ਅਾਹ ਹੁੰਦੀ ਸੀ ਸਾਹੇ ਚਿੱਠੀ ……….

‘ਲਿਖਤੁਮ ਪੰਚਾਇਤ ਸਰਬੱਤ ਪਿੰਡ ਬਾਲੇਵਾਲ ਦੀ l ਵਾਸਤੇ ਰੁਲੀਆ ਸਿੰਘ ਦੇ ਸਾਰੇ ਪਰਿਵਾਰ ਦੇ l ਸਾਰੀ ਪੰਚਾਇਤ ਅਤੇ ਪਰਿਵਾਰ ਵੱਲੋਂ ਦੋਵੇਂ ਹੱਥ ਜੋਡ਼ ਕੇ ਸਤਿ ਸ੍ਰੀ ਅਕਾਲ ਬੁਲਾਈ ਵਾਚਣੀ ਜੀ l ਅੱਗੇ ਜੋਗ ਸਰਬੱਤ ਪੰਚਾਇਤ ਪਿੰਡ ਮਿੱਠੇਵਾਲ ਦੀ ਘਰ ਸਾਧੂ ਸਿੰਘ ਦੇ ਚਿੱਠੀ ਪਹੁੰਚੇ ਜੀ l ਸਾਰੀ ਪੰਚਾਇਤ ਨਗਰ ਖੇੜੇ ਨੂੰ ਸਭ ਦੀ ਸਤਿ ਸ੍ਰੀ ਅਕਾਲ ਬੁਲਾਈ ਪਰਵਾਨ ਹੋਵੇ ਜੀ l ਅੱਗੇ ਸੂਰਤ ਅਹਿਵਾਲ ਇਹ ਹੈ ਕਿ ਰੁਲੀਆ ਸਿੰਘ ਦੀ ਲੜਕੀ – ‘ਮਲਕੀਤੋ’ – ਮਲਕੀਤ ਕੌਰ – ਦਾ ‘ਲਗਨ’ ਸਾਧੂ ਸਿੰਘ ਦੇ ਪੁੱਤਰ ਬੁੱਕਣ ਸਿੰਘ ਨਾਲ ਮਾਘ ਦੀ ਪੁੰਨਿਆਂ ਦਾ ਨਿਕਲਿਆ ਹੈ l ਚੌਦੇਂ ਦੀ ਰੋਟੀ ਹੈ, ਪੁੰਨਿਆਂ ਦੀ ਰਾਤ ਨੂੰ ਪਹਿਲੇ ਪੱਖ ਦੀਆਂ ਦੋ ਘੜੀਆਂ ਰਾਤ ਰਹਿੰਦੀ ਦੇ ਫੇਰੇ ਨੇ, ਸੋਧੇ ਹੋਏ ਲਗਨ ਦਾ ਸ਼ਗਨ ਪਰਵਾਨ ਕਰਨਾ ਜੀ l ਅਸੀਂ ਧੀ ਵਾਲੇ ਗਰੀਬਾਂ ਦਾ ਤੁਹਾਡੇ ਭਗਵਾਨਾਂ ਨਾਲ ਕੋਈ ਟਾਕਰਾ ਨਹੀਂ ਜੀ l ਗਰੀਬੀ ਦਾਅਵੇ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ ਲੜਕੇ ਦੇ ਨਾਲ ਘਰ ਦੇ ਚਾਰ ਬੰਦੇ ਅਾ ਕੇ ਭਮਾਲੀਆਂ ਲੈ ਜਾਣਾ l ਜੰਞ ਦੇ ਬੰਦੇ ੩੦ ਤੋਂ ਵੱਧ ਨਾ ਹੋਣ l ਸਾਡੇ ਵਿੱਚ ਹੋਰ ਬਹੁਤਿਆਂ ਦੀ ਸੰਭਾਲਣ ਦੀ ਪਰੋਖੋ ਨਹੀਂ ਹੈ ਜੀ l ਦੋ ਰਥ, ਇਕ ਗੱਡਾ, ਪੰਜ ਸਵਾਰੀਆਂ ਲਿਆਉਣੀਆਂ l ਸਾਡੇ ਘਰ ਕਿਸੇ ਤਰ੍ਹਾਂ ਦਾ ਟੂਮ ਤਗਾਦਾ ਨਾਲ ਲੈ ਕੇ ਨਾ ਅਾਉਣਾ ਜੀ l’

‘ਗਿਆਨੀ ਗੁਰਦਿੱਤ ਸਿੰਘ’ ਜੀ ਦੀ ਕਿਤਾਬ ‘ਮੇਰਾ ਪਿੰਡ’ ਵਿੱਚੋਂ l