“ਹਜੇ ਤਕ ਹਰਿਮੰਦਰ ਤੇਰਾ ਆਇਆ ਨਹੀਓਂ”

ਕਹਿੰਦੇ ਜਮਾਲ ਖਾਨ ਤੇ ਬਾਬਾ ਦੀਪ ਸਿੰਘ ਜੀ ਦਾ ਆਹਮੋ ਸਾਹਮਣੀ ਲੜਾਈ ਵਿਚ ਜਦ ਸਾਂਝਾ ਵਾਰ ਹੋ ਗਿਆ ਤਾਂ ਦੋਹੇਂ ਸੂਰਮੇਂ ਧਰਤੀ ‘ਤੇ ਡਿੱਗ ਪਏ। ਜਮਾਲ ਖਾਨ ਨੂੰ ਹੂਰਾਂ ਉਡੀਕ ਰਹੀਆਂ ਸਨ, ਸੋ ਉਹ ਚਲਾ ਗਿਆ, ਪਰ ਬਾਬਾ ਜੀ ਦਾ ਤਾਂ ਬਚਨ ਸੀ….

ਤੇ ਹੋਣੀ ਆਈ, ਯਾਦ ਕਰਵਾਉਣ, “ਕਿਉਂ ਬਈ ਸਿੰਘਾਂ, ਕਹਿੰਦੇ ਨੇ ਸਿੰਘ ਬਚਨ ਕੇ ਬਲੀ ਹੁੰਦੇ ਨੇ, ਹਰਿਮੰਦਰ ਤਾਂ ਹਲੇ ਕਾਫੀ ਦੂਰ ਹੈ…… ਤੂੰ ਤਾਂ ੫ ਮੀਲ ਪਹਿਲਾਂ ਹੀ ਢੇਰ ਹੋ ਗਿਆ…. ਤੂੰ ਮੱਥਾ ਮੌਤ ਨਾਲ ਲਾ ਬੈਠਾ ਸੈਂ ਸਿੰਘਾ… ਮੈਂ ਤਾਂ ਵੱਡੇ ਵੱਡੇ ਯੋਧਿਆਂ ਦੀ ਬਸ ਕਰਵਾ ਦਿੱਤੀ, ਤੇ ਐਤਕੀਂ ਵੀ ਜਿੱਤ ਮੇਰੀ ਹੋਈ। ਪਰ ਮੈਂ ਸੋਚ ਰਹੀ ਹਾਂ ਕਿ ਕੀ ਮੂੰਹ ਲੈ ਕੇ ਜਾਏਂਗਾ ਆਵਦੇ ਗੁਰੂ ਦੇ ਸਨਮੁਖ…. ਕੀ ਕਹੇਂਗਾ?, ਬਚਨ ਤੋਂ ਖਿਸਕ ਜਾਣ ਦਾ ਕੀ ਬਹਾਨਾ ਘੜ੍ਹੇਂਗਾ…..” ਕਹਿੰਦੇ ਹੋਣੀ ਅਜੇ ਬੋਲ ਹੀ ਰਹੀ ਸੀ ਕਿ ਕੋਲ ਖਲੋਤੇ ਇਕ ਨਿਹੰਗ ਸਿੰਘ ਨੇ ਹੋਣੀ ਨੂੰ ਕਿਹਾ, “ਤੂੰ ਥੋੜੀ ਕਾਹਲ ਕਰ ਗਈ ਹੋਣੀਏਂ…. ਅਜੇ ਕੀ ਵਿਗੜਿਐ ਏਹਦਾ…. ਹਜੇ ਸੁਆਸ ਬਾਕੀ ਨੇ ਸਰੀਰ ਵਿਚ…. ਸੋ ਬਚਨ ਪੁਗਾਵੇਗਾ…. ਸਿਰ ਤਾਂ ਇਹ ਬਾਟਾ ਛਕਣ ਵੇਲੇ ਹੀ ਗੁਰੂ ਦੇ ਸਨਮੁਖ ਭੇਂਟ ਕਰ ਚੁੱਕਾ…. ਸਾਨੂੰ ਹੀ ਹੁਣ ਦਿਸ ਰਿਹਾ…. ਸੋ ਕੁਝ ਨਹੀਂ ਵਿਗੜਿਆ ਹਜੇ…. ਬਚਨ ਕੀਤਾ ਸੂਰਮੇਂ ਨੇ ਤੇ ਪੂਰਾ ਵੀ ਕਰੇਗਾ…..”

ਤੇ ਕਹਿੰਦੇ ਹਫ਼ਦੇ ਹਫ਼ਦੇ ਕੁਝ ਮੁਗਲ ਸਿਪਾਹੀ ਲਾਹੌਰ ਦਰਬਾਰ ਪੁੱਜੇ ਤੇ ਬੋਲੇ, “ਮਰ ਚੁੱਕਿਆਂ ਨਾਲ ਕਿਵੇਂ ਲੜੀਦਾ, ਇਹ ਤਾਂ ਸਾਨੂੰ ਤੁਸੀਂ ਸਿਖਾਇਆ ਹੀ ਨਹੀਂ…..”

“ਕੀ ਉਹ ‘ਕੱਲਾ ਹੀ ਸੀ, ਜੋ ਸਿਰ ਤਲੀ ‘ਤੇ ਰੱਖ ਕੇ ਤੁਰਿਆ…” ਦਰਬਾਰ ਨੇ ਪੁੱਛਿਆ।

“ਪਤਾ ਨਹੀਂ…. ਅਸੀਂ ਤਾਂ ਸਿਰਫ ਓਹਨੂੰ ਦੇਖ ਕੇ ਹੀ ਮੈਦਾਨ ‘ਚੋਂ ਨੱਸ ਤੁਰੇ…. ਪਰ ਕਹਿੰਦੇ ਨੇ ਕਿ ਓਹਦੇ ਮਗਰ ਸਿਰਲੱਥ ਯੋਧਿਆਂ ਦੀ ਪੂਰੀ ਫੌਜ ਸੀ……” ਦਰਬਾਰ ਨੂੰ ਇਹ ਸੁਣ ਕੇ ਮੁੜਕਾ ਆ ਰਿਹਾ ਸੀ।

……..

ਹੁਣ ਜਿਹੜੇ ਮਰੇ ਪਏ ਵੀ, ਹਰਿਮੰਦਰ ਦਾ ਨਾਮ ਸੁਣ ਕੇ, ਸੀਸ ਤਲੀ ‘ਤੇ ਰੱਖ ਕੇ ਤੁਰ ਪੈਂਦੇ ਹਨ, ਉਹਨਾਂ ਨੂੰ ਕੋਈ ਕੀ ਮਾਰੂ….

ਬਸ ਮੂੰਹ ਹਰਿਮੰਦਰ ਵਲ ਰੱਖਣ….. ਦਰਬਾਰ ਭਾਵੇਂ ਲਾਹੌਰ ਹੋਵੇ, ਦਿੱਲੀ ਜਾਂ ਵਾਸ਼ਿਗਟਨ, ਮੁੜਕੇ ਚਿਊਂਦੇ ਦੇਖਿਓ….