” ਨਮਕ ਹਰਾਮ ”

ਇਲਾਕੇ ਚ ਨਾਂ ਸੀ ਉਹਦਾ , ਸਾਰੇ ਜਾਣਦੇ ਸੀ , ਡਾਢੇ ਦਲੇਰ ਪਿਓ ਦਾ ਦਲੇਰ ਪੁੱਤਰ ਸੀ ਉਹ ,

ਜਿਹੜੀ ਗੱਲ ਤੇ ਖਲੋਂਦਾ ਉਸਤੋਂ ਅਗਾਂਹ ਨਾਂ ਕਰਦਾ ਤੇ ਨਾਂ ਸੁਣਦਾ , ਰਿਸ਼ਤੇ ਦਾਰੀ ਚ ਵਿਆਹ ਗਿਆ ਤਾਂ ਸਾਂਢੂ ਨੇਂ ਆਪਣੀਂ ਦੁਖਦੀ ਰਗ ਛੇੜ ਲਈ , ਕਹਿੰਦਾ ” ਗੁਰਭੇਜ ਸਿਆਂ ਆਹ

ਆਪਣੇਂ ਬੰਤ ਸਿਆਂ ( ਸਾਂਢੂ ਦਾ ਵੱਡਾ ਭਰਾ ) ਦਾ ਔਖਾ ਹੁਣ, ਹੁਣ ਤੇਰੇ ਤੇ ਸੁੱਟਣਾਂ ਪੈਣਾਂ ਸਭ।

” ਕੀ ਹੋਇਆ ਭਾਅ ?

ਉਹਦੇ ਦਿਲ ਚ ਡਾਢਾ ਸਤਿਕਾਰ ਸੀ ਸਾਂਢੂ ਦਾ , ਭਰਾਵਾਂ ਜਿਹਾ ਮੋਹ ਸੀ ਉਹਦੇ ਨਾਲ।

” ਹਵਾਵਾਂ ਤੱਤੀਆਂ ਨੇਂ ਗੁਰਭੇਜ , ਨਾਂ ਇਹਨੂੰ ਪੁਲਿਸ ਛੱਡਦੀ ਏ ਤੇ ਨਾਂ ਉਹ । ਉਹ ਠਹਿਰ ਭਾਲਦੇ ਨੇਂ ਤੇ ਪੁਲਿਸ ਸੂਹ ਮੰਗਦੀ ਏ , ਆਹ ਸਰਪੰਚੀ ਇਹਦੀ ਮੌਤ ਬਣ ਢੁੱਕਣ ਨੂੰ ਕਾਹਲੀ ਏ।

ਸੁਣਕੇ ਉਹ ਹੱਕਾ ਬੱਕਾ ਰਹਿ ਗਿਆ ।

” ਤੂੰ ਮੈਨੂੰ ਦੱਸ ਭਾਅ , ਜੇ ਮੈਂ ਕੁੱਝ ਕਰ ਸਕਾਂ।

ਗੁਰਭੇਜ ਤੂੰ ਏਦਾਂ ਕਰ ਛੋਟੇ ਵੀਰ ਇਹਨੂੰ ਤੇਰੇ ਪਿੰਡ ਭੇਜ ਦਈਏ ਤੇ ਅਗਾਂਹ ਮੀਤਾਂ ਨੂੰ ਆਖ ( ਊਧਮ ਸਿਓਂ ਦੀ ਧੀ ਜੋ ਕੈਨੇਡਾ ਵਿੱਚ ਸੀ) ਇਹਦੀ ਅਰਜੀ ਲਵਾਈਏ ਬਾਹਰ ਦੀ , ਪਰ ਉਨਾਂ ਚਿਰ ਸੰਭਾਲ ਮੇਰੇ ਵੀਰ , ਨਹੀਂ ਤਾਂ ਇਹ ਬੇ ਕਸੂਰ ਮਾਰਿਆ ਜਾਣਾਂ।

” ਭਾਅ ਤੂੰ ਰੱਤੀ ਪਰਵਾਹ ਨਾਂ ਕਰ। ਮੈਂ ਸਭ ਸੰਭਾਲ ਲਵਾਂਗਾ , ਤੇਰੀ ਆਖੀ ਸਿਰ ਮੱਥੇ ।

ਗੁਰਭੇਜ ਨੇਂ ਆਪਣੇਂ ਵੱਡੇ ਭਰਾ ਨਾਲ ਗੱਲ ਕੀਤੀ ਤਾਂ ਦੋਵਾਂ ਵਿਓਂਤ ਬਣਾ ਲਈ ਕਿ ਕਿੰਝ ਤੇ ਕਿੱਥੇ ਰੱਖਿਆ ਜਾਵੇ ਬੰਤ ਸਿਓਂ ਨੂੰ ।

ਦੋਵੇਂ ਭਰਾ ਇੱਕਠੇ ਸੀ ਤਾਂ ਆਲੇ ਦੁਆਲੇ ਬਾਹਵਾ ਰੁਤਬਾ ਸੀ ਦੋਵਾਂ ਦਾ।

ਅਖੀਰ ਬੰਤ ਸਿਓਂ ਨੂੰ ਗੁਰਭੇਜ ਹੁਰਾਂ ਦੇ ਪਿੰਡ ਲਿਆਂਦਾ ਗਿਆ । ਵੱਡੇ ਸਾਰੇ ਘਰ ਚ ਇੱਕ ਬੈਠਕ ਚ ਜਿਹਦੇ ਤਿੰਨ ਬੂਹੇ ਸੀ । ਇੱਕ ਘਰ ਦੇ ਵਿਹੜੇ ਚ ਤੇ ਇੱਕ ਵੱਡੇ ਰਾਹ, ਤੇ ਇੱਕ ਫਿਰਨੀਂ ਵੱਲ ਨੂੰ ਖੁੱਲਦਾ ਸੀ।

ਬੰਤ ਸਿਓਂ ਨੂੰ ਅੱਠ ਮਹੀਨੇਂ ਉਸ ਬੈਠਕ ਚ ਰੱਖਿਆ ਗਿਆ ।

ਗੁਰਭੇਜ ਦੀ ਮਾਂ ਤੇ ਘਰਦੀ ਨੇਂ ਬਥੇਰਾ ਸਮਝਾਇਆ ਕਿ ”

” ਇਹ ਨਾਂ ਹੋਵੇ ਕਿ ਸਾਰਾ ਟੱਬਰ ਮਰਵਾਂ ਲਵੋਂ ਤੁਸੀਂ , ਦੋਵਾਂ ਪਾਸਿਓ ਖਤਰਾ, ਅਗਲਿਆਂ ਇੱਕ ਨੂੰ ਵੀ ਨੀਂ ਛੱਡਣਾਂ।

ਪਰ ਗੁਰਭੇਜ ਤੇ ਉਹਦੇ ਭਰਾ ਨੇਂ ਇੱਕ ਨਾਂ ਸੁਣੀਂ।

” ਬੀਬੀ ਜ਼ੁਬਾਨ ਦਾ ਮੁੱਲ ਹੁੰਦਾ ਏ ਕੋਈ , ਜਿੰਨਾਂ ਚਿਰ ਜਾਨ ਏ ਤੱਤੀ ਵਾਅ ਨੀਂ ਲੱਗਣ ਦਿੰਦੇ ਨਾਂ ਟੱਬਰ ਨੂੰ ਨਾਂ ਬੰਤ ਭਾਅ ਨੂੰ।

ਹਾਰਕੇ ਜਨਾਨੀਆਂ ਵਿਚਾਰੀਆਂ ਚੁੱਪ ਕਰ ਜਾਂਦੀਆਂ

ਟੱਬਰ ਤੋਂ ਬਿਨਾਂ ਇਸ ਘਰ ਚ ਕੋਈ ਹੋਰ ਵੀ ਏ ਕਿਸੇ ਨੂੰ ਭਿਣਕ ਤੱਕ ਨਹੀਂ ਸੀ ਹੋਣ ਦਿੱਤੀ। ਘਰਦਿਆਂ ਸੀਰੀਆਂ ਤੇ ਜੁਆਕਾਂ ਨੂੰ ਖਾਸ ਤਾਕੀਦ ਕੀਤੀ ਗਈ।

ਦੋਵਾਂ ਚੋਂ ਇੱਕ ਭਰਾ ਬਦੂੰਕ ਲੈਕੇ ਛੱਤ ਸੌਂਦਾ ਤੇ ਇੱਕ ਵਿਹੜੇ ਚ ਖੁੱਲਦੇ ਬੂਹੇ ਦੇ ਬਿਲਕੁਲ ਕੋਲ ਮੰਜੀ ਡਾਉਂਦਾ। ਸਾਰਾ ਦਿਨ ਨਿਗਾਹਾਂ ਬਾਜ ਵਾਂਗ ਬੈਠਕ ਤੇ ਰਹਿੰਦੀਆਂ ।

ਰਾਤ ਨੂੰ ਬੰਤ ਸਿਓਂ ਨੂੰ ਬੱਤੀਆਂ ਬੰਦ ਕਰਕੇ ਥੋੜਾ ਬਹੁਤਾ ਵਿਹੜੇ ਚ ਟਹਿਲਣ ਲਈ ਬਾਹਰ ਕੱਢਦੇ।

ਬੰਤ ਸਿਓਂ ਦੋਵਾਂ ਭਰਾਵਾਂ ਦਾ ਕਰਜ਼ਦਾਰ ਹੋ ਗਿਆ। ਦੋਵਾਂ ਨੂੰ ਹਜਾਰਾ ਵਾਅਦੇ ਕਰਦਾ।

” ਭਾਵੇਂ ਜਾਨ ਮੰਗ ਲਿਓ , ਜਵਾਬ ਨੀਂ ਦਿੰਦਾ ਗੁਰਭੇਜ ਸਿਆਂ ।

ਬੈਠਕ ਚ ਲੱਗੇ ਫੋਨ ਤੇ ਉਹਦੀ ਧੀ ਨਾਲ ਉਹਦੀ ਗੱਲ ਹੁੰਦੀ ਰਹਿੰਦੀ।

ਘਰ ਦੀਆਂ ਜਨਾਨੀਆਂ ਸਾਰਾ ਦਿਨ ਡਰਦੀਆਂ ਰਹਿੰਦੀਆਂ , ਕਿ ਬਸ ਹੁਣ ਕੁੱਝ ਹੋਇਆ ਜਾ ਹੁਣ ਹੋਇਆ।

ਇੰਝ ਕਰਦਿਆਂ ਡਾਢੇ ਔਖੇ ਅੱਠ ਮਹੀਨੇਂ ਨਿੱਕਲੇ ।

ਅਖੀਰ ਬੰਤ ਸਿਓਂ ਗੁਰਭੇਜ ਦੇ ਘਰੋਂ ਹੀ ਦਿੱਲੀ ਲਿਜਾਇਆ ਗਿਆ ਤੇ ਉਥੋਂ ਕੈਨੇਡਾ ਪੁੱਜ ਗਿਆ ।

ਦਿਨ ਬਦਲੇ ਤੇ ਬੰਤ ਸਿਓਂ ਦੀ ਫਿਤਰਤ ਬਦਲ ਦਿਆਂ ਵੀ ਦੇਰ ਨੀਂ ਲੱਗੀ।

ਜਾਨ ਤਲੀ ਤੇ ਧਰਕੇ ਹਿਫਾਜ਼ਤ ਕਰਨ ਵਾਲੇ ਭਰਾਵਾਂ ਵੱਲ ਉਹਨੇਂ ਕਦੀ ਤੱਕਿਆ ਵੀ ਨਾਂ।

ਗੁਰਭੇਜ ਸਿਓਂ ਤੇ ਉਹਦੇ ਭਰਾ ਦਾ ਉਹ ਕੀਤਾ ਉਹਨੂੰ ਕਦੀ ਰੱਤੀ ਭਰ ਵੀ ਨਾਂ ਯਾਦ ਆਇਆ ।

ਦੋ ਵਾਰ ਉਹ ਪੰਜਾਬ ਆਇਆ ਤਾਂ ਇੱਕ ਵਾਰ ਉਹਨਾਂ ਨੂੰ ਮਿਲਣ ਵੀ ਨਾਂ ਆਇਆ।

ਅੱਜ ਵੀ ਮੈਂ ਜਦੋਂ ਕਿਤੇ ” ਨਮਕ ਹਰਾਮ ” ਸ਼ਬਦ ਲਿਖਿਆ ਕਿਤੇ ਪੜਦੀ ਹਾਂ ਤਾਂ ਪਤਾ ਨਹੀਂ ਕਿਓਂ ਮੈਨੂੰ ਬੰਤ ਸਿਓਂ ਯਾਦ ਆ ਜਾਂਦਾ ।

Rupinder Sandhu.

ਫੋਟੋ ,,,,, ਉਪਕਾਰ ਸੰਧੂ ਦੀ ਏ ।