ਦਸਵੀਂ ਮਗਰੋਂ ਕਾਲਜ ਗਿਆ ਤਾਂ ਸਪਸ਼ਟ ਆਖ ਦਿੱਤਾ ਕੇ ਸੈਕਲ ਤੇ ਸੰਗ ਆਉਂਦੀ ਏ..ਬਾਪੂ ਜੀ ਨੇ ਪੀ ਐੱਫ ਚੋਂ ਰਕਮ ਕਢਵਾ ਕੇ ਹੀਰੋ-ਹਾਂਡਾ ਲੈ ਆਂਦਾ..

ਇੱਕ ਅਸੂਲ ਸੀ..ਪਾਟੀ ਬੁਨੈਣ ਅਤੇ ਜੁਰਾਬ ਕਦੀ ਵੀ ਨਹੀਂ ਸੀ ਪਾਉਣ ਦਿੰਦੇ..ਆਖਿਆ ਕਰਦੇ ਕੇ ਇਹ ਚੀਜਾਂ ਬਦਕਿਸਮਤੀ ਦੀ ਨਿਸ਼ਾਨੀ ਹੁੰਦੀਆਂ..!

ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਰਾਂ ਦੋਸਤਾਂ ਨਾਲ ਹੇਮਕੁੰਟ ਸਾਬ ਜਾਣ ਦਾ ਪ੍ਰੋਗਰਾਮ ਬਣ ਗਿਆ..

ਹਰੇਕ ਦੇ ਹਿੱਸੇ ਪੰਜ ਪੰਜ ਹਜਾਰ ਆਏ..!

ਘਰੇ ਆ ਕੇ ਗੱਲ ਕੀਤੀ…ਬਾਪੂ ਹੂਰੀ ਸੋਚੀ ਪੈ ਗਏ…ਦੋ ਮਹੀਨੇ ਮਗਰੋਂ ਭੈਣ ਦਾ ਵਿਆਹ ਜੂ ਧਰਿਆ ਗਿਆ ਸੀ!

ਓਹਨਾ ਬੈਠੇ ਬੈਠੇ ਹੀ ਬੂਟ ਲਾਹ ਮੰਜੇ ਥੱਲੇ ਵਾੜ ਦਿੱਤੇ ਤੇ ਮਗਰੋਂ ਖਿਆਲਾਂ ਵਿਚ ਡੁੱਬੇ ਹੋਏ ਬਾਹਰ ਨੂੰ ਤੁਰ ਗਏ..!

ਪਤਾ ਨੀ ਉਸ ਦਿਨ ਦਿਮਾਗ ਵਿਚ ਕੀ ਆਇਆ…ਬੂਟਾਂ ਅੰਦਰੋਂ ਜੁਰਾਬਾਂ ਕੱਢ ਲਈਆਂ..ਹੈਰਾਨ ਰਹਿ ਗਿਆ..ਉਂਗਲਾਂ ਤੋਂ ਸਾਰੀਆਂ ਪਾਟੀਆਂ ਪਾਈਆਂ ਸਨ…

ਨਾਲ ਲੱਗਦੇ ਅਲਮਾਰੀ ਵਿਚ ਪਈਆਂ ਬੁਨੈਣਾਂ ਤੇ ਵੀ ਝਾਤ ਮਾਰ ਲਈ…ਥਾਂ ਥਾਂ ਤੇ ਮੋਰੀਆਂ ਸਨ..ਕੱਪੜੇ ਕੱਢਦਿਆਂ ਹੇਠਾਂ ਡਿੱਗ ਪਈ ਪੱਗ ਵੀ ਧਿਆਨ ਨਾਲ ਦੇਖੀ..ਸਿਉਣ ਥਾਂ-ਥਾਂ ਤੋਂ ਉਧੜੀ ਪਈ ਸੀ..ਪਹੁੰਚਿਆਂ ਤੋਂ ਘਸੀਆਂ ਪੈਂਟਾਂ ਅਤੇ ਟਾਕੀਆਂ ਲੱਗੇ ਪੂਰਾਣੇ ਕੋਟ ਅਤੇ ਹੋਰ ਵੀ ਕਿੰਨਾ ਕੁਝ…

ਅਸਲੀਅਤ ਦੇਖ ਦਿਮਾਗ ਸੁੰਨ ਜਿਹਾ ਹੋ ਗਿਆ…ਲਗਿਆ ਜਿੱਦਾਂ ਮੇਰੀਆਂ ਸਾਰੀਆਂ ਬਦਕ਼ਿਸ੍ਮਤੀਆਂ ਉਸਨੇ ਕਿੰਨੇ ਚਿਰ ਤੋਂ ਆਪਣੇ ਵਜੂਦ ਤੇ ਲੈ ਰੱਖੀਆਂ ਹੋਣ..ਫੇਰ ਸਾਰਾ ਕੁਝ ਓੰਜ ਦਾ ਓੰਜ ਹੀ ਵਾਪਿਸ ਰੱਖ ਦਿੱਤਾ!

ਸ਼ਾਮੀ ਲਫਾਫੇ ਵਿਚ ਬੰਦ ਪੈਸੇ ਫੜਾਉਂਦਿਆਂ ਆਖਣ ਲੱਗਿਆ ਕੇ ਪੁੱਤ ਪਹਾੜੀ ਇਲਾਕਾ ਏ..ਮੋਟਰ ਸਾਈਕਲ ਧਿਆਨ ਨਾਲ ਚਲਾਇਓ!

ਅਗਲੇ ਦਿਨ ਜਦੋਂ ਨਵੀਆਂ ਜੁਰਾਬਾਂ,ਬੁਨੈਣਾਂ ਅਤੇ ਪੀਕੋ ਕੀਤੀਆਂ ਕਿੰਨੀਆਂ ਸਾਰੀਆਂ ਪੱਗਾਂ ਵਾਲਾ ਲਫਾਫਾ ਫੜਾਉਂਦਿਆਂ ਆਖ ਦਿੱਤਾ ਕੇ ਪ੍ਰੋਗਰਾਮ ਕੈਂਸਲ ਹੋ ਗਿਆ ਤਾਂ ਡਿੱਗਦੇ ਹੋਏ ਅਨੇਕਾਂ ਹੰਜੂ ਦੇਖ ਸੱਚ ਜਾਣਿਓਂ ਇੰਜ ਲਗਿਆ ਜਿੱਦਾਂ ਸੋ ਤੀਰਥਾਂ ਦੇ ਦਰਸ਼ਨ ਹੋ ਗਏ ਹੋਣ!

ਹਰਪ੍ਰੀਤ ਸਿੰਘ ਜਵੰਦਾ