ਕਹਿੰਦੇ ਨੇ ਕਿ ਈਰਾਨ ਦਾ ਕੋਈ ਵੱਡਾ ਕਵੀ ਲੈਲਾ-ਮਜਨੂੰ ਦਾ ਕਿੱਸਾ ਲਿਖ ਕੇ ਭਾਈ ਨੰਦ ਲਾਲ ਜੀ ਨੂੰ ਸੁਣਾਉਣ ਲਈ ਲੈ ਕੇ ਆਇਆ। ਭਾਈ ਸਾਹਿਬ ਦੀ ਆਗਿਆ ਨਾਲ ਉਸ ਸੁਣਾਉਣਾ ਸ਼ੁਰੂ ਕੀਤਾ। ਉਹ ਲੈਲਾ ਦਾ ਹਾਲ ਸੁਣਾ ਰਿਹਾ ਸੀ ਤੇ ਭਾਈ ਸਾਹਿਬ ਦੀਆਂ ਅੱਖਾਂ ‘ਚੋਂ ਲਗਾਤਾਰ ਝਰਨੇ ਵਹਿ ਰਹੇ ਸਨ। ਕੁਝ ਦੇਰ ਰੁਕ ਕੇ ਉਸ ਨੇ ਮਜਨੂੰ ਦਾ ਹਾਲ ਸੁਣਾਉਣਾ ਸ਼ੁਰੂ ਕੀਤਾ। ਭਾਈ ਸਾਹਿਬ ਕੁਰਲਾ ਉੱਠੇ, “ਨਾ… ਮੇਰੇ ਜਹੇ ਮਹਿਬੂਬ ਦੀ ਦੀਦ ਨੂੰ ਤਰਸ ਰਹੇ ਨੂੰ ਮਜਨੂੰ ਦਾ ਹਾਲ ਨਾ ਸੁਣਾ… ਰਹਿਮ ਕਰ ਮੇਰੇ ‘ਤੇ… ਕਿਤੇ ਮਜਨੂੰ ਦਾ ਹਾਲ ਸੁਣਦੇ ਸੁਣਦੇ ਆਪਣੇ ਯਾਰ ਦੇ ਦੀਦਾਰ ਬਾਝਹੁ ਮੈਂ ਏਥੇ ਹੀ ਪ੍ਰਾਣ ਨਾ ਤਿਆਗ ਦਿਆਂ… ਨਾ… ਤਰਸ ਕਰ ਮੇਰੇ ‘ਤੇ”

“ਮਗੋ ਅਜ਼ ਹਾਲਿ ਲੈਲਾ ਰਾ ਦਿਲਿ ਸ਼ੋਰੀਦਾਇ ਗੋਯਾ

ਕਿ ਸ਼ਰਾਹ ਕਿੱਸਾਇ ਮਜਨੂੰ ਮਰਾ ਦੀਵਾਨਾ ਮੀ ਸਾਜ਼ਦ”

ਇਸ਼ਕ ਤਾਂ ਇਸ਼ਕ ਹੁੰਦੈ ਮਿੱਤਰੋ।

ਪ੍ਰੇਮ, ਪ੍ਰੀਤ, ਮੁਹੱਬਤ

ਬੜੇ ਪਾਕ ਤੇ ਪਵਿੱਤਰ ਸ਼ਬਦ ਨੇ ਇਹ।

ਬਾਬੇ ਹਾਸ਼ਮ ਦੇ ਬੋਲ ਯਾਦ ਰੱਖੋ,

‘ਉਹ ਕੀ ਜਾਨਣ ਸਾਰ ਇਸ਼ਕ ਦੀ ਊਠ ਚਰਾਵਣ ਵਾਲੇ’

ਐਵੇਂ ਨੀ ਪੰਜਾਬ ਦਾ ਅਲਬੇਲਾ ਕਵੀਂ ਜੰਗਲਾਂ, ਬੇਲਿਆਂ ਵਿੱਚ ਗਾਉਂਦਾ ਫਿਰਦਾ,

‘ਆ ਵੀਰਾ ਰਾਂਝਿਆ,

ਭੈਣੇ ਹੀਰੇ ਨੀ,

ਸਾਨੂੰ ਛੋੜ ਤੁਸੀਂ ਨਾ ਜਾਵੋ,

ਬਾਝ ਤੁਸਾਂ ਅਸੀਂ ਸੱਖਣੇ….’

ਝਨ੍ਹਾਂ ਦੇ ਕੰਢੇ ਖਲੋਤੀ ਸੋਹਣੀ ਨੂੰ ਜਰੂਰ ਸੁਣੇ ਹੋਣਗੇ ਇਹ ਇਲਾਹੀ ਬੋਲ,

“ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥

ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ॥

ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ॥”

ਗੱਲ ਘੜਿਆਂ ਦੇ ਕੱਚੇ ਹੋਣ ਦੀ ਨਹੀਂ,

ਇਸ਼ਕਾਂ ਦੇ ਪੱਕੇ ਹੋਣ ਦੀ ਹੁੰਦੀ ਹੈ।

ਕਦੇ ਜਥੇ ਦੇ ਸਿੰਘਾਂ ਦੀ ੧੯੭੨ ਕੁ ਦੇ ਨੇੜੇ ਤੇੜੇ ਦੀ ਰਿਕਾਰਡਿੰਗ ਸੁਣਿਓ,

“ਮਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ ਜੀ

ਮਹੀਵਾਲ ਨੋ ਸੋਹਣੀ…..”

ਤੇ ਨਾਲ ਹੀ ਪ੍ਰਮਾਣ ਲਾਇਆ ਜਾਂਦੈ,

“ਸਮੁੰਦੁ ਸਾਗਰੁ ਹੋਵੈ ਬਹੁ ਖਾਰਾ

ਗੁਰਸਿਖੁ ਲੰਘਿ ਗੁਰ ਪਹਿ ਜਾਈ

ਗੁਰਸਿਖੁ ਲੰਘਿ ਗੁਰ ਪਹਿ ਜਾਈ……”

ਧੰਨ ਗੁਰੂ ਧੰਨ ਗੁਰੂ ਪਿਆਰੇ….

-ਭੁੱਲ ਚੁੱਕ ਦੀ ਖਿਮਾਂ-

Jagdeep faridkot