“ਤਿਨ ਜਨ ਦੇਖਾ ਨੈਣੀ”

ਇਹ ਇਸ਼ਕ ਦੀ ਇੰਤਹਾ ਹੈ। ਮਾਈ ਹੀਰ ਦੇ ਦੇਹ ਦਾ ਓਹਲਾ ਕਰ ਲੈਣ ਤੋਂ ਕੁਝ ਸਾਲ ਬਾਅਦ ਸਿਆਲਾਂ ਦਾ ਇਕ ਬੰਦਾ ਹੱਜ ‘ਤੇ ਗਿਆ। ਉਥੇ ਓਹਨੂੰ ਮਾਈ ਹੀਰ ਮਿਲ ਪਈ। ਉਹ ਰਿਸ਼ਤੇ ਵਿਚ ਮਾਈ ਦਾ ਚਾਚਾ ਲੱਗਦਾ ਸੀ। ਮਿਲ ਕੇ ਸਿਰ ਉੱਤੇ ਹੱਥ ਰੱਖ ਦਿੱਤਾ, “ਕੀ ਹਾਲ ਐ ਤੇਰਾ ਧੀਏ…”

“ਹਾਲ ਤੋਂ ਤਾਂ ਜੱਗ ਜਾਣੂ ਐਂ ਚਾਚਾ ਮੇਰੇ ਤੋਂ…”

“ਕੋਈ ਸੁਨੇਹਾਂ ਦੇਣੈ ਧੀਏ…. ਚੂਚਕ ਤਾਈਂ ਕੁਝ ਕਹਿਣਾ ਹੋਵੇ ਤਾਂ ਦੱਸ…”

“ਬੱਸ ਚਾਚਾ ਏਨਾ ਕਹਿਣਾ ਸੀ, ਮੇਰੇ ਬਾਪੂ ਨੂੰ ਕਹੀਂ ਕਿ ਓਹਨੇ ਮੈਨੂੰ ਦਫਨਾਉਣ ਵੇਲੇ ਮੇਰੇ ਪੈਰ ਤਖ਼ਤ ਹਜ਼ਾਰੇ ਵੱਲ ਕਰ ਦਿਤੇ… ਓਹਨੂੰ ਕਹੀਂ ਕਿ ਮੇਰੀ ਕਬਰ ਖੁਦਵਾਵੇ ਤੇ ਮੇਰਾ ਸਿਰ ਤਖ਼ਤ ਹਜ਼ਾਰੇ ਵਲ ਕਰ ਦੇਵੇ… ਮੇਰੇ ਤੋਂ ਜਰੇ ਨਹੀਂ ਜਾ ਰਹੇ ਰਾਂਝੇ ਦੇ ਪਿੰਡ ਵੱਲ ਮੇਰੇ ਪੈਰ…”

…..

ਕਬਰ ਵਿਚ ਪਈ ਮਾਈ ਹੀਰ ਕੋਲ ਜ਼ਿਬਰਾਈਲ ਆਇਆ, ਜ਼ਿਬਰਾਇਲ ਖੁਦਾ ਦਾ ਸੁਨੇਹਾਂ ਲੈ ਕੇ ਆਉਣ ਵਾਲਾ ਫਰਿਸ਼ਤਾ ਹੈ, ਉਹ ਮਾਈ ਕੋਲ ਆਇਆ ਤੇ ਬੋਲਿਆ, “ਤੇਰੀ ਭਗਤੀ ਪਰਵਾਨ ਹੋਈ ਹੀਰੇ, ਖੁਦਾ ਤੇਰੇ ਤੇ ਬਹੁਤ ਰਾਜ਼ੀ ਹੈ, ਉਹ ਤੈਨੂੰ ਬਖ਼ਸ਼ਿਸਾਂ ਨਾਲ ਨਿਵਾਜ਼ਨਾ ਚਾਹੁੰਦਾ ਹੈ…. ਤੂੰ ਚੱਲ ਤੇ ਖੁਦਾ ਦੇ ਦਰ ਤੋਂ ‘ਉਸ’ ਦੇ ਹੱਥੀ ਸਨਮਾਨ ਲੈ ਤੇ ਖੁਦਾ ਦੀ ਗਲਵੱਕੜੀ ਦੀ ਭਾਗੀ ਬਣ…. ਮੈਨੂੰ ਯਾਦ ਨਹੀਂ ਕਿ ਪਿਛਲੀ ਵਾਰ ਖੁਦਾ ਕਦੋਂ ਕਿਸੇ ‘ਤੇ ਏਨਾ ਤਰੁੱਠਾ ਸੀ ਤੇ ਕਦ ਦੁਬਾਰਾ ਏਨੇ ਪਿਆਰ ਦੇ ਘਰ ਵਿਚ ਆਵੇਗਾ…. ਕਿੰਨੇ ਵੱਡੇ ਭਾਗਾਂ ਵਾਲੀ ਹੈਂ ਤੂੰ, ਮੈਨੂੰ ਖੁਦ ਨੂੰ ਏਨੇ ਨੇੜੇ ਦੇ ਫਰਿਸ਼ਤੇ ਨੂੰ ਕਦੇ ਖੁਦਾ ਵੱਲੋਂ ਇਹ ਸਨਮਾਨ ਨਹੀਂ ਮਿਲਿਆ….”

ਜ਼ਿਬਰਾਈਲ ਲਗਾਤਾਰ ਬੋਲ ਰਿਹਾ ਸੀ ਪਰ ਮਾਈ ਬਹੁਤੇ ਧਿਆਨ ਨਾਲ ਨਹੀਂ ਸੁਣ ਰਹੀ ਸੀ ਸਗੋਂ ਆਸੇ ਪਾਸੇ ਦੇਖ ਰਹੀ ਸੀ।

“ਖੁਦਾ ਤੇਰੇ ਨਾਲ ਪੈਗੰਬਰਾਂ ਵਾਲਾ ਵਤੀਰਾ ਕਰ ਰਿਹਾ ਹੈ… ਏਵੇਂ ਤਾਂ ਉਹ ਪੈਗੰਬਰਾਂ ਨਾਲ ਪ੍ਰੇਮ ਕਰਦਾ ਹੈ ਜਿਵੇਂ ਤੇਰੇ ਨਾਲ ਕਰ ਰਿਹਾ ਹੈ… ਚਲ ਉੱਠ ਤੇ ਚੰਗੇ ਭਾਗਾਂ ਨਾਲ ਮਿਲੀ ਇਹ ਮਿਹਰ ਦੀ ਨਿਗਾਹ ਪ੍ਰਾਪਤ ਕਰ….”

ਮਾਈ ਦੇ ਧਿਆਨ ਨਾ ਦੇਣ ‘ਤੇ ਜ਼ਿਬਰਾਈਲ ਬੋਲਿਆ, “ਤੂੰ ਖੁਸ਼ ਨਹੀਂ…. ਤੁਰਦੀ ਕਿਉਂ ਨਹੀਂ…..?”

“ਰਾਂਝਾ….. ਰਾਂਝਾ ਕਿੱਥੇ ਹੈ….?” ਮਾਈ ਦੇ ਮੂੰਹੋਂ ਬਸ ਏਹ ਬੋਲ ਨਿਕਲੇ, “ਮੈਂ ਮੰਗੀ ਹੀ ਨਹੀਂ ਖੁਦਾ ਦੀ ਕੋਈ ਹੋਰ ਨੇਮਤ, ਗਲਵੱਕੜੀ, ਸਨਮਾਨ… ਬਸ ਮੈਨੂੰ ਰਾਂਝੇ ਦੇ ਦੀਦਾਰ ਕਰਵਾ ਦਿਓ… ਹੋਰ ਕੁਝ ਨਹੀਂ ਚਾਹੀਦਾ…. ਬਸ ਇੱਕ ਵਾਰ ਉਹ ਅੱਖਾਂ ਮੂਹਰੇ ਲੈ ਆਓ…. ਤੇ ਜੋ ਵੀ ਸਨਮਾਨ ਮੈਨੂੰ ਖੁਦਾ ਵੱਲੋਂ ਮਿਲ ਰਹੇ ਨੇ ਲੈ ਲਓ… ਬਸ ਰਾਂਝੇ ਦੀ ਇਕ ਝਲਕ ਬਦਲੇ……”

……

ਮੇਰਾ ਜੀਅ ਕਰ ਰਿਹੈ ਕਿ ਉੱਚੀ ਉੱਚੀ ਰੋ ਰੋ ਕੇ ਸੱਚੇ ਪਾਤਸ਼ਾਹ ਦੇ ਇਹ ਬੋਲ ਗਾਵਾਂ,

“ਮੀਰਾਂ ਦਾਨਾਂ ਦਿਲ ਸੋਚ ॥

ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥

ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥

ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥੧॥

ਦਸੋਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ ॥

ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥੨॥੫॥”

(ਸਭ ਤਰ੍ਹਾਂ ਦੇ ਬੰਦਨਾਂ ਤੋਂ ਮੁਕਤੀ ਦੇਣ ਵਾਲੇ ਪ੍ਰੀਤਮ ਦੀ ਮੁਹੱਬਤ ਮੇਰੇ ਹਿਰਦੇ ਵਿਚ ਵਸ ਰਹੀ ਹੈ ਤੇ ਸਚਮੁੱਚ ਕੁਛ ਵੀ ਨਹੀਂ, ਕੱਖ ਵੀ ਨਹੀਂ ਏਹਦੇ ਬਦਲੇ ਵਿਚ ਸੰਸਾਰ ਦੀ ਕੋਈ ਸ਼ੈਅ ਕਉਡੀ ਦੀ ਕੀਮਤ ਦੀ ਵੀ ਨਹੀਂ…. ਪ੍ਰੀਤਮ ਦੀ ਇਕ ਝਲਕ ਪ੍ਰੀਤਮ ਦੇ ਇਕ ਵਾਰ ਦੀਦਾਰ ਹੋ ਜਾਣ ਸਾਹਮਣੇ ਸਾਰਾ ਕੁਝ ਕੱਖ ਵੀ ਨਹੀਂ…..)