਸ਼ੀ ਤੁਸਾਂ ਥੀ ਜਾਂਦੀ ਰਹੇਗੀ….

ਹੁਣ ਮੰਗੋ ਸਾਰਾ ਪੰਥ ਮੰਗੋ ਕੀ ਚਾਹੁੰਦੇ ਹੋ…..”

ਤੇ ਮੈਨੂੰ ਬਹੁਤ ਖੁਸ਼ੀ ਹੋਈ ਜਦ ਸਾਰੇ ਪੰਥ ਨੇ ਇਕ ਆਵਾਜ਼ ਹੋ ਕੇ ਕਿਹਾ,

“ਸੱਚੇ ਪਾਤਸ਼ਾਹ…… ਕਲਗੀਧਰ ਜੀਆਂ ਦੀ ਇਕ ਝਲਕ….”

ਅਕਾਲ ਜੀ ਕਰਨ ਕਿ ਇਹ ਫੁਰਨਾ ਜਲਦ ਹਕੀਕਤ ਹੋ ਜਾਵੇ…..