ਬਾਜਰੇ ਦਾ ਸਿੱਟਾ ਨੀਂ ਮੈਂ ਥਾਲੀ ਚ ਮਰੋੜਿਆ,,,,,,

ਜਦ ਛੋਟੀ ਸਾਂ ਤਾਂ ਸਾਡੇ ਘਰ ਇੱਕ ਸੀਰੀ ਹੁੰਦਾ ਸੀ , ਮੇਲਾ ਉਹਦਾ ਨਾਂ ਸੀ , ਮੇਰੀ ਮਾਂ , ਤਾਈ ਤੇ ਤਾਇਆ, ਪਾਪਾ ਸਭ ਉਹਨੂੰ ਮੇਲਾ ਕਹਿੰਦੇ ਸੀ ਪਰ ਅਸੀਂ ਸਾਰੇ ਨਿਆਣੇਂ ਬਾਬਾ ਮੇਲਾ । ਸਾਨੂੰ ਆਪ ਨੀਂ ਪਤਾ ਵੀ ਸਾਨੂੰ ਕਿਹਨੇਂ ਆਖਿਆ ਸੀ ਵੀ ਮੇਲੇ ਨੂੰ ਬਾਬਾ ਕਹਿਣਾਂ?

ਬਾਬਾ ਸਾਡੇ ਨਾਲ ਘੱਟੋ ਘੱਟ ਵੀਹ ਸਾਲ ਸੀਰੀ ਰਿਹਾ। ਹਰ ਰਿਸ਼ਤੇਦਾਰ , ਘਰਦੇ ਹਰ ਕੰਮ ਦਾ , ਹਰ ਪਸ਼ੂ, ਹਰ ਖੇਤ ਦਾ ਚੱਲਦਾ ਫਿਰਦਾ ਗੂਗਲ ਸੀ ਉਹ। ਉਹ ਮਾਣਕ ਦੇ ਗੀਤ ਬਹੁਤ ਗਾਉਂਦਾ ਹੁੰਦਾ ਸੀ। ਹਮੇਸ਼ਾ ਉਹਨੇਂ ਮਿੱਟੀ ਰੰਗਾ ਜਿਹਾ ਕੁੜਤਾ ਤੇ ਡੱਬੀਦਾਰ ਪਰਨਾਂ ਤੇ ਧੋਤੀ ਬੰਨ੍ਹੀ ਹੋਣੀਂ। ਉਹਨੇਂ ਮੇਰੇ ਪਾਪਾ ਤੇ ਤਾਏ ਦਾ ਨਾਂ ਹੀ ਲੈਣਾਂ ਤੇ ਕਈ ਕਈ ਘੰਟੇ ਬਾਪੂ ਜੀ ਨਾਲ ਦੁਪਹਿਰੇ ਉਹਦੀ ਗੁਫ਼ਤਗੂ ਚੱਲਦੀ ਰਹਿਣੀਂ, ਉਹਨੇਂ ਆਖਣਾਂ ,

” ਲਾਣੇਂਦਾਰਾ ਵੱਡਾ ਆਹ ਕਰਦਾ ਏ , ਛੋਟਾ ਆਹ , ਫਲਾਣ , ਢਮਕਾਣ, ਪਤਾ ਨੀਂ ਕੀ- ਕੀ?

ਬਾਬੇ ਨੂੰ ਆਦਤ ਸੀ ਵੀ ਜਦੋਂ ਝੋਨਾ ਲੱਗਣਾ ਤਾਂ ਇੱਕ ਮੋਟਰ ਉਹਦੀ ਪੱਕੀ ਹੁੰਦੀ ਉਹਦੇ ਹਵਾਲੇ , ਉਹਨੇਂ ਰਾਤ ਨੂੰ ਉੱਥੇ ਹੀ ਸੌਣਾਂ , ਉਹ ਸ਼ਾਮ ਜਿਹੀ ਨੂੰ ਘਰ ਦੇ ਸਾਰੇ ਕੰਮ ਕਰਾ ਰੋਟੀ ਲੈਕੇ ਤੇ ਇੱਕ ਪਲਾਸਟਿਕ ਦੀ ਬੋਤਲ ਚ ਘਰਦੀ ਕੱਢੀ ਦਾਰੂ, ਜਿਹੜੀ ਦਾਣੇ ਤੇ ਤੂੜੀ ਵਾਲੇ ਦਲਾਨ ਚ ਇੱਕ ਡੋਲਣੀ ਚ ਪਈ ਹੁੰਦੀ ਸੀ ਉਹਦੀ ਬੋਤਲ ਜਿਹੀ ਭਰਕੇ ਨਾਲ ਲੈ ਜਾਂਦਾ ਸੀ , ਇੱਕ ਵਾਰ ਇੱਦਾਂ ਹੀ ਬਾਬੇ ਨੇਂ ਬੋਯਲ ਭਰਕੇ ਪੌੜੀਆਂ ਤੇ ਧਰ ਦਿੱਤੀ , ਮੇਰੇ ਤਾਏ ਦੀ ਧੀ ਬਾਹਰੋਂ ਖੇਡ ਕੇ ਆਈ ਤਾਂ ਉਹਨੇਂ ਪਾਣੀਂ ਦੀ ਬੋਤਲ ਸਮਝ ਦੋ ਤਿੰਨ ਘੁੱਟਾਂ ਸਾਹੋ ਸਾਹ ਹੋਈ ਨੇਂ ਛੇਤੀ ਛੇਤੀ ਭਰ ਲਈਆਂ ਤੇ ਉੱਚੀ ਉੱਚੀ ਰੌਲਾ ਪਾ ਦਿੱਤਾ ਵੀ

” ਬੋਤਲ ਵਾਲੇ ਪਾਣੀਂ ਚ ਭਰਿੰਡਾਂ ਨੇਂ ਤੇ ਮੇਰੀ ਜੀਭ ਤੇ ਲੜ ਗਈਆਂ, ਉਹ ਉੱਚੀ ਉੱਚੀ ਰੋਵੇ, ਮੇਰੇ ਪਾਪਾ ਭੱਜੇ ਆਏ , ਜਦੋਂ ਉਨਾਂ ਨੇਂ ਬੋਤਲ ਵੇਖੀ ਤਾਂ ਬੋਤਲ ਬਾਬੇ ਦੇ ਸਮਾਨ ਵਾਲੀ ਸੀ , ਪਾਪਾ ਤਾਂ ਬੋਲਣ ਲੱਗ ਪਏ , ਕਹਿੰਦੇ “ਇਹਨੂੰ ਚੱਜ ਦੀ ਥਾਂ ਤੇ

ਨੀਂ ਰੱਖ ਸਕਦਾ ? ਸਾਹਮਣੇ ਸਜਾਈ ਏ ਆਪਣੀ ਲੱਗਦੀ ।

ਅੱਗੋਂ ਬਾਬਾ ਉਸਤੋਂ ਵੀ ਔਖਾ , ਕਹਿੰਦਾ, ” ਇੱਕ ਤਾਂ ਉਂਝ ਕਿੰਨੀਂ ਘਟ ਗਈ ਉਪਰੋਂ ਤੂੰ ਮੈਨੂੰ ਈ ਸੁਣਾ ਦੇ , ਇਹ ਅੰਨੀਂ ਏ 😂😂😂😂😂😂 ਇਹਨੂੰ ਨੀਂ ਮੁਸ਼ਕ ਆਈ , ਕਹਿੰਦਾ – ਕਹਿੰਦਾ ਅੰਦਰ ਦਲਾਨ ਵੱਲ ਨੂੰ ਤੁਰ ਪਿਆ ਬੋਤਲ ਭਰਨ 😄😄😄😄😄😄।

ਕਦੀ ਕਦੀ ਬਾਬੇ ਨੇਂ ਮੇਰੀ ਮਾਂ ਹੁਣਾਂ ਨੂੰ ਕਹਿਣਾਂ ਵੀ “ਕੁੜਿਓ ਜਦੋਂ ਵੀ ਸੀਰਪੁਣਾ ਛੱਡਿਆ , ਉਦੋਂ ਇੱਕ ਚਿੱਟੀ ਘੋੜੀ ਲੈ ਲੈਣੀਂ ਏ , ਤੇ ਚਿੱਟੀ ਪੱਗ ਤੇ ਚਿੱਟਾ ਕੁੜਤਾ ਚਾਦਰਾ ਪਾਕੇ ਪੂਰੇ ਪਿੰਡ ਦੇ ਗੇੜਾ ਲਾਇਆ ਕਰਨਾਂ। ਮੇਰੇ ਪਾਪਾ ਹੁਰਾਂ ਦੇ ਇੱਕ ਮਾਮਾ ਜੀ ਸੈਣ ਸਾਧੂ ਸਿਓਂ , ਉਹਨਾਂ ਦਾ ਬਿਲਕੁਲ ਇਓਂ ਦਾ ਰੂਪ ਤੇ ਚਿੱਟੀ ਘੋੜੀ ਸੀ । ਸ਼ਾਇਦ ਬਾਬਾ ਮੇਲਾ ਆਪਣੇਂ ਅੰਦਰੋਂ ਸਾਧੂ ਸਿਓਂ ਦੀ ਝਲਕ ਭਾਲਦਾ ਸੀ, ਇਹ ਵੀ ਰੀਝ ਸੀ ਉਹਦੀ ਜਿਹੜੀ ਤੜਫਦੀ ਸੀ ਉਹਦੇ ਅੰਦਰ।

ਸਾਡੇ ਤਾਂ ਦੋ ਚਾਰ ਚਪੇੜਾਂ ਨਿੱਕੀ ਨਿੱਕੀ ਗਲਤੀ ਤੇ ਬਾਬਾ ਐਵੇਂ ਹੀ ਲਾ ਦਿੰਦਾ ਸੀ। ਤੇ ਉਦੋਂ ਗੁੱਸਾ ਵੀ ਨੀਂ ਸੀ ਆਉਂਦਾ ਨਾਂ ਸਾਡੀਆਂ ਮਾਵਾਂ ਉਹਨੂੰ ਕੁੱਝ ਕਹਿੰਦੀਆਂ ਹੀ ਸੈਣ, ਉਦੋਂ ਮੋਹ ਤੇ ਲਿਹਾਜ਼ਾਂ ਸ਼ਾਇਦ ਡਾਢੀਆਂ ਗੂੜੀਆਂ ਹੁੰਦੀਆਂ ਸੀ।

ਫਿਰ ਕਈ ਵਰਿਆਂ ਬਾਅਦ ਬਾਬਾ ਸਾਡੇ ਗੁਆਂਢੀਆਂ ਦੇ ਘਰ ਸੀਰੀ ਰਲ ਗਿਆ , ਅਸੀਂ ਫਿਰ ਵੀ ਨਿੱਕੇ ਨਿੱਕੇ ਕੰਮ ਲਈ ਬਾਬੇ ਨੂੰ ਸੱਦ ਲਿਆਉਂਣਾ , ਲੱਗਣਾਂ ਜਿਓਂ ਉਹਦੇ ਤੇ ਸਭ ਤੋਂ ਪਹਿਲਾ ਹੱਕ ਸਾਡਾ ਹੀ ਏ , ਉਹਨੇਂ ਵੀ ਦੁਪਹਿਰ ਵੇਲੇ ਜਰੂਰ ਗੇੜਾ ਮਾਰਨਾਂ ਘਰੇ , ਕੋਈ ਕੰਮ ਕਰਨ ਵਾਲਾ ਹੋਣਾਂ ਤਾ ਆਪ ਹੀ ਕਰ ਜਾਣਾਂ, ਬਿਨਾਂ ਕਿਸੇ ਦੇ ਆਖਿਆਂ, ਦਲਾਨ ਚ ਪਈ ਡੋਲਣੀਂ ਤੇ ਬਾਬੇ ਦਾ ਹੱਕ ਉਹਦੇ ਮਰਨ ਤੱਕ ਉਸੇ ਤਰਾਂ ਹੀ ਰਿਹਾ।

ਜਦੋਂ ਉਹਨੇਂ ਘਰ ਆਉਣਾਂ ਤਾਂ ਕਦੀ ਉਹਨੂੰ ਕਿਸੇ ਤੋਂ ਪੁੱਛਣ ਦੀ ਜਰੂਰਤ ਨੀਂ ਪਈ ਕਦੇ । ਉਹਨੂੰ ਉਨੀਂ ਹੀ ਫਿਕਰ ਹੁੰਦੀ ਸਾਡੀ ਖੇਤੀਬਾੜੀ , ਘਰ , ਪਸ਼ੂਆਂ ਤੇ ਜੀਆਂ ਦੀ ਜਿੰਨੀਂ ਮੇਰੇ ਪਾਪਾ ,ਤਾਏ ਤੇ ਬਾਪੂ ਜੀ ਨੂੰ ਰਹੀ ।

ਮਾਣਕ ਦੀਆਂ ਕਲੀਆਂ ਗਾਉਣ ਵਾਲਾ ਬਾਬਾ ਇਸ ਜਹਾਨੋਂ ਜਦੋਂ ਗਿਆ ਤਾਂ ਲੱਗਿਆ ਜਿਓਂ ਕੋਈ ਆਪਣਾ ਤੁਰ ਗਿਆ ਹੋਵੇ।

ਪਰ ਕੇਹੀ ਰੀਝ ਸੀ ਉਹਦੀ ਚਿੱਟੀ ਘੋੜੀ , ਚਿੱਟੀ ਪੱਗ ਤੇ ਕੁੜਤੇ ਚਾਦਰੇ ਵਾਲੀ ਜਿਹੜੀ ਉਹ ਨਾਲ ਹੀ ਲੈ ਗਿਆ ਆਪਣੇ, ਕੁੱਝ ਕੁ ਦਿਨਾਂ ਤੋਂ ਬਾਜਰੇ ਦੇ ਸਿੱਟੇ ਵਾਲਾ ਗਾਣਾਂ ਸੁਣ ਪਤਾ ਨਹੀਂ ਕਿਓਂ ਬਾਬਾ ਮੇਲਾ ਯਾਦ ਗਿਆ ਮੈਨੂੰ।

Rupinder Sandhu.