‘ਧੰਨ ਗੁਰੂ ਨਾਨਕ’ ਤੇ ‘ਸਤਿ ਕਰਤਾਰ’ ਦੇ ਬੋਲ ਮਾਯੂਸ ਹੋ ਰਹੀ ਹਵਾ ਨੂੰ ਜਿਊਣ ਜੋਗਾ ਕਰ ਰਹੇ ਹਨ। ਜੇ ਇਹ ਬੋਲ ਨਾ ਗੂੰਜਦੇ ਹੁੰਦੇ ਤਾਂ ਸ਼ਾਇਦ ਹਵਾ ਦਾ ਆਵਦਾ ਦਮ ਘੁਟ ਜਾਂਦਾ।

ਮਾਸੂਮ ਬਾਲ ਕੋਹੇ ਜਾ ਰਹੇ ਹਨ, ਨੇਜ਼ਿਆਂ ‘ਤੇ ਟੰਗੇ ਜਾ ਰਹੇ ਹਨ, ਵੱਢੇ ਜਾ ਰਹੇ ਹਨ…. ਕੁਝ ਜਲਾਦ ਉਹਨਾਂ ਟੋਟਿਆਂ ਨੂੰ ਰੱਸੀਆਂ ਵਿਚ ਪਰੋ ਰਹੇ ਹਨ। ਜਿਹਨਾਂ ਝੋਲੀਆਂ ਵਿਚੋਂ ਉਹ ਬਾਲ ਚੁੱਕੇ ਗਏ ਸਨ ਉਹਨਾਂ ਗਲਾਂ ਵਿਚ ਹੀ ਉਹ ਹਾਰ ਪਾਏ ਜਾਂਦੇ ਹਨ।

ਇਕ ਮੁਗਲ ਸਿਪਾਹੀ ਕੀ ਦੇਖਦਾ ਹੈ ਕਿ ਇਕ ਮਾਈ ਉਸ ਨੂੰ ਇਸ਼ਾਰਾ ਕਰਕੇ ਬੁਲਾ ਰਹੀ ਹੈ। ਉਹ ਹੈਰਾਨ ਹੈ ਕਿ ਐਸੇ ਕਹਿਰੀ ਸਮੇਂ ਉਹ ਉਸ ਨੂੰ ਕੀ ਕਹੇਗੀ। ਨਾਲ ਦੇ ਸਿਪਾਹੀ ਨੇ ਕਿਹਾ ਕਿ ਜਾ ਆਵੇ, ਉਹ ਥੋੜੇ ਕਰੁਣਾ ਦੇ ਘਰ ਵਿਚ ਵੀ ਹਨ। ਐਸਾ ਵਰਤਾਰਾ ਕਿਸੇ ਨੂੰ ਵੀ ਮੋਮ ਕਰ ਦੇਵੇ। ਨਾਲ ਦੇ ਸਿਪਾਹੀ ਨੇ ਕਿਹਾ, “ਜਾ ਆ, ਸ਼ਾਇਦ ਪਾਣੀ ਮੰਗਦੀ ਹੋਵੇ, ਦੇ ਦੇਈਂ ਜੇ ਪਾਣੀ ਜਾਂ ਕੁਝ ਹੋਰ ਮੰਗਦੀ ਹੋਈ ਤਾਂ…. ਹਾਕਮ ਦਾ ਹੁਕਮ ਵਜਾਉਂਦੇ ਵਜਾਉਂਦੇ ਆਪਾਂ ਵੀ ਉਸ ਜਹੇ ਹੁੰਦੇ ਜਾ ਰਹੇ ਹਾਂ। ਜਾਹ ਸੁਣ ਆ…”

ਦੂਜਾ ਸਿਪਾਹੀ ਮਾਂ ਕੋਲ ਗਿਆ….. ਤੇ ਰੋਂਦਾ ਹੋਇਆ ਵਾਪਸ ਆਇਆ।

“ਕੀ ਹੋਇਆ, ਕੀ ਕਿਹਾ ਉਸਨੇ” ਜਿਸ ਸਿਪਾਹੀ ਨੇ ਭੇਜਿਆ ਸੀ ਓਹਨੇ ਪੁੱਛਿਆ। ਪਰ ਵਾਪਸ ਆਇਆ ਸਿਪਾਹੀ ਤ੍ਰਿਪ ਤ੍ਰਿਪ ਹੰਝੂ ਸਿੱਟ ਰਿਹਾ, ਬੋਲਿਆ ਕੁਝ ਨਹੀਂ ਜਾ ਰਿਹਾ।

“ਓ ਦੱਸ ਤਾਂ ਸਹੀ ਐਸਾ ਕੀ ਕਹਿ ਦਿੱਤਾ ਓਹਨੇ, ਐਸਾ ਕੀ ਮੰਗ ਲਿਆ ਜੋ ਤੇਰਾ ਰੋਣ ਨਿਕਲ ਗਿਆ…”

“ਉਹ ਕਹਿੰਦੀ”, ਇਹ ਰੋਂਦਾ ਰੋਂਦਾ ਬੋਲਿਆ, “ਉਹ ਕਹਿੰਦੀ ਕਿ ਜੋ ਹਾਰ ਤੂੰ ਮੇਰੇ ਗਲ ਵਿਚ ਪਾ ਕੇ ਗਿਆਂ ਉਹ ਮੇਰੇ ਬੱਚੇ ਦਾ ਨਹੀਂ, ਮੇਰੇ ਬੱਚੇ ਦਾ ਤਾਂ ਔਹ ਹੈ ਜੋ ਔਹ ਬੀਬੀ ਦੇ ਗਲ ਪਾਇਆ… ਮੇਰੇ ਗਲ ਵਿਚ ਮੇਰੇ ਬੱਚੇ ਦੇ ਟੁਕੜਿਆਂ ਦਾ ਹਾਰ ਲਿਆ ਕੇ ਪਾ, ਮੇਰੀ ਏਨੀ ਕੁ ਬੇਨਤੀ ਪ੍ਰਵਾਨ ਕਰ…..” ਤੇ ਉਹ ਏਨਾ ਕਹਿ ਕੇ ਧਾਹੀਂ ਰੋ ਪਿਆ, “ਕੋਈ ਏਨਾ ਸਬਰ ਵਿਚ ਕਿਵੇਂ ਹੋ ਸਕਦਾ, ਐਸਾ ਕੀ ਦੇ ਦਿੱਤਾ ਇਹਨਾਂ ਨੂੰਇਹਨਾਂ ਦੇ ਗੁਰੂ ਨੇ…. ਏਨੇ ਸਹਿਜ ਕਿਵੇਂ ਹੋ ਸਕਦੇ ਨੇ ਇਹ….”

“ਇਹ ਸਿਖ ਨੇ ਹਮੀਦ… ਸਦੀਆਂ ਲੱਗੀਆਂ ਨੇ ਇਹਨਾਂ ਦੀ ਘਾੜਤ ਘੜਣ ਨੂੰ…. ਡੋਲਣਗੇ ਨਹੀਂ ਇਹ ਕਦੇ ਵੀ, ਇਹ ਗੱਲ ਹੁਣ ਮੀਰ ਮੰਨੂ ਨੂੰ ਕੌਣ ਸਮਝਾਵੇ…. ਇਹ ਸਿਖ ਨੇ…..”

ਧੰਨ ਗੁਰੂ ਨਾਨਕ ਤੇ ਸਤਿ ਕਰਤਾਰ ਦੇ ਬੋਲ ਮਰਦੀ ਜਾ ਰਹੀ ਹਵਾਂ ਨੂੰ ਵੀ ਜੀਵਨ ਬਖਸ਼ ਰਹੇ ਹਨ।

…….

ਮੁਗਲ ਸਿਪਾਹੀ ਦੇ ਇਹ ਬੋਲ ਸਵੇਰੇ ਜਦ ਬਿਸਤਰੇ ਤੋਂ ਉੱਠਿਆ ਤਾਂ ਮੇਰੇ ਕੰਨਾਂ ਵਿਚ ਗੂੰਜ ਰਹੇ ਸਨ, “ਇਹ ਸਿਖ ਨੇ…”…. ਕਹਿੰਦਾ ਤਾਂ ਮੈਂ ਵੀ ਸਿਖ ਹਾਂ ਆਪਣੇ ਆਪ ਨੂੰ…. ਪਰ ਕੀ ਸਚਮੁਚ ਹਾਂ ਉਹਨਾਂ ਮਾਵਾਂ ਜਿਹਾ……?

ਜਗਦੀਪ ਫ਼ਰੀਦਕੋਟ