ਸੀਰੀ ਪਾਲੀਆਂ ਨਾਲ ਏਹਨਾਂ ਦੀ ਉਮਰਾਂ ਆਲੀ ਸਾਂਝ ਐ.ਜੇ ਕਦੇ ਏਹਨਾਂ ਬਾਰੇ ਤੂੰ ਜਾਨਣਾ ਹੋਏਆ ਨਾ, ਤਾਂ ਆਜੀਂ.. ਖੁੱਲਾ ਟੈਮ ਕੱਢਕੇ… ਏਹ ਸਿਰ ਤੇ ਮੂਕਾ ਵਲੇਟੀ ਟੱਕਰਨਗੇ… ਕੁੜ੍ਹਤਾ ਪਜਾਮਾ ਪਛਾਣ ਹੁੰਦੀ ਐ… ਅੱਬਲਾ ਦੀ ਤਾਂ ਪੈਰ ਜੋੜ੍ਹੇ ਹੋਣਗੇ ਨਹੀਂ ਫੇਰ ਨੀਲੇ ਰੰਗ ਦੀਆਂ ਬੱਦਰੀਆਂ ਆਲੀਆਂ ਅੱਡੀਆਂ ਘਸੀਆਂ ਚੱਪਲਾਂ.. ਕੁੜ੍ਹਤੇ ਪਜਾਮੇ ਦਾ ਰੰਗ ਬੀ ਮਿੱਟੀ ਚ ਘੁਲ ਜੇ ਗਿਆ ਹੋਊ…

ਏਹਨਾਂ ਦੀ ਸਿਫਤ ਜਿੰਨੀ ਕਰੀਏ, ਓਨੀ ਘੱਟ ਐ… ਏਹ ਭੋਲ਼ੇ ਚੇਹਰੇਆਂ ਆਲੇ ਦਿਲੋਂ ਵੀ ਓਹੋ ਜੇ ਈ ਨੇ ਜਿਹੋ ਜੇ ਮੂੰਹ ਤੇ ਬੋਲਦੇ ਨੇ… ਏਹਨਾਂ ਦੇ ਹੱਥਾਂ ਤੇ ਯੂਰੀਆਂ ਡੀਏਪੀ ਆਲੀਆਂ ਗੰਢਾਂ ਬਣੀਆਂ ਪਈਆਂ ਨੇ… ਕਹੀਆਂ ਦੇ ਬਾਂਹੇ ਨੇ ਹੱਥ ਪਕਾਤੇ.. ਛਾਲੇ ਛੂਲੇ ਨੀ ਹੁੰਦੇ ਹੁਣ… ਮਾਸ ਉੱਧੜ੍ਹਿਆ ਪਿਆ ਹੁੰਦੈ… ਫੇਰ ਵੀ ਜੇ ਕੋਈ ਮਿਲੇ ਤਾਂ ਏਹ ਪੂਰੇ ਜੋਰ ਦੇ ਹਾਸੇ ਨਾਲ ਬਾਂਹ ਤਾਂਹ ਨੂੰ ਕਰ ਛੱਡਦੇ ਨੇ… ਚੜ੍ਹਦੀ ਕਲਾ ਦੇ ਇਸ਼ਾਰੇ ਕਰਦੇ…

ਏਹ ਤਾਂ ਓਹ ਨੇ, ਜੇਹੜ੍ਹੇ ਵਾਹਣ ਵਾਹੁਣ ਵੇਲੇ ਟਟੀਰੀ ਦੇ ਆਡਿਆਂ ਆਲਾ ਥਾਂ ਛੱਡ ਓਹਦੇ ਦਵਾਲੇ ਮਿੱਟੀ ਲਾ ਦਿੰਦੇ ਆ ਬੀ ਵਾਹਣ ਬੀਜਣੋ ਰਹਿੰਦਾ ਰਹਿਜੇ ਪਰ ਜਨੌਰ ਨੂੰ ਨੁਕਸਾਨ ਨਾ ਹੋਜੇ… ਤੇ ਨਾਲੇ ਹੋਕਰਾ ਮਾਰਕੇ ਦੂਜੇ ਨੂੰ ਵੀ ਦੱਸ ਦੇਣਗੇ…” ਓਏ ਜੱਗਿਆ…. ਓਏ ਟਟੀਰੀ ਦੇ ਆਂਡੇ ਨੇ ਐਧਰ… ਦੇਖੀਂ ਕੋਈ ਮਿੱਧ ਨਾ ਜਾਵੇ..”… ਏਹ ਸਰਬੱਤ ਦਾ ਭਲਾ ਮੰਗਣ ਆਲੇ ਨੇ… ਏਹਨਾਂ ਦੀ ਪਛਾਣ ਹੋਰ ਦੇਖਲੀਂ… ਜਦੋਂ ਕਦੇ ਬੱਸ ਜਾਂ ਜੀਪ ਗੱਡੀ ਚ ਬੈਠੇ ਕਿਸੇ ਪਾਸੇ ਜਾਂਦੇ ਹੋਣਗੇ… ਏਹ ਗੁਰੂਘਰ ਦੇਖਣ ਸਾਰ ਹੱਥ ਜੋੜ੍ਹਕੇ ਮੱਥੇ ਨਾਲ ਲਾ ਸਿਰ ਝੁਕਾ ਲੈਂਦੇ ਨੇ….

ਸੀਰੀ ਪਾਲੀਆਂ ਨਾਲ ਏਹਨਾਂ ਦੀ ਉਮਰਾਂ ਆਲੀ ਸਾਂਝ ਐ… ਰੋਟੀ ਪਾਣੀ ਕੱਠੇਆ ਦਾ ਈ ਜਾਂਦੈ ਘਰੋਂ… ਏਹ ਢਿੱਡ ਚ ਬੇਈਮਾਨਾ ਨੀ ਰੱਖਦੇ… ਏਹ ਤਾਂ ਮੂੰਹ ਤੇ ਆਖ ਦਿੰਦੇ ਨੇ… ਫੇਰ ਚਾਹੇ ਬੁਰਾ ਈ ਮੰਨਜੇ ਅੱਗੋਂ ਆਲਾ… ਫੇਰ ਵੀ ਜੇ ਕੋਈ ਸ਼ੱਕ ਹੋਵੇ ਦਮਾਗ ਚ… ਤਾਂ ਕਿਸੇ ਖੇਤ ਕੰਮ ਕਰਦੇ ਬੰਦੇ ਨੂੰ ਕਿਸੇ ਪਿੰਡ ਦੇ ਰਾਹ ਪੁੱਛਣ ਦੇ ਬਹਾਨੇ ਗੱਡੀ ਰੋਕ ਲਈਂ… ਜੇ ਓਹਨੇ ਚਾਹ ਪੁੱਛੇ ਬਿਨਾਂ ਜਾਣ ਦੇਤਾ ਤਾਂ ਕੈਹ ਦੇਈਂ… ਏਹ ਪਛਾਣਨੇ ਨੀ ਪੈਂਦੇ… ਏਹਨਾਂ ਦੇ ਤਾਂ ਮੜ੍ਹੰਗੇ ਈ ਦੱਸ ਦਿੰਦੇ ਨੇ…

~ ਰਮਨ ਦੀਪ ਬਰਾੜ