#ਸ਼ਹੀਦੀ_ਹਫਤਾ

ਪਹਿਲੀ ਸ਼ਹੀਦ ਸਿੱਖ ਬੀਬੀ …!

ਸ੍ਰੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਕੇ ਤੁਰਿਆ ਮਰਜੀਵੜਿਆਂ ਦਾ ਕਾਫ਼ਲਾ, ਜਦੋਂ ਨਿਰਮੋਹਗੜ੍ਹ ਲੰਘ ਕੇ ਪਿੰਡ ਝੱਖੀਆਂ ਦੀ ਜੂਹ ਵਿਚ ਪੁੱਜਾ ਤਾਂ ਮੁਗਲ ਅਤੇ ਪਹਾੜੀ ਫੌਜਾਂ ਨੇ ਸਭ ਕਸਮਾਂ ਤੋੜ ਕੇ ਬੜਾ ਸਖਤ ਹੱਲਾ ਬੋਲ ਦਿੱਤਾ । ਇੱਥੇ ਹੋਈ ਗਹਿਗੱਚ ਲੜਾਈ ਦੌਰਾਨ ਬੀਬੀ ਭਿੱਖਾ ਜੀ ਨੇ ਸੈਂਕੜੇ ਵੈਰੀਆਂ ਨੂੰ ਪਾਰ ਬੁਲਾ ਕੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਚ ਪਹਿਲੀ ਸ਼ਹੀਦ ਸਿੱਖ ਬੀਬੀ ਹੋਣ ਦਾ ਮਾਣ ਹਾਸਿਲ ਕੀਤਾ । ਬੀਬੀ ਭਿੱਖਾ ਜੀ, ਗੁਰੂ ਘਰ ਦੇ ਅਨਿੰਨ ਸੇਵਕ ਭਾਈ ਬਜਰ ਸਿੰਘ ਜੀ ਦੀ ਸਪੁੱਤਰੀ ਅਤੇ ਭਾਈ ਆਲਮ ਸਿੰਘ ਨੱਚਣਾ ਜੀ ਦੀ ਸੁਪਤਨੀ ਸਨ । ਭਾਈ ਬਜਰ ਸਿੰਘ ਜੀ ਤੋਂ ਹੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਬੀਬੀ ਭਿੱਖਾ ਜੀ ਨੇ ਇਕੱਠਿਆਂ ਹੀ ਸ਼ਸ਼ਤਰ ਵਿੱਦਿਆ ਹਾਸਿਲ ਕੀਤੀ ਸੀ । ਸਿੱਖ ਇਤਿਹਾਸ ਵਿਚ ਬੀਬੀ ਭਿੱਖਾ ਜੀ ਨੂੰ “ਸਿੰਘ” ਦੇ ਨਾਮ ਨਾਲ ਵੀ ਸਤਿਕਾਰਿਆ ਗਿਆ ਹੈ । ਸਰਸਾ ਨਦੀ ਦੇ ਕੰਢੇ ਹਮਲਾਵਰ ਮੁਗਲ ਫੌਜਾਂ ਨਾਲ ਲੜਦਿਆਂ ਬੀਬੀ ਭਿੱਖਾ ਜੀ ਤਾਂ ਸ਼ਹਾਦਤ ਪ੍ਰਾਪਤ ਕਰ ਗਏ ਪਰ ਆਪ ਜੀ ਦਾ ਮਰਜੀਵੜਾ ਪਤੀ ਭਾਈ ਆਲਮ ਸਿੰਘ ਨੱਚਣਾ, ਸੂਰਬੀਰ ਦਿਉਰ ਭਾਈ ਬੀਰ ਸਿੰਘ ਤੇ ਦੋ ਬਹਾਦਰ ਪੁੱਤਰ ਭਾਈ ਮੋਹਰ ਸਿੰਘ ਤੇ ਭਾਈ ਅਮੋਲਕ ਸਿੰਘ ਹਮਲਾਵਰ ਫੌਜਾਂ ਨੂੰ ਲਤਾੜਦੇ ਹੋਏ ਕਲਗੀਧਰ ਪਾਤਸ਼ਾਹ ਨਾਲ ਚਮਕੌਰ ਦੀ ਗੜ੍ਹੀ ਵਿਚ ਪੁੱਜੇ ਅਤੇ ਇਥੇ ਹੀ ਮੁਗਲ ਫੌਜਾਂ ਨਾਲ ਜੂਝਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ…! ਬੀਬੀ ਭਿੱਖਾ ਜੀ ਦਾ ਪਿਤਾ ਸ਼ਸ਼ਤਰ ਵਿੱਦਿਆ ਦਾ ਉਸਤਾਦ ਭਾਈ ਬਜਰ ਸਿੰਘ ਅਤੇ ਬੀਬੀ ਜੀ ਦਾ ਤੀਜਾ ਪੁੱਤਰ ਭਾਈ ਬਾਘੜ ਸਿੰਘ ਰਾਤ ਦੇ ਹਨੇਰੇ ਚ ਉਛਲੀ ਹੋਈ ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਸਿੰਘਾਂ ਦੇ ਜਥੇ ਨਾਲੋਂ ਵਿੱਛੜ ਗਏ ਸਨ । ਅਤੇ ਅਗਾਹ ਵਾਲੀਆਂ ਸਿੱਖ ਸਰਗਰਮੀਆਂ ਚ ਅਗਾਂਹ ਵਧ ਕੇ ਹਿੱਸਾ ਲੈਂਦੇ ਰਹੇ । ਭਾਈ ਬਜਰ ਸਿੰਘ ਜੀ ਸਰਹਿੰਦ ਨੂੰ ਜਿੱਤਣ ਸਮੇਂ ਚੱਪੜਚਿੜੀ ਦੇ ਮੈਦਾਨ ਚ ਲੜੀ ਗਈ ਲਹੂ ਡੋਲਵੀਂ ਲੜਾਈ ਵਿਚ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਅਤੇ ਭਾਈ ਬਾਘੜ ਸਿੰਘ ਸੰਨ 1740 ਵਿਚ ਜਕਰੀਆ ਖਾਂ ਦੇ ਸਮੇਂ ਲਾਹੌਰ ਵਿਚ ਸ਼ਹੀਦ ਹੋਇਆ । ਇਸ ਤਰਾਂ ਬੀਬੀ ਭਿੱਖਾ ਜੀ ਦਾ ਪੂਰਾ ਪਰਿਵਾਰ ਗੁਰੂ ਘਰ ਤੋਂ ਕੁਰਬਾਨ ਹੋ ਗਿਆ ।

ਸਰਸਾ ਨਦੀ ਦੇ ਕੰਢੇ ਤੇ ਮੁਗਲ ਫੌਜ ਨਾਲ ਹੋਈ ਗਹਿਗੱਚ ਲੜਾਈ ਦੌਰਾਨ ਬੀਬੀ ਭਿੱਖਾ ਜੀ ਸਮੇਤ ਸ਼ਹੀਦ ਹੋਣ ਵਾਲੇ ਸੈਂਕੜੇ ਸਿੰਘਾਂ ਦੇ ਨਾਵਾਂ ਥਾਵਾਂ ਦਾ ਭਾਵੇਂ ਬਹੁਤਾ ਵੇਰਵਾ ਨਹੀ ਮਿਲਦਾ , ਪਰ ਜਿਨ੍ਹਾਂ ਗਿਣਤੀ ਦੇ ਸ਼ਹੀਦਾਂ ਦਾ ਵਰਨਣ ਮਿਲਦਾ ਹੈ, ਉਨ੍ਹਾਂ ਵਿਚ ਬੀਬੀ ਭਿੱਖਾ ਜੀ ਦਾ ਨਾਂ ਸ਼ਾਮਿਲ ਹੈ । ਭੱਟ ਵਹੀ ਮੋਹਰਾਂ ਵਾਲੀ ਵਿਚ ਬੀਬੀ ਭਿੱਖਾ ਜੀ ਦੇ ਜੰਗ ਵਿਚ ਜੂਝ ਕੇ ਸ਼ਹੀਦ ਹੋਣ ਦਾ ਜ਼ਿਕਰ ਇਉਂ ਕੀਤਾ ਗਿਆ ਹੈ :

ਭਿਖਾ ਦੇਈ ਬੇਟੀ ਬਜਰ ਸਿੰਘ ਕੀ, ਪੋਤੀ ਰਾਮੇ ਕੀ, ਪੋਖ ਮਾਸੇ ਦਿਨ ਸਤ, ਸੰਮਤ ਸਤਰਾਂ ਸੈ ਬਾਸਠ, ਨੰਗਲ ਗੁਜਰਾ ਕੇ ਮਲ੍ਹਾਨ, ਏਕ ਘਰੀ ਦਿਨ ਚੜ੍ਹੇ ਰਨ ਮੇਂ ਜੂਝ ਕਰ ਮਰੀ ।

ਰਣਜੀਤ ਸਿੰਘ ਰਾਣਾ ਜੀ ਦੀ ਕਿਤਾਬ “ਹਜੂਰੀ ਸ਼ਹੀਦ” ਵਿੱਚੋਂ ਧੰਨਵਾਦ ਸਹਿਤ …!

#ਕੁਲੀਜਤ_ਸਿੰਘ_ਖੋਸਾ