ਦੋ ਕੁ ਦਿਨ ਪਹਿਲਾਂ ਆਪਣੇ ਪੇਜ ਪੰਜ ਰੀਡਿੰਗ ਗਰੁੱਪ ਤੇ ਸਵਾਲ ਪੁੱਛਿਆ ਸੀ ਕਿ ਪਹਿਲੀ ਸਿੱਖ ਸ਼ਹੀਦ ਬੀਬੀ ਦਾ ਨਾਮ ਕੀ ਸੀ ? ਜਵਾਬ ਹੈ – ਬੀਬੀ ਭਿੱਖਾ ਸਿੰਘ ਜੀ ..! ਸੋ ਜਵਾਬ ਦੇ ਨਾਲ ਨਾਲ ਪਹਿਲੀ ਸਿੱਖ ਸ਼ਹੀਦ ਬੀਬੀ ਭਿੱਖਾ ਸਿੰਘ ਜੀ ਦਾ ਇਤਿਹਾਸ ਆਪ ਸਭ ਨਾਲ ਸਾਂਝਾ ਕਰਨਾ ਆਪਣਾ ਫਰਜ ਸਮਝਦੇ ਹਾਂ ..! ਸੋ ਸ਼ਹੀਦ ਬੀਬੀ ਭਿੱਖਾ ਸਿੰਘ ਜੀ ਦਾ ਇਤਿਹਾਸ ਦੋ ਭਾਗਾਂ ਵਿਚ ਸਾਂਝਾ ਕਰਾਂਗੇ ..! ਅੱਜ ਪਹਿਲਾ ਭਾਗ ਹਾਜਰ ਹੈ ..! ਜਰੂਰ ਪੜਿਉ ਤੇ ਅੱਗੇ ਸ਼ੇਅਰ ਵੀ ਕਰ ਦੇਣਾ । ਧੰਨਵਾਦ

ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ…!

ਬੀਬੀ ਭਿੱਖਾ ਸਿੰਘ ਜੀ

ਸ਼ਹੀਦ ਬੀਬੀ ਭਿੱਖਾ ਸਿੰਘ, ਗੁਰੂ ਘਰ ਦੇ ਅਨਿੰਨ ਸ਼ਰਧਾਲੂ ਸਿੱਖ, ਸ਼ਹੀਦ ਭਾਈ ਬਜਰ ਸਿੰਘ ਦੀ ਸਪੁੱਤਰੀ ਅਤੇ ਸ਼ਹੀਦ ਭਾਈ ਆਲਮ ਸਿੰਘ ਨੱਚਣਾ ਦੀ ਸੁਪਤਨੀ ਸੀ । ਸ਼ਹੀਦ ਬੀਬੀ ਭਿੱਖਾ ਸਿੰਘ ਦਾ ਪਿਤਾ ਵੀ ਸ਼ਹੀਦ, ਪਤੀ ਵੀ ਸ਼ਹੀਦ ਅਤੇ ਅਗਾਂਹ ਪੁੱਤਰ ਵੀ ਸ਼ਹੀਦ ਹੋਏ ਸਨ । ਸ਼ਹੀਦ ਬੀਬੀ ਭਿੱਖਾ ਸਿੰਘ ਦੇ ਦਾਦਕੇ, ਨਾਨਕੇ ਅਤੇ ਸਹੁਰਾ ਪਰਿਵਾਰ, ਕਈ ਕਈ ਪੀੜ੍ਹੀਆਂ ਤੋਂ ਅਨਿੰਨ ਸ਼ਰਧਾਲੂ ਸਿੱਖਾਂ ਵਜੋਂ ਗੁਰੂ ਘਰ ਨਾਲ ਜੁੜੇ ਹੋਏ ਸਨ । ਬੀਬੀ ਭਿੱਖਾ ਸਿੰਘ ਦਾ ਪੜਦਾਦਾ ਭਾਈ ਸੁਖੀਆ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਮਹਿਰਾਜ ਦੀ ਜੰਗ ਵਿਚ ਸ਼ਹੀਦ ਹੋਇਆ ਸੀ । ਭਾਈ ਸੁਖੀਆ ਦਾ ਪਿਤਾ ਭਾਈ ਮਾਂਡਨ, ਸ੍ਰੀ ਗੁਰੂ ਹਰਗੋਬਿੰਦਪੁਰੇ ਦੀ ਜੰਗ ਵੇਲੇ ਬੜੀ ਬਹਾਦਰੀ ਨਾਲ ਲੜਦਿਆਂ ਸਖਤ ਜ਼ਖਮੀ ਹੋਇਆ ਸੀ । ਭਾਈ ਸੁਖੀਏ ਦਾ ਇਕ ਭਰਾ ਬਿਹਾਰੀ ਵੀ ਸ੍ਰੀ ਹਰਗੋਬਿੰਦਪੁਰ ਦੀ ਜੰਗ ਵਿਚ ਬਹਾਦਰੀ ਨਾਲ ਲੜਦਾ ਜਖਮੀ ਹੋਇਆ ਸੀ ! ਭਾਈ ਸੁਖੀਏ ਦੀ ਸ਼ਹਾਦਤ ਦਾ ਵੇਰਵਾ ‘ਭੱਟ ਵਹੀ ਮੁਲਤਾਨੀ ਸਿੰਧੀ’ ਵਿਚ ਵੀ ਅੰਕਿਤ ਹੈ ।

ਸ਼ਹੀਦ ਭਾਈ ਸੁਖੀਆ ਦਾ ਪੁੱਤਰ ਭਾਈ ਰਾਮਾ ਸੀ ਅਤੇ ਭਾਈ ਰਾਮਾ ਦਾ ਸਪੁੱਤਰ ਭਾਈ ਬਜਰ ਸਿੰਘ ਸੀ । ਭਾਈ ਬਜਰ ਸਿੰਘ ਸ਼ਸ਼ਤਰ ਵਿੱਦਿਆ ਦਾ ਏਨਾ ਮਾਹਿਰ ਸੀ ਕਿ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲ ਗੋਬਿੰਦ ਰਾਏ ਨੂੰ ਸ਼ਸ਼ਤਰ ਵਿੱਦਿਆ ਸਿਖਾਉਣ ਦੀ ਜੁੰਮੇਵਾਰੀ ਇਸਨੂੰ ਸੌਂਪੀ ਸੀ । ਭਾਈ ਬਜਰ ਸਿੰਘ ਨੇ ਬਾਲ ਗੋਬਿੰਦ ਰਾਏ ਨੂੰ ਸ਼ਸ਼ਤਰ ਵਿੱਦਿਆ ਸਿਖਾਉਂਦਿਆਂ , ਆਪਣੀ ਲਾਡਲੀ ਪੁੱਤਰੀ ਬੀਬੀ ਭਿੱਖਾ ਨੂੰ ਵੀ ਸ਼ਸ਼ਤਰ ਵਿੱਦਿਆ ਵਿਚ ਨਿਪੁੰਨ ਕੀਤਾ ਸੀ । ਸ਼ਸ਼ਤਰ ਵਿੱਦਿਆ ਦੇ ਉਸਤਾਦ ਦੀ ਪੁੱਤਰੀ ਹੋਣ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੀਬੀ ਭਿੱਖਾ ਨੂੰ ਆਪਣੀ ਵੱਡੀ ਭੈਣ ਵਾਂਗ ਸਤਿਕਾਰਦੇ ਸਨ । ਕਲਗੀਧਰ ਪਾਤਸ਼ਾਹ ਨੇ ਆਪ ਬੀਬੀ ਭਿੱਖਾ ਦਾ ਆਨੰਦ ਕਾਰਜ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਸੂਰਬੀਰ ਯੋਧੇ ਭਾਈ ਆਲਮ ਸਿੰਘ ਨੱਚਣਾ ਨਾਲ ਕਰਵਾਇਆ ਸੀ ।

ਭਾਈ ਆਲਮ ਸਿੰਘ ਨੱਚਣਾ ਦਾ ਪਰਿਵਾਰ ਵੀ ਕਈ ਪੀੜੀਆਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ । ਇਸ ਪਰਿਵਾਰ ਦਾ ਵਡੇਰਾ, ਭਾਈ ਕਿਸ਼ਨਾ ਚੌਹਾਨ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਕਰਤਾਰਪੁਰ ਦੀ ਜੰਗ ਵਿਚ ਸ਼ਹੀਦ ਹੋਇਆ ਸੀ । ਇਹ ਪਰਿਵਾਰ ਸਿਆਲਕੋਟ ਦੇ ਨੇੜੇ ਪਿੰਡ ਦਬੁਰਜੀ ਦਾ ਰਹਿਣ ਵਾਲਾ ਸੀ । ਸ਼ਹੀਦ ਭਾਈ ਕਿਸ਼ਨਾ ਚੌਹਾਨ ਦਾ ਪੁੱਤਰ ਭਾਈ ਦੁਰਗਾ ਚੌਹਾਨ ਗੁਰੂ ਘਰ ਵੱਲੋਂ ਨਾਮਜ਼ਦ ਕੀਤਾ ਜਿਲ੍ਹਾ ਸਿਆਲਕੋਟ ਦਾ ਮੁਖੀ ਮਸੰਦ ਸੀ । ਭਾਈ ਦੁਰਗਾ ਚੌਹਾਨ ਦਾ ਪੁੱਤਰ ਭਾਈ ਆਲਮ ਸਿੰਘ ਨੱਚਣਾ ਸੀ । ਭਾਈ ਆਲਮ ਸਿੰਘ ਜੀ ਨੂੰ “ਨੱਚਣਾ” ਦਾ ਖਿਤਾਬੀ ਨਾਂ ਕਲਗੀਧਰ ਪਾਤਸ਼ਾਹ ਵੱਲੋਂ ਇਸਦੀ ਚੁਸਤੀ ਫੁਰਤੀ ਅਤੇ ਲਚਕੀਲੇ ਸਰੀਰ ਨੂੰ ਵੇਖ ਕੇ ਦਿੱਤਾ ਗਿਆ ਸੀ ।

ਦਸਵੇਂ ਪਾਤਸ਼ਾਹ ਦੇ ਆਦੇਸ਼ ਅਨੁਸਾਰ ਭਾਈ ਬਜਰ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਸ਼ਤਰ ਵਿੱਦਿਆ ਦਾ ਅਖਾੜਾ ਸ੍ਰੀ ਅਨੰਦਪੁਰ ਸਾਹਿਬ ਛੱਡਣ ਵੇਲੇ ਤੱਕ ਕਾਇਮ ਰੱਖਿਆ ਅਤੇ ਬਹੁਤ ਵੱਡੀ ਗਿਣਤੀ ਵਿਚ ਸਿੰਘਾਂ ਨੂੰ ਅਸਤਰ ਸ਼ਸ਼ਤਰ ਚਲਾਉਣ ਦੀਆਂ ਬਾਰੀਕੀਆਂ ਸਮਝਾ ਕੇ ਖਾਲਸਾ ਫੌਜ ਦਾ ਮਾਣਯੋਗ ਹਿੱਸਾ ਬਣਾਇਆ । ਦਸਵੇਂ ਪਾਤਸ਼ਾਹ ਦੇ ਹੁਕਮ ਅਨੁਸਾਰ ਬੀਬੀ ਭਿੱਖਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਬੀਆਂ ਨੂੰ ਸ਼ਸ਼ਤਰ ਵਿੱਦਿਆ ਸਿਖਾਉਣ ਲਈ ਵੱਖਰਾ ਅਖਾੜਾ ਕਾਇਮ ਕੀਤਾ ।

ਜਦੋਂ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਾਹੁਲ ਵਰਤਾਈ ਤਾਂ ਬੀਬੀ ਭਿੱਖਾ ਨੇ ਆਪਣੇ ਪਤੀ ਭਾਈ ਆਲਮ ਸਿੰਘ ਨੱਚਣਾ ਅਤੇ ਤਿੰਨ ਪੁੱਤਰਾਂ ਦੇ ਨਾਲ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਬੀਬੀ ਭਿੱਖਾ ਦੇ ਸ਼ਸ਼ਤਰ ਬਸਤਰ ਕਿਉਂਕਿ ਮਰਦਾਵੇਂ ਹੋਇਆ ਕਰਦੇ ਸਨ, ਉਸਦਾ ਉਠਣਾ ਬੈਠਣਾ ਸੂਰਬੀਰ ਯੋਧਿਆ ਵਾਲਾ ਸੀ ਅਤੇ ਬੋਲ ਚਾਲ ਵੀ ਪੂਰੀ ਰੜਕ ਮੜ੍ਹਕ ਵਾਲੀ ਸੀ ਇਸ ਲਈ ਅੰਮ੍ਰਿਤ ਛਕਣ ਉਪਰੰਤ ਉਸਦੇ ਨਾਮ ਨਾਲ ਕੌਰ ਦੀ ਬਜਾਏ ਸਿੰਘ ਲਫਜ਼ ਵਰਤਿਆ ਗਿਆ । ਇੰਝ ਉਹ ਸਿੱਖ ਇਤਿਹਾਸ ਵਿਚ ਬੀਬੀ ਭਿੱਖਾ ਸਿੰਘ ਦੇ ਤੌਰ ਤੇ ਜਾਣੀ ਗਈ ।

ਜਾਣਕਾਰੀ ਸ੍ਰੋਤ – ਰਣਜੀਤ ਸਿੰਘ ਰਾਣਾ ਜੀ ਦੀ ਕਿਤਾਬ “ਹਜੂਰੀ ਸ਼ਹੀਦ” ਵਿੱਚੋਂ …

ਬਾਕੀ ਅਗਲੇ ਭਾਗ ਵਿਚ………..!

Kuljit Khosa