ਥੜੇ ਤੇ ਬੈਠੇ ਬਜ਼ੁਰਗ ਨੂੰ ਉਸ ਸਿੱਖ ਅਫਸਰ ਨੇਂ ਸੁਆਲ ਕੀਤਾ ਸੀ ਸੱਤਰਵਿਆਂ ਚ ,

” ਬਾਪੂ ਜੀ ਤੁਹਾਡੇ ਇਲਾਕੇ ( ਮਾਲਵੇ ਚ ਚ )ਕੋਈ ਘਟਨਾਂ ਹੋਈ ਬਟਵਾਰੇ ਵੇਲੇ ।

” ਢਲੀਆਂ ਤਰਕਾਲਾਂ ਦਾ ਵੇਲਾ ਸੀ , ਪੱਚੀਆਂ ਕੁ ਨੂੰ ਟੱਪ ਚੁੱਕੀ ਮੁਟਿਆਰ ਗੋਦੜੀ ਚ ਸਾਲ ਕੁ ਦਾ ਮੁੰਡਾ ਸੀ , ਦੂਜੇ ਪਾਸੇ ਪੂਰਾ ਝੁੰਡ ਉਹਨੂੰ ਨੋਚ ਲੈਣ ਨੂੰ ਕਾਹਲਾ ਸੀ , ਉਹਨੇਂ ਡਾਢੇ ਤਰਲੇ ਕੀਤੇ ਪਰ ਜਦ ਵਸ ਨਾਂ ਚੱਲਿਆ ਤਾਂ ਚੰਦਰੀ ਹਨੇਰੀ ਵਾਂਗ ਭੱਜੀ ਤੇ ਉਸ ਖੂਹ ਚ ਛਾਲ ਮਾਰ ਦਿੱਤੀ ਨਿਆਣੇਂ ਸਮੇਤ ਹੀ।

ਬਾਪੂ ਤੈਨੂੰ ਕਿਹਨੇ ਦੱਸਿਆ ?

” ਅੱਖੀਂ ਵੇਖਿਆ ਪੁੱਤਰਾ।

” ਤੁਸੀਂ ਕਿਸੇ ਬਚਾਇਆ ਨੀਂ ? ਵੇਖਣ ਵਾਲਿਆਂ ਚ ਕਿਸੇ ਹਿੰਮਤ ਨੀਂ ਕੀਤੀ ?

” ਨਾਂ ਪੁੱਤਰਾ ਕਦੀ ਕਦੀ ਮੂੰਹ ਨੂੰ ਲਹੂ ਲੱਗਜੇ ਤਾਂ ਗਿੱਦੜਾਂ ਦੇ ਝੁੰਡ ਸ਼ੇਰਾਂ ਤੇ ਵੀ ਭਾਰੀ ਪੈਂਦੇ ਨੇਂ , ਇਹ ਕਹਾਵਤਾਂ ਲਿਖੀਆਂ ਨੀਂ ਗਈਆਂ ਪਰ ਕੋਰੀਆਂ ਸੱਚੀਆਂ ਨੇਂ।

ਅਫਸਰ ਤੁਰ ਗਿਆ ਸੀ , ਤੇ ਆਪਣੀ ਸਕੀ ਧੀ ਦੀ ਗੱਲ ਸੁਣਾਉਣ ਵਾਲਾ ਇਹ ਵੀ ਨਾਂ ਆਖ ਸਕਿਆ ਕਿ

” ਇਹ ਅੱਖੀਂ ਤੱਕੀਆਂ ਨੀਂ , ਤਨੀਂ ਹੰਢਾਈਆਂ ਨੇਂ ।

ਟੈਲੀਵਿਜ਼ਨ ਤੇ ਆਜ਼ਾਦੀ ਦਾ ਭਾਸ਼ਨ ਚੱਲ ਰਿਹਾ ਸੀ ਤੇ ਉਹਦੇ ਚ ਉਹ ਖੂਹ ਤੇ ਉਹਦੀ ਧੀ।

Rupinder Sandhu.