ਵੱਡੀ ਕੋਠੀ ਵਿੱਚ ਝਾੜੂ ਪੋਚਾ ਲਾਉਣ ਪਹੁੰਚੀ ਨੇ ਅਜੇ ਆਪਣੀ ਚੁੰਨੀ ਲਾਹ ਕੇ ਪਾਸੇ ਤੇ ਰੱਖੀ ਹੀ ਸੀ ਕੇ ਵੱਡੀ ਸਰਦਾਰਨੀ ਕੋਲ ਆ ਪਲਾਸਟਿਕ ਦਾ ਇੱਕ ਡੱਬਾ ਫੜਾਉਂਦੀ ਹੋਈ ਆਖਣ ਲੱਗੀ ਕੇ “ਨੀ ਬੀਰੋ ਆਹ ਲੈ ਨੀ ਅੜੀਏ ਥੋੜੇ ਜਿਹੇ ਬਦਾਮ..ਘਰੇ ਲੈ ਜਾਵੀਂ…ਤੇਰੇ ਪੁੱਤ ਨੇ ਹਾਈ ਸਕੂਲ ਵਿਚ ਦਾਖਿਲਾ ਲਿਆ..ਦੋ ਬਦਾਮ ਰੋਜ ਨਿਰਣੇ ਕਾਲਜੇ ਭਿਓਂ ਕੇ ਖੁਆ ਦਿਆ ਕਰੀਂ…ਦਿਮਾਗ ਤੇਜ ਹੋਊ ਤੇ ਨਾਲੇ ਅਕਲ ਵੀ ਆਊ..ਸੁਣਿਆਂ ਅੱਗੋਂ ਬਹੁਤ ਬੋਲਦਾ ਅੱਜ ਕੱਲ ਤੇਰੇ”

ਹੱਕੀ ਬੱਕੀ ਹੋਈ ਕਦੀ ਸਰਦਾਰਨੀ ਜੀ ਵੱਲ ਤੇ ਕਦੇ ਪਲਾਸਟਿਕ ਦੇ ਡੱਬੇ ਵੱਲ ਦੇਖੀ ਜਾ ਰਹੀ ਸੀ ਅਤੇ ਨਾਲ ਹੀ ਸੋਚ ਰਹੀ ਸੀ ਕੇ ਅੱਜ ਸੂਰਜ ਦੱਖਣ ਵੱਲੋਂ ਕਿੱਦਾਂ ਉੱਗ ਆਇਆ..?

ਅਚਾਨਕ ਉਸਦਾ ਧਿਆਨ ਡੱਬੇ ਹੇਠ ਬਦਾਮਾਂ ਥੱਲੇ ਪਏ ਭੂਰ-ਚੂਰ ਵਿਚ ਤੁਰੇ ਫਿਰਦੇ ਨਿੱਕੇ ਨਿੱਕੇ ਸੁੰਡ-ਕੀੜਿਆਂ ਵੱਲ ਗਿਆ ਤਾਂ ਸਾਰੀ ਕਹਾਣੀ ਸਮਝ ਪੈ ਗਈ..

ਓਸੇ ਵੇਲੇ ਇਹ ਆਖਦਿਆਂ ਹੋਇਆਂ ਡੱਬਾ ਉਂਝ-ਦਾ ਉਂਝ ਹੀ ਵਾਪਿਸ ਕਰ ਦਿੱਤਾ ਕੇ “ਬੀਬੀ ਜੀ ਇਹਨਾਂ ਬਦਾਮਾਂ ਦੀ ਜਿਆਦਾ ਲੋੜ ਤੁਹਾਡੇ ਵਰਗੇ ਵੱਡੇ ਲੋਕਾਂ ਨੂੰ ਏ…ਸਾਡੇ ਜੁਆਕਾਂ ਨੂੰ ਤਾਂ ਇਹ ਜੈ ਖਾਣੀ ਅਕਲ ਬਦਾਮ ਖਾਣ ਨਾਲ ਨਹੀਂ ਸਗੋਂ ਧੋਖੇੇ ਖਾ-ਖਾ ਕੇ ਹੀ ਆਉਂਦੀ ਏ!

ਹਰਪ੍ਰੀਤ ਸਿੰਘ ਜਵੰਦਾ