ਲੰਮੀਆਂ ਰਾਤਾਂ….ਮੂੰਹ ਨੇਰੇ ਪਾਠੀ ਸਿੰਘ ਦੀ ਸਪੀਕਰ ਚ ‘ਫਤਿਹ’….ਜਨੌਰਾਂ ਦਾ ਚਿਰਰਰੜ੍ੜੜ ਸੁਣਦੀ ਵਾਜ….ਕਿਤੇ ਡੂੰਘੇ ਜੇ ਪਸ਼ੂਆਂ ਦੇ ਗਲ ਸੰਗਲਾਂ ਦਾ ਖੜਾਕ…ਕੱਚਾ ਵੇਹੜ੍ਹਾ ਹੂੰਝਦੀਆਂ ਮਾਈਆਂ ਦੀਆਂ ਬੌਕਰਾਂ….ਫੇਰ ਮੱਠਾ ਮੱਠਾ ਨਿਕਲਦਾ ਸਵੇਰ ਦਾ ਸੂਰਜ… ਚਿੜ੍ਹੀਆਂ ਘੁੱਗੀਆਂ ਗਟਾਰਾ….ਲੋਈਆਂ ਲਈ ਧੂਈਂ ਤੇ ਖੜੇ ਮੱਘਰ ਬਚਨੇ ਤਾਏ ਅਰਗੇ…. ਖੇਤਾਂ ਨੂੰ ਜਾਂਦੇ ਟਰੈਕਟ….ਕਿਤੇ ਸੰਨ੍ਹੀ ਨੀਰਾ ਤੂੜ੍ਹੀ ਰਲਦੇ ਹੱਥ…. ਕਿਤੇ ਚੁੱਲੇ ਤੇ ਗਰਮ ਹੁੰਦਾ ਤਵਾ …..ਤੇ ਗਰਮ ਤਵੇ ਦੀ ਹਿੱਕ ਤੇ ਪੱਕਦੀਆਂ ਰੋਟੀਆਂ…. ਮੋਢੇ ਤੇ ਕਸੌਲੀ ਚੱਕੀ ਤੁਰੇ ਜਾਂਦੇ ਦਿਹਾੜ੍ਹੀਏ….ਤੇ ਟਰਾਲੀ ਚ ਛਟੀਆਂ ਵਾਸਤੇ ਲਾਸ੍ਹ ਰੱਸਾ…. ਰੋਟੀ ਆਓਣ ਤੋਂ ਪੈਹਲਾਂ ਭਰੀ ਛਟੀਆਂ ਪੱਟਕੇ ਟਰਾਲੀ …. ਛਾਬੇ ਚ ਰੋਟੀਆਂ….ਸਾਗ ਤੇ ਚਿੱਬੜ੍ਹਾਂ ਦੀ ਚਟਣੀ ਨਾਲ ਲੱਸੀ ਆਲਾ ਡੋਲੂ….ਕਿਤੇ ਗੂੰਜਦੇ ਕਣਕਾਂ ਬੀਜਦੇ ਟਰੈਕਟ…ਵੱਜਦੇ ਡੈੱਕ….ਛਟੀਆਂ ਦੀ ਭਰੀ ਟਰਾਲੀ ਲਈ ਆਓਂਦਾ ਤਾਏਆ ਤੇ ਦਸ ਬਾਰਾਂ ਕਰਮਾਂ ਦੀ ਦੂਰੀ ਤੇ ਜਾਣ ਪਛਾਣ ਆਲੇ ਬੰਦੇ ਨੂੰ ਹੱਥ ਚੱਕਕੇ ਸਲਾਮਤੀ ਦਾ ਇੱਸ਼ਾਰਾ…. ਗਿਆਰਾਂ ਆਲੀ ਚਾਹ ਦਾ ਟੈਮ ਤੇ ਕੱਠੇ ਹੁੰਦੇ ਛੌਰ…. ਪਿੰਡ ਸਪੀਕਰ ਚ ਸੁਣਦੀਆਂ ਲਾਵਾਂ ਦੀ ਵਾਜ ਤੇ ਝੱਟ ਯਾਦ ਆਓਣਾ… .” ਫਲਾਣੇਆ ਦੇ ਵਿਆਹ ਸੀ…ਕਾਰਡ ਬੀ ਆਏਆ ਸੀ…ਥੋਡੀ ਭੈਣਨੇਓ ਭੁੱਲਗੇ ਓਏ…” … ਸਾਡੇ ਅਰਗੇ ਨੂੰ ਬਿਠਾ ਟਰੈਕਟ ਤੇ ਤਾਏ ਨੇ ਪਾ ਚਿੱਟਾ ਕੁੜ੍ਹਤਾ ਪਜਾਮਾ ਤੇ ਬੰਨ ਖੱਬੇ ਹੱਥ ਦੀ ਪੱਗ ਝੱਟ ਅਗਲੇ ਦੇ ਸਲਾਮੀ ਫੜਾ ਭਾਓਂਦੇ ਪੈਰੀਂ ਮੁੜ੍ਹਨਾ…. ਖੇਤ ਚ ਚੱਲਦੀ ਠੰਡੀ ਹਵਾ ਤੇ ਸੂਰਜ ਦੀ ਮੱਠੀ ਮੱਠੀ ਧੁੱਪ…. ਟਰੈਕਟ ਤੇ ਚੱਲਦੇ ਸਦੀਕ ਦੇ ਦੌਗਾਣੇ…. ” ਵੈਲੀਆਂ ਨੇ ਵੈਲ ਕਮਾਓਣੇ, ਸਾਡੀ ਕੇਹੜ੍ਹਾ ਮੰਗ ਛੁੱਟਜੂ..”…. ਸੁਣ ਸੁਣਕੇ ਲੋਰ ਚ ਛਟੀਆਂ ਆਲੀਆਂ ਪਾਤਾਂ ਪੱਟਣ ਦੀ ਜਿੱਦਾਈ…. ਟੈਮ ਦੋ ਤੋਂ ਚਾਰ ਵੱਜ ਜਾਣੇ…. ਦਿਨ ਦੀ ਢਲਾਈ…ਸੂਰਜ ਆਲੀ ਟਿੱਕੀ ਲਾਲੀ ਫੜ ਦਿਨ ਲੈ ਡੁੱਬਦੀ… ਗੁਰੂਘਰ ਸਪੀਕਰ ਚੋਂ ਬੋਲਦੇ ਵਿਆਹ ਆਲੇ ਘਰ ਦੁੱਧ ਦੀ ਬੇਨਤੀ… ਕਿਸੇ ਮਾਈ ਨੇ ਚੁੰਨੀ ਲੜ੍ਹ ਗੰਢ ਦੇਣੀ ਬੀ ਭੁੱਲ ਨਾ ਜਾਈਏ ਅਗਲੇ ਦੇ ਦੁੱਧ ਫੜਾਓਣਾ…. ਚੁੱਲੇ ਤੇ ਪੱਕਦੀਆਂ ਰੋਟੀਆਂ ਤੇ ਅੱਗ ਸੇਕਦਾ ਟੱਬਰ…ਨਿਆਣੇ ਸਿਆਣੇ….

ਫੇਰ ਨਵਾਂ ਦਿਨ… ਫੇਰ ਨਵੀਂ ਸਵੇਰ…. ” ਏੇਹੋ ਹਮਾਰਾ ਜੀਵਣਾ”…. ਚੜ੍ਹਦੇ ਸਿਆਲ…. ਏਹ ਪਿੰਡ ਬੋਲਦੇ ਨੇ…

~ ਰਮਨ ਦੀਪ ਬਰਾੜ