ਏਸ ਪਿੰਡ ਦਾ ਪਹਿਲਾ ਨਾਮ ਮਾਖੋਵਾਲ ਸੀ। ਮਾਖੇ ਦੈਂਤ ਦਾ ਪਿੰਡ ਮਾਖੋਵਾਲ। ਮਰ ਕੇ ਮਾਖਾ ਪ੍ਰੇਤ ਬਣ ਗਿਆ ਤੇ ਏਥੇ ਪਿੱਪਲ ‘ਤੇ ਰਹਿਣ ਲੱਗਾ ਤੇ ਇਹ ਪਿੰਡ ਪ੍ਰੇਤਾਂ ਨੇ ਉਜਾੜ ਛੱਡਿਆ। ਬਹੁਤ ਲੋਕਾਂ ਨੇ ਏਸ ਪਿੰਡ ਨੂੰ ਦੁਬਾਰਾ ਵਸਾਉਣ ਦੇ ਯਤਨ ਕੀਤੇ, ਪਰ ਮਾਖੇ ਅੱਗੇ ਕਿਸੇ ਦੀ ਨਾ ਚੱਲੀ। ਸਭ ਉਸ ਨੇ ਮਾਰ ਛੱਡੇ।

ਹੁਣ ਨੌਵੇਂ ਸਤਿਗੁਰਾਂ ਅੱਗੇ ਮਾਖੇ ਦਾ ਕੋਈ ਜ਼ੋਰ ਨਾ ਚੱਲੇ। ‘ਉਹਨਾਂ’ ਲੋਕਾਂ ਦੇ ਅੰਦਰ ਦੇ ਪ੍ਰੇਤ ਮਾਰ ਛੱਡੇ ਸਨ ਜੋ ਲੁਕੇ ਬੈਠੇ ਸਨ, ਮਾਖਾ ਤਾਂ ਫੇਰ ਦਿਖਾਈ ਦਿੰਦਾ ਸੀ। ਮਾਖੇ ਨੇ ਆ ਸਤਿਗੁਰਾਂ ਦੇ ਚਰਨਾ ਵਿਚ ਬੇਨਤੀ ਕੀਤੀ, “ਸੱਚੇ ਪਾਤਸ਼ਾਹ, ਤੁਸਾਡੇ ਸਿਖ ਜੋ ਬਾਣੀ ਪੜ੍ਹਦੇ ਨੇ, ਅਸਾਤੋਂ ਜਰ ਨਹੀਂ ਹੁੰਦੀ। ਬਾਣੀ ਸਾਨੂੰ ਸਾਡੀ ਕਰੂਪਤਾ ਪ੍ਰਤੱਖ ਕਰਦੀ ਹੈ। ਸਾਤੋਂ ਏਥੇ ਰਹਿ ਨਹੀਂ ਹੁੰਦਾ। ਤੁਸੀਂ ਹੁਕਮ ਕਰੋ ਅਸੀਂ ਹੁਣ ਕਿੱਥੇ ਜਾ ਵੱਸੀਏ….”

“ਤੁਸੀਂ ਭਾਈ ਸਰਹੰਦ ਚਲੇ ਜਾਓ”, ਹੱਥ ਜੋੜ ਕੇ ਖਲੋਤੇ ਮਾਖੇ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਕਹਿਣ ਲੱਗੇ, “ਸਰਹੰਦ ਦੇ ਆਸ ਪਾਸ ਰਹੋ ਭਾਈ। ਗਿਰਝਾ ਉੱਡੀਆਂ ਫਿਰਦੀਆਂ ਨੇ ਸਰਹੰਦ ‘ਤੇ। ਬੇਅੰਤ ਹਵੇਲੀਆਂ ਸੁੰਨੀਆਂ ਹੋਣਗੀਆਂ ਓਥੇ…. ਤੁਸੀਂ ਉਥੇ ਜਾ ਰਹੋ….”

…ਤੇ ਮਹਾਰਾਜ ਨੇ ਮਾਖੋਵਾਲ ਦਾ ਨਾਮ ‘ਅਨੰਦਪੁਰ’ ਪਾ ਦਿੱਤਾ, ਜਿਸ ਨੂੰ ਛੱਡ ਕੇ ਅੱਜ ‘ਸੱਚਾ ਪਾਤਸ਼ਾਹ ਜਾ ਰਿਹਾ ਸੀ…..

“ਸਰਸਾ ਤੇ ਮਾਛੀਵਾੜਾ ਅਸਾਨੂੰ ਉਡੀਕ ਰਹੇ ਨੇ ਭਾਈ….” ਉਹਨਾਂ ਭਾਈ ਦਿਆਲਾ ਜੀ ਨੂੰ ਬਸ ਏਨਾ ਕਿਹਾ………

ਅਨੁਵਾਦ ~ ਜਗਦੀਪ ਸਿੰਘ ਫ਼ਰੀਦਕੋਟ