ਛੋਟੀ ਸੀ ਓਦੋਂ ਮੇਰੀ ਭੈਣ। ਹੁਣ ਬਾਹਰ ਰਹਿੰਦੀ ਆ ਤੇ ਬਾਹਲੀ ਵੱਡੀ ਹਜੇ ਵੀ ਨਹੀਂ ਹੋਈ। ਮਹਾਪੁਰਸ਼ਾਂ ਨੂੰ ਮਿਲਣ ਚੱਲੇ ਸਾਂ ਸਾਰੇ, ਏਹਨੂੰ ਵੀ ਤਿਆਰ ਕਰ ਲਿਆ। ਗੱਲ ਜਹੀ ਪਟਾਕ ਦੇਣੇ ਕਹਿ ਦਿੰਦੀ ਆ, ਸੋ ਸਾਰੇ ਏਹਨੂੰ ਸਮਝਾਉਣ ਲੱਗ ਪਏ ਕਿ ਓਥੇ ਜਾ ਕੇ ਇੰਝ ਬੋਲਣਾ, ਇੰਝ ਬੈਠਣਾ ਆਦਿ। ਏਹਨੂੰ ਕਿਹਾ ਕਿ ਜਦੋਂ ਵੀ ਕਿਸੇ ਵੱਡੇ ਪੁਰਖ਼ ਨਾਲ ਗੱਲ ਕਰੀਏ ਤਾਂ ਕਹੀਦਾ ਕਿ ‘ਬੇਨਤੀ ਸੀ ਜੀ’, ਜਾਂ ਕਹੀਦਾ ਕਿ ‘ਦਰਸ਼ਨ ਕਰਨ ਆਏ ਆਂ ਜੀ ਥੋਡੇ’।

ਚਲੇ ਗਏ। ਇਹ ਸਾਰਿਆਂ ਤੋਂ ਮੂਹਰੇ। ਜਾ ਕੇ ਬਾਬਾ ਜੀ ਕੋਲ ਬੈਠ ਗਏ। ਥੋੜੇ ਚਿਰ ਬਾਅਦ ਜਦ ਬਾਬਾ ਜੀ ਨੇ ਏਹਦੇ ਵੱਲ ਦੇਖਿਆ ਤਾਂ ਝੱਟ ਦੇਣੇ ਬੋਲੀ, “ਅਸੀਂ ਥੋਨੂੰ ਦਰਸ਼ਨ ਦੇਣ ਆਏ ਆਂ ਬਾਬਾ ਜੀ….” ਸਾਰੀ ਸੰਗਤ ਹੱਸਣ ਲੱਗ ਪਈ। ਏਹਨੂੰ ਲੱਗਿਆ ਕਿ ਬੜੀ ਸੋਹਣੀ ਲੱਗੀ ਸਭ ਨੂੰ ਗੱਲ, ਫੇਰ ਕੜਾਕ ਕਰਦੀ ਅਗਲੀ ਗੱਲ ਕੱਢ ਮਾਰੀ, “ਇਕ ਹੁਕਮ ਕਰਨਾ ਸੀ ਬਾਬਾ ਜੀ…”

…ਤੇ ਮਹਾਪੁਰਸ਼ ਏਨੇ ਸਹਿਜ ਕਿ ਮੁਸਕੁਰਾਉਂਦੇ ਹੋਏ ਬੋਲੇ, “ਜਿਹੜੇ ਦਰਸ਼ਨ ਦੇਣ ਆਉਣ ਉਹ ਹੁਕਮ ਈ ਕਰਦੇ ਹੁੰਦੇ ਆ ਧੀਏ….”

ਏਹਦਾ ਭੋਲਾਪਨ ਤਾਂ ਕਮਾਲ ਸੀ ਹੀ, ਜੋ ਬਾਬਾ ਜੀ ਨੇ ਬੋਲ ਬੋਲੇ ਉਹ ਮੈਨੂੰ ਕਦੇ ਨਹੀਂ ਭੁੱਲੇ। ਜਦੋਂ ਦਾ ਰੁੱਖਾ ਜਿਹਾ ਪ੍ਰਚਾਰ ਹੋਣ ਲੱਗਾ ਓਦੋਂ ਦੇ ਤਾਂ ਬਹੁਤ ਯਾਦ ਆਉਂਦੇ ਹਨ।