ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਸਿੱਖ ਬੀਬੀ ਭਿੱਖਾ ਜੀ ਦਾ ਇਹ ਦੂਜਾ ਅਤੇ ਆਖਰੀ ਭਾਗ ਹੈ ।ਇਸ ਵਿਚ ਬੀਬੀ ਭਿੱਖਾ ਸਿੰਘ ਜੀ ਅਤੇ ਉਸਦੇ ਪਰਿਵਾਰ ਦੀ ਸ਼ਹਾਦਤ ਦਾ ਵੇਰਵਾ ਦਰਜ ਹੈ । ਆਖਿਰ ਤੱਕ ਪੜਿਉ ਤੇ ਅੱਗੇ ਸ਼ੇਅਰ ਜਰੂਰ ਕਰਿਉ ..! ਜੇ ਸ਼ੇਅਰ ਨਹੀ ਕਰ ਸਕਦੇ ਤਾਂ ਬੇਸ਼ੱਕ ਕਾਪੀ ਕਰਕੇ ਆਪਣੀ ਟਾਈਮਲਾਈਨ ਤੇ ਪੋਸਟ ਕਰ ਸਕਦੇ ਹੋ ..! ਲੜੀ ਜੋੜਨ ਲਈ ਮੇਰੀ ਟਾਈਮਲਾਈਨ ਤੇ ਸੋਮਵਾਰ ਨੂੰ ਪੋਸਟ ਕੀਤਾ ਗਿਆ ਪਹਿਲਾ ਭਾਗ ਪੜ ਸਕਦੇ ਹੋ ..ਧੰਨਵਾਦ

ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਸਿੱਖ ਬੀਬੀ

ਬੀਬੀ ਭਿੱਖਾ ਸਿੰਘ ਜੀ

ਸ੍ਰੀ ਅਨੰਦਪੁਰ ਸਾਹਿਬ ਦੀਆਂ ਕਰੀਬ ਸਾਰੀਆਂ ਹੀ ਜੰਗਾਂ ਵਿਚ ਬੀਬੀ ਭਿੱਖਾ ਨੇ ਅਗਾਂਹ ਵਧ ਕੇ ਹਮਲਾਵਰ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿੰਦੀਆਂ ਬੀਬੀਆਂ ਵਿਚ ਜ਼ੁਲਮ ਦੇ ਖਿਲਾਫ ਲੜਨ ਮਰਨ ਵਾਲੀ ਜੰਗਜੂ ਸੰਵੇਦਨਾ ਪੈਦਾ ਕੀਤੀ ਸੀ ।

ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਮੁਗਲ ਫੌਜਾਂ ਅਤੇ ਬਾਈਧਰ ਦੇ ਪਹਾੜੀ ਰਾਜਿਆਂ ਵੱਲੋਂ ਲੰਮਾ ਘੇਰਾ ਪਾਇਆ ਗਿਆ, ਉਸ ਸਮੇਂ ਕਈ ਅਜਿਹੇ ਮੌਕੇ ਆਏ ਸਨ, ਜਦੋਂ ਸ੍ਰੀ ਅਨੰਦਪੁਰ ਦੇ ਵਾਸੀਆਂ ਨਾਲ ਬੀਬੀ ਭਿੱਖਾ ਸਿੰਘ ਵੀ ਸੁਰੱਖਿਅਤ ਬਾਹਰ ਜਾ ਸਕਦੀ ਸੀ । ਪਰ ਬੀਬੀ ਭਿੱਖਾ ਸਿੰਘ ਨੇ ਆਪਣੇ ਪਤੀ, ਪਿਤਾ ਅਤੇ ਪੁੱਤਰਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਹਮਲਾਵਰ ਫੌਜਾਂ ਦਾ ਮੁਕਾਬਲਾ ਕਰਨ ਨੂੰ ਤਰਜੀਹ ਦਿੱਤੀ । ਉਹ ਲੰਗਰ ਵਿਚ ਦਿਨ ਰਾਤ ਸੇਵਾ ਕਰਦੀ ਹੋਈ, ਵਾਰੀ ਦੇ ਪਹਿਰੇ ਦੀ ਜਿੰਮੇਵਾਰੀ ਵੀ ਆਪਣੇ ਪਤੀ, ਦਿਉਰ ਅਤੇ ਪੁੱਤਰਾਂ ਨਾਲ ਮਿਲ ਕੇ ਨਿਭਾਉਂਦੀ ਰਹੀ ਸੀ । ਸ੍ਰੀ ਅਨੰਦਪੁਰ ਸਾਹਿਬ ਛੱਡਣ ਵੇਲੇ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਤੋਂ ਇਲਾਵਾ ਇੱਕੋ ਇੱਕ ਔਰਤ ਬੀਬੀ ਭਿੱਖਾ ਸਿੰਘ ਗੁਰੂ ਸਾਹਿਬ ਦੇ ਜੱਥੇ ਨਾਲ ਸੀ । ਇਸ ਜੱਥੇ ਵਿਚ ਉਸ ਦਾ ਪਤੀ ਭਾਈ ਆਲਮ ਸਿੰਘ ਨੱਚਣਾ, ਦਿਉਰ ਭਾਈ ਬੀਰ ਸਿੰਘ, ਪਿਤਾ ਭਾਈ ਬਜਰ ਸਿੰਘ, ਅਤੇ ਤਿੰਨ ਪੁੱਤਰ ਮੋਹਰ ਸਿੰਘ, ਅਮੋਲਕ ਸਿੰਘ ਅਤੇ ਬਾਘੜ ਸਿੰਘ ਵੀ ਸ਼ਾਮਲ ਸਨ ।

ਸ੍ਰੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਕੇ ਤੁਰਿਆ ਮਰਜੀਵੜਿਆਂ ਦਾ ਇਹ ਕਾਫਲਾ, ਜਦੋਂ ਨਿਰਮੋਹਗੜ੍ਹ ਲੰਘ ਕੇ ਪਿੰਡ ਝੱਖੀਆਂ ਦੀ ਜੂਹ ਵਿਚ ਪੁੱਜਾ ਤਾਂ ਮੁਗਲ ਅਤੇ ਪਹਾੜੀ ਫੌਜਾਂ ਨੇ ਸਭ ਕਸਮਾਂ ਤੋੜ ਕੇ ਬੜਾ ਸਖਤ ਹੱਲਾ ਬੋਲ ਦਿੱਤਾ । ਝੱਖੀਆਂ ਪਿੰਡ ਦੀ ਜੂਹ ਵਿਚ ਭਾਈ ਆਲਮ ਸਿੰਘ ਨੱਚਣਾ, ਭਾਈ ਜੀਵਨ ਸਿੰਘ ਰੰਘਰੇਟਾ, ਭਾਈ ਬਚਿੱਤਰ ਸਿੰਘ ਅਤੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਨੇ ਵੱਧਦੀਆਂ ਫੌਜਾਂ ਨੂੰ ਡੱਕਣ ਲਈ ਮੋਰਚਾ ਸੰਭਾਲਿਆ । ਇੱਥੇ ਹੋਈ ਗਹਿਗੱਚ ਲੜਾਈ ਦੌਰਾਨ ਬੀਬੀ ਭਿੱਖਾ ਸਿੰਘ ਨੇ ਆਪਣੇ ਪਿਤਾ ਤੋਂ ਸਿੱਖੀ ਸ਼ਸ਼ਤਰ ਵਿੱਦਿਆ ਨੂੰ ਸਫਲਾ ਕੀਤਾ ਅਤੇ ਅਗਾਂਹ ਚੜ ਕੇ ਹਮਲਾਵਰਾਂ ਨੂੰ ਵੰਗਾਰਿਆ । ਇਸ ਥਾਂ ਤੇ ਜੰਗ ਦੀਆਂ ਬਹੁਤ ਸਖਤ ਝੜਪਾਂ ਹੋਈਆਂ ਅਤੇ ਹਜਾਰਾਂ ਹਮਲਾਵਰਾਂ ਦੇ ਆਹੂ ਲਾਹ ਕੇ ਸੈਂਕੜੇ ਸਿੰਘ ਸ਼ਹੀਦ ਹੋਏ । ਇਤਿਹਾਸਿਕ ਸੋਮਿਆ ਦੇ ਪੰਨਿਆ ਵਿਚ ਸ਼ਹੀਦ ਹੋਣ ਵਾਲੇ ਸੈਂਕੜੇ ਸਿੰਘਾਂ ਦੇ ਨਾਵਾਂ ਥਾਵਾਂ ਦਾ ਬਹੁਤਾ ਵੇਰਵਾ ਨਹੀ ਮਿਲਦਾ ਪਰ ਜਿਨ੍ਹਾ ਗਿਣਤੀ ਦੇ ਸ਼ਹੀਦਾਂ ਦਾ ਵਰਨਣ ਮਿਲਦਾ ਹੈ ਉਨ੍ਹਾਂ ਵਿਚ ਬੀਬੀ ਭਿੱਖਾ ਸਿੰਘ ਦਾ ਨਾਮ ਸ਼ਾਮਿਲ ਹੈ । ਭੱਟ ਵਹੀ ਮੋਹਰਾਂ ਵਾਲੀ ਵਿਚ ਬੀਬੀ ਭਿੱਖਾ ਸਿੰਘ ਦੇ ਜੰਗ ਵਿਚ ਜੂਝ ਕੇ ਸ਼ਹੀਦ ਹੋਣ ਦਾ ਜਿਕਰ ਇਉਂ ਕੀਤਾ ਗਿਆ ਹੈ ।

“ ਭਿਖਾ ਦੇਈ ਬੇਟੀ ਬਜਰ ਸਿੰਘ ਕੀ, ਪੋਤੀ ਰਾਮੇ ਕੀ, ਪੋਖ ਮਾਸ ਦਿਨ ਸਤ, ਸੰਮਤ ਸਤਾਰਾਂ ਸੈ ਬਾਸਠ, ਨੰਗਲ ਗੁਜਰਾ ਕੇ ਮਲ੍ਹਾਨ ਏਕ ਘਰੀ ਦਿਨ ਚੜ੍ਹੇ ਰਨ ਮੇਂ ਜੂਝ ਕਰ ਮਰੀ “

ਬੀਬੀ ਭਿੱਖਾ ਸਿੰਘ ਤਾਂ ਸਰਸਾ ਨਦੀ ਦੇ ਕੰਢੇ ਹਮਲਾਵਰ ਮੁਗਲ ਅਤੇ ਪਹਾੜੀ ਫੌਜਾਂ ਨਾਲ ਲੜਦੀ ਸ਼ਹੀਦ ਹੋ ਗਈ । ਪਰ ਉਸਦਾ ਮਰਜੀਵੜਾ ਪਤੀ, ਸੂਰਬੀਰ ਦਿਉਰ ਅਤੇ ਦੋ ਬਹਾਦਰ ਪੁੱਤਰ ਹਮਲਾਵਰ ਫੌਜਾਂ ਨੂੰ ਲਤਾੜਦੇ ਹੋਏ ਕਲਗੀਧਰ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਪੁੱਜੇ । ਭਾਈ ਆਲਮ ਸਿੰਘ ਨੱਚਣਾ , ਆਪਣੇ ਭਰਾ ਬੀਰ ਸਿੰਘ ਅਤੇ ਦੋ ਪੁੱਤਰਾਂ ਭਾਈ ਮੋਹਰ ਸਿੰਘ, ਭਾਈ ਅਮੋਲਕ ਸਿੰਘ ਨਾਲ ਚਮਕੌਰ ਦੀ ਗੜੀ ਵਿਚ ਸ਼ਹੀਦ ਹੋਇਆ ।

ਬੀਬੀ ਭਿੱਖਾ ਸਿੰਘ ਦਾ ਪਿਤਾ, ਸ਼ਸ਼ਤਰ ਵਿੱਦਿਆ ਦਾ ਉਸਤਾਦ ਭਾਈ ਬਜਰ ਸਿੰਘ ਅਤੇ ਬੀਬੀ ਭਿੱਖਾ ਜੀ ਦਾ ਤੀਜਾ ਪੁੱਤਰ ਭਾਈ ਬਾਘੜ ਸਿੰਘ ਰਾਤ ਦੇ ਹਨ੍ਹੇਰੇ ਵਿਚ ਉਛਲੀ ਹੋਈ ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਮਰਜੀਵੜੇ ਸਿੰਘਾਂ ਦੇ ਜਥੇ ਨਾਲੋਂ ਵਿਛੜ ਗਏ ਸਨ । ਭਾਈ ਬਜਰ ਸਿੰਘ ਅਤੇ ਭਾਈ ਬਾਘੜ ਸਿੰਘ ਦੋਵੇਂ ਨਾਨਾ ਦੋਹਤਾ, ਅਗਾਂਹ ਵਾਲੀਆਂ ਸਿੱਖ ਸਰਗਰਮੀਆਂ ਵਿਚ ਅਗਾਂਹ ਵਧ ਕੇ ਜੋਸ਼ੀਲੇ ਜਜਬੇ ਨਾਲ ਹਿੱਸਾ ਲੈਂਦੇ ਰਹੇ । ਉਸਤਾਦ ਭਾਈ ਬਜਰ ਸਿੰਘ ਨੇ ਦਸਮੇਸ਼ ਪਿਤਾ ਦੇ ਹੁਕਮ ਅਨੁਸਾਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜ ਕੇ ਸ਼ਸ਼ਤਰ ਵਿੱਦਿਆ ਸਿਖਾਉਣ ਵਾਲਾ ਅਖਾੜਾ ਕਾਇਮ ਕੀਤਾ ।

ਸਰਹਿੰਦ ਨੂੰ ਜਿੱਤਣ ਸਮੇਂ ਚੱਪੜਚਿੜੀ ਦੇ ਮੈਦਾਨ ਚ ਲੜੀ ਗਈ ਲਗੂ ਡੋਲਵੀਂ ਜੰਗ ਦੌਰਾਨ ਉਸਤਾਦ ਭਾਈ ਬਜਰ ਸਿੰਘ ਬੜੀ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋਇਆ । ਸ਼ਹੀਦ ਭਾਈ ਬਜਰ ਸਿੰਘ ਦੇ ਤਿਨ ਭਰਾ ਸਨ, ਭਾਈ ਜੀਤਾ ਸਿੰਘ, ਭਾਈ ਨੇਤਾ ਸਿੰਘ ਅਤੇ ਭਾਈ ਉਦੈ ਸਿੰਘ । ਭਾਈ ਬਜਰ ਸਿੰਘ ਦੀਆਂ ਅੱਖਾਂ ਸਾਹਮਣੇ ਭਾਈ ਜੀਤਾ ਸਿੰਘ ਅਤੇ ਭਾਈ ਨੇਤਾ ਸਿੰਘ ਸ੍ਰੀ ਨਿਰਮੋਹਗੜ ਦੀ ਜੰਗ ਦੌਰਾਨ ਸੰਨ 1700 ਵਿਚ ਸ਼ਹੀਦ ਹੋਏ ਸਨ । ਭਾਈ ਉਦੈ ਸਿੰਘ ਕਈ ਵਰੇ ਬਾਅਦ ਸੰਨ 1734 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਸ਼ਹੀਦ ਹੋਇਆ ਸੀ । ਬੀਬੀ ਭਿੱਖਾ ਸਿੰਘ ਦਾ ਤੀਜਾ ਪੁੱਤਰ ਭਾਈ ਬਾਘੜ ਸਿੰਘ ਸੰਨ 1740 ਵਿਚ ਸੂਬੇਦਾਰ ਜਕਰੀਆ ਖਾਨ ਦੇ ਸਮੇਂ ਲਾਹੌਰ ਵਿਚ ਸ਼ਹੀਦ ਹੋਇਆ ਸੀ ।

ਬੀਬੀ ਭਿੱਖਾ ਸਿੰਘ ਜੀ , ਅਤੇ ਉਹਨਾ ਦੇ ਸ਼ਹੀਦ ਪਰਿਵਾਰ ਨੂੰ ਕੋਟਾਨ ਕੋਟ ਸਜਦਾ …!

ਰਣਜੀਤ ਸਿੰਘ ਰਾਣਾ ਜੀ ਦੀ ਕਿਤਾਬ “ਹਜੂਰੀ ਸ਼ਹੀਦ” ਵਿੱਚੋਂ ।

kuljit Khosa