ਮੇਰੇ ਪਾਪਾ ਦੀ ਇੱਕ ਮਾਸੀ ਹੁੰਦੀ ਸੀ , ਕਮਾਲ ਦੀ ਜਿੰਦਾਦਿਲ ਔਰਤ , ਘਰੋਂ ਬਹੁਤੀ ਸੌਖੀ ਸੀ ,

ਮੈਂ ਛੇਵੀਂ ਚ ਪੜਦੀ ਸੀ ਤਾਂ ਸਾਡੇ ਪੰਜਾਬੀ ਦੇ ਟੀਚਰ ਸੁਖਦੇਵ ਸਿਓਂ ਜੀ ਨੇਂ ਸਾਰਿਆਂ ਨੂੰ ਆਪਣੇ ਕਿਸੇ ਰਿਸ਼ਤੇਦਾਰ ਜਾਂ ਅਜੀਜ਼ ਤੇ ਕੁੱਝ ਲਿਖਕੇ ਲਿਆਉਣ ਨੂੰ ਕਿਹਾ ਤਾਂ ਮੈਂ ਮਾਸੀ ਤੇ ਲਿਖ ਦਿੱਤਾ , ਜਦਕਿ ਬਾਕੀ ਨਿਆਣਿਆਂ ਰਟੇ ਰਟਾਏ ਜਿਹੇ ਲੇਖ ਹੀ ਲਿਖੇ।

ਸੁਖਦੇਵ ਸਿਓਂ ਸਰ ਨੂੰ ਬਹੁਤਾ ਪਸੰਦ ਆਇਆ , ਮਾਸੀ ਯੂ ਪੀ ਚ ਰਹਿੰਦੀ ਸੀ , ਜਦੋਂ ਪੰਜਾਬੇ ਆਉਂਦੀ ਤਾਂ ਦੋ ਤਿੰਨ ਮਹੀਨੇਂ ਰਹਿੰਦੀ ਸਾਡੇ ਕੋਲ । ਹਮੇਸ਼ਾ ਹੱਸਦੀ ਰਹਿੰਦੀ , ਮੇਰੀ ਦਾਦੀ ਨਾਲ ਭੋਰਾ ਨਾਂ ਬਣਨੀਂ ਉਹਦੀ । ਮੇਰੀ ਤਾਈ ਤੇ ਮਾਂ ਨੂੰ ਬੜਾ ਪਿਆਰ ਕਰਨਾਂ ਉਹਨੇਂ , ਪਾਪਾ ਤੇ ਤਾਇਆ ਜੀ ਨੂੰ ਕਹਿਣਾਂ ” ਪੁੱਤਰ ਭਲੇ ਘਰਾਂ ਦੀਆਂ ਬੀਬੀਆਂ ਨੇਂ ਕਦਰ ਕਰਿਆ ਕਰੋ।

ਮਾਸੀ ਬਹੁਤੀ ਦਲੇਰ ਸੀ , ਮੇਰੀ ਦਾਦੀ ਦੱਸਦੀ ਹੁੰਦੀ ਸੀ ਵੀ ਮਾਸੀ ਨੇਂ ਕੋਈ ਖੂੰਖਾਰ ਜੰਗਲੀ ਜਾਨਵਰ ਕੁਹਾੜੀ ਨਾਲ ਮਾਰ ਸੁੱਟਿਆ ਸੀ ਜਿਹਨੇਂ ਰਾਤ ਨੂੰ ਵਿਹੜੇ ਚ ਪਈ ਉਹਦੀ ਧੀ ਤੇ ਹਮਲਾ ਕਰ ਦਿੱਤਾ ਸੀ।

ਮੇਰੀ ਪਾਪਾ ਤੇ ਤਾਇਆ ਜੀ ਨੇਂ ਜਦੋਂ ਖੇਤੋਂ ਆਉਣਾਂ ਤਾਂ ਮਾਸੀ ਨੇਂ ਅੱਗੋਂ ਪਾਣੀ ਦਾ ਗਲਾਸ ਲੈਕੇ ਖੜੀ ਹੋਣਾਂ , ਸੀਰੀਆ ਨਾਲ ਵੀ ਆਪਣੇ ਪੁੱਤਰਾ ਵਰਗਾ ਵਿਹਾਰ ਕਰਨਾ।

ਮਾਸੀ ਦੋ ਗੱਲਾਂ ਬੜੀਆਂ ਬੋਲਦੀ ਹੁੰਦੀ ਸੀ , ਉਹਨੇਂ ਜਦੋਂ ਖੁਸ਼ ਹੋਣਾਂ ਤਾਂ ਕਹਿਣਾਂ ” ਜਿਓਂਣ ਮੇਰੇ ਮਾਪੇ ,

ਤੇ ਜਦੋਂ ਮੇਰੀ ਦਾਦੀ ਨਾਲ ਲੜਨਾਂ ਤਾਂ ਆਖਣਾਂ ” ਫਿੱਟੇ ਮੂੰਹ ਤੇਰੇ ਜੰਮਣ ਵਾਲਿਆਂ ਦੇ ।

ਪਤਾ ਨੀਂ ਸੀ ਲੱਗਦਾ ਕਿਹੜੇ ਵੇਲੇ ਮਾਪਿਆਂ ਦੀ ਤਾਰੀਫ ਕਰ ਜਾਂਦੀ ਤੇ ਕਿਹੜੇ ਵੇਲੇ ਬੇਇੱਜ਼ਤੀ😂😂😂😂😂

ਮਾਸੀ ਦੇ ਪੁੱਤਰਾਂ ਇੱਕ ਵਾਰ ਬਾਂਦਰੀ ਰੱਖ ਲਈ , ਉਨਾਂ ਦਾ ਟਰੱਕਾਂ ਦਾ ਕਾਰੋਬਾਰ ਸੀ। ਤਾਂ ਮਾਸੀ ਆਂਹਦੀ ,

“ਦਫਾ ਕਰੋ ਇਹਨੂੰ ਘਰੋਂ , ਮੈਂ ਨੀਂ ਰੱਖਣ ਦੇਣੀਂ , ਪਿੰਡ ਚ ਅੱਲ ਪੈ ਜਾਊ, ਲੋਕੀ ਸਾਰੀ ਉਮਰ ਆਖਣਗੇ ਬਾਂਦਰੀ ਵਾਲਿਆਂ ਦੇ , ਰੱਖਣੀਂ ਏ ਤਾਂ ਕੋਈ ਘੋੜੀ ਰੱਖ ਲਓ।

ਕਹਿੰਦੀ ਮੇਰੇ ਸਹੁਰੇ ਪਿੰਡ ਨੰਗੇ ਪੈਰਾਂ ਆਲਿਆਂ ਦਾ ਲਾਣਾਂ ਵੱਜਦਾ, ਪੈਰੀਂ ਜੁੱਤੀ ਨੀਂ ਸੀ ਪਾਉਂਦੇ।

ਇੱਕ ਵਾਰ ਮੇਰੀ ਦਾਦੀ ਤੇ ਮਾਸੀ ਦੋਵੇਂ ਯੂ ਪੀ ਨੂੰ ਚੱਲੀਆਂ ਸੀ , ਤਾਂ ਇੱਕ ਥੈਲੇ ਚ ਪਾਕੇ ਮਾਸੀ , ਚਰਖੇ ਦਾ ਤੱਕਲਾ ਲੈ ਗਈ , ਰਸਤੇ ਚ ਤੱਕਲਾ ਕਿਸੇ ਬੀਬੀ ਦੀ ਸਾੜੀ ਚ ਫਸ ਗਿਆ ਤੇ ਉਹਦੀ ਸਾੜੀ ਤੱਕਲੇ ਚ ਫਸ ਕੇ ਪਾੜ ਗਈ । ਮਾਸੀ ਕਹਿੰਦੀ,

। ” ਨੀਂ ਗੁਰਨਾਮ ਕੁਰੇ ਜਿਹੜਾ ਪਹਿਲਾ ਸਟੇਸ਼ਨ ਆਊ ਉੱਥੇ ਹੀ ਉੱਤਰ ਜਾਈਏ , ਨਹੀਂ ਤਾਂ ਸਾਰੇ ਰਸਤੇ ਤੱਕਲੇ ਨਾਲ ਹੀ ਯੁੱਧ ਚੱਲੂ, ਇਹ ਖਸਮਾਂ ਨੂੰ ਖਾਣਾਂ , ਕਈਆਂ ਤੋਂ ਛਿੱਤਰ ਪਵਾਊ।

ਮਾਸੀ ਸੋਹਣੀਂ ਬਹੁਤ ਸੀ , ਮਖਮਲ ਵਰਗੇ ਪੈਰਾ ਚ ਹਲਕੀ ਹੀਲ ਵਾਲੀ ਕਾਲੀ ਜੁੱਤੀ ਪਾਉਂਦੀ ਤਾਂ ਬਲਾਅ ਸੋਹਣੀ ਲੱਗਣਾਂ ਉਹਨੇਂ, ਸੁਨਾਹਿਰੇ ਜਿਹੇ ਵਾਲ ਉਹਦੇ , ਸੋਹਣੀਆਂ ਕੁੜੀਆਂ ਨੂੰ ਮਾਤ ਪਾਓਂਦੇ ਸੀ । ਜਦੋਂ ਉਹਨੇਂ ਪੰਜਾਬੇ ਆਉਣਾਂ ਤਾਂ ਸਾਡਾ ਜੀਅ ਨਾਂ ਕਰਨਾਂ ਵੀ ਉਹ ਜਾਵੇ ।

ਇੱਕ ਵਾਰ ਸਾਡੇ ਬਾਪੂ ਜੀ ਤੇ ਬੇਬੇ ਜੀ ਲੜ ਪਏ , ਨਿੱਕੀ ਜਿਹੀ ਲੜਾਈ ਸੀ ਤਾਂ ਬਾਪੂ ਜੀ ਆਣਕੇ ਨਹਿਰ ਤੇ ਤਾਸ਼ ਖੇਡਣ ਲੱਗ ਪਏ ਤੇ ਬੇਬੇ ਜੀ ਗੁਰਦਵਾਰੇ ਚਲੇ ਗਏ , ਮਾਸੀ ਨੇਂ ਵੇਖਿਆ ਵੀ ਉਹਦੀ ਭੈਣ ਦਿਖਦੀ ਨੀਂ ਕਿਤੇ । ਉਹ ਤਾਂ ਆਈ ਭੱਜੀ ਭੱਜੀ ਮੇਰੇ ਪਾਪਾ ਹੁਰਾਂ ਕੋਲ , ਆਹਂਦੀ

” ਵੇ ਪੁੱਤਰੋ ਤੁਹਾਡੀ ਮਾਂ ਨੇਂ ਤਾਂ ਨਹਿਰ ਚ ਛਾਲ ਮਾਰ ਦਿੱਤੀ ਸ਼ਾਇਦ , ਤੁਹਾਡਾ ਲਾਣੇਦਾਰ ਵੇਖਣ ਗਿਆ ਮਗਰ । ਤਾਇਆ ਜੀ ਹੁਰੀਂ ਨਹਿਰ ਵੱਲ ਭੱਜੇ ਆਏ । ਬਾਪੂ ਜੀ ਕਹਿੰਦੇ

” ਮੈਨੂੰ ਤਾਂ ਉੱਕਾ ਨੀਂ ਪਤਾ?

ਜਦੋਂ ਸਾਰੇ ਲੱਭਿਆ ਤਾਂ ਬੇਬੇ ਜੀ ਗੁਰਦੁਆਰੇ ਵੱਲੋਂ ਤੁਰੇ ਆਉਣ। ਮੇਰੇ ਪਾਪਾ ਕਹਿੰਦੇ ” ਬੇਬੇ ਜੀ ਏਡੀ ਵੀ ਕਿਹੜੀ ਗੱਲ ਹੋ ਗਈ ਵੀ ਤੁਸੀਂ ਨਹਿਰ ਵੱਲ ਨੂੰ ? ( ਗੁਰਦੁਆਰਾ ਸਾਹਿਬ ਵੀ ਨਹਿਰ ਦੇ ਨਾਲ ਹੀ ਏ )

ਸਾਡੇ ਬੇਬੇ ਜੀ ਨੂੰ ਤਾਂ ਇੱਕ ਚੜੇ ਇੱਕ ਉੱਤਰੇ , ਕਹਿੰਦੇ ”

ਇਹਨੂੰ ਪੁੱਛ ਖੰਭਾਂ ਦੀਆਂ ਡਾਰਾਂ ਆਲੀ ਨੂੰ , ਨਾਂ ਪੁੱਤਰਾ ਸਾਰੀ ਉਮਰ ਨਾਂ ਮਾਰੀ ਮੈਂ ਨਹਿਰ ਚ ਛਾਲ , ਹੁਣ ਪੋਤਿਆਂ -ਦੋਹਤਿਆਂ ਵਾਲੀ ਹੋਕੇ ਕਲੰਕ ਖੱਟਣਾ ਮੈਂ ? ਗੁਰਦੁਆਰੇ ਗਈ ਮਰੀ ਸੀ ,

ਇਹਨੂੰ ਚੜਾ ਯੂਪੀ ਵਾਲੀ ਗੱਡੀ । ਇਹ ਕਈਆਂ ਨੂੰ ਅਟੈਕ ਨਾਲ ਮਰਵਾ ਦੇਊ , ਜੇ ਆਹੀ ਗੱਲਾਂ ਕਰਦੀ ਰਹੀ।

ਵਿਚਾਰੀ ਮਾਸੀ ਆਖੇ , ” ਨਾਂ ਹੁਣ ਬੰਦਾ ਤੇਰੀ ਜਾਨ ਵੀ ਨਾਂ ਬਚਾਏ?

ਬੇਬੇ ਜੀ ਆਖਣਗੇ , ” ਚੰਦਰੀਏ ਮੈਂ ਕਿੱਧਰ ਮਰਨ ਚੱਲੀ ਸੀ , ਵੀ ਜਿਹੜੀ ਤੂੰ ਜਾਨ ਬਚਾਵੇਂ। ਕਈ ਦਿਨ ਇਹੋ ਯੁੱਧ ਚੱਲਦਾ ਰਿਹਾ ਘਰੇ , ਤੇ ਸਾਡਾ ਬਾਹਵਾ ਜੀਅ ਲੱਗਿਆ ਰਹਿਣਾਂ।

ਮਾਸੀ ਨੇਂ ਆਖਣਾਂ

” ਚੰਗੇ ਭਲੇ ਨਿਆਣੇਂ ਨੇਂ ਮੇਰੇ ਮਾ – ਪਿਓ ਦੇ ਸਾਰੇ , ਆਹ ਝਿੰਗ ਪਤਾ ਨੀ ਕਿਓ ਜੰਮੀਂ? ਪਰ ਉਹਦਾ ਮੋਹ ਵੀ ਬਹੁਤ ਸੀ ਬੇਬੇ ਜੀ ਨਾਲ।

ਹਾਸਿਆਂ ਦੀ ਪਟਾਰੀ ਉਹ ਮਾਸੀ ਜਿਸਨੂੰ ਵੇਖ ਮੈਂ ਲਿਖਣਾ ਸਿੱਖਿਆ , ਅਖੀਰ ਕੈਂਸਰ ਦੀ ਬਿਮਾਰੀ ਨਾਲ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ । ਜਵਾਨ ਪੁੱਤਰਾਂ ਦੀਆਂ ਮੌਤਾਂ ਮਾਵਾਂ ਦੇ ਢਿੱਡਾਂ ਚ ਕੈਂਸਰ ਬਣ ਬਣ ਫੁੱਟ ਪੈਂਦੀਆਂ ਨੇਂ ਕਦੀ ਕਦੀ ।

Rupinder Sandhu.